ਆਸਟ੍ਰੇਲੀਆ ਦਾ ਫੈਮਿਲੀ ਵੀਜ਼ਾ ਲਗਵਾਉਣ ਦੇ ਨਾਂ ’ਤੇ ਠੱਗੇ 20 ਲੱਖ

01/12/2019 7:40:21 AM

ਕਪੂਰਥਲਾ,  (ਭੂਸ਼ਣ)-ਆਸਟ੍ਰੇਲੀਆ  ਦਾ ਫੈਮਿਲੀ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 20  ਲੱਖ ਰੁਪਏ ਦੀ ਰਕਮ ਠੱਗਣ  ਦੇ ਮਾਮਲੇ ’ਚ ਥਾਣਾ ਬੇਗੋਵਾਲ ਦੀ ਪੁਲਸ ਨੇ ਆਸਟ੍ਰੇਲੀਆ ਵਾਸੀ ਮਾਂ-ਬੇਟੇ ਸਮੇਤ 3 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।  ਫਿਲਹਾਲ ਕਿਸੇ  ਵੀ ਮੁਲਜ਼ਮ  ਦੀ ਗ੍ਰਿਫਤਾਰੀ ਨਹੀਂ ਹੋ ਸਕੀ।   ਜਾਣਕਾਰੀ   ਅਨੁਸਾਰ ਗੁਰਵਿੰਦਰ ਕੌਰ ਪਤਨੀ  ਲਖਵਿੰਦਰ ਸਿੰਘ  ਵਾਸੀ ਬੇਗੋਵਾਲ ਨੇ ਐੱਸ.  ਐੱਸ. ਪੀ. ਕਪੂਰਥਲਾ ਨੂੰ ਦਿੱਤੀ  ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ  ਨਾਲ ਵਿਦੇਸ਼ ’ਚ ਸੈਟਲ ਹੋਣਾ ਚਾਹੁੰਦੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਆਸਟ੍ਰੇਲੀਆ ਵਾਸੀ ਮਹਿੰਦਰ ਕੌਰ ਪਤਨੀ ਨਿਰਮਲ ਸਿੰਘ  ਅਤੇ  ਗੁਰਮੀਤ ਸਿੰਘ  ਪੁੱਤਰ ਦਲੀਪ ਸਿੰਘ  ਵਾਸੀ ਕਾਲੀਆ  ਕਾਲੋਨੀ ਜਲੰਧਰ  ਦੇ ਨਾਲ ਹੋਈ।  
ਇਸ  ਦੌਰਾਨ ਉਸ ਨੂੰ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਆਸਟ੍ਰੇਲੀਆ ਦਾ ਪੱਕਾ ਨਾਗਰਿਕ  ਹੈ ਅਤੇ ਉਹ ਵੀ ਆਪਣੇ ਬੇਟੇ  ਕੋਲ ਆਸਟ੍ਰੇਲੀਆ ਜਾਂਦੀ ਰਹਿੰਦੀ ਹੈ।  ਮਹਿੰਦਰ ਕੌਰ  ਨੇ ਉਸ ਨੂੰ ਦੱਸਿਆ ਕਿ ਉਸ ਦਾ ਬੇਟਾ ਪੱਕੇ ਤੌਰ ’ਤੇ ਫੈਮਿਲੀ ਵੀਜ਼ਾ ਲਗਵਾਉਂਦਾ ਹੈ।  ਜਿਸ ’ਤੇ ਉਹ ਮਹਿੰਦਰ ਸਿੰਘ  ਦੇ ਝਾਂਸੇ ’ਚ ਆ ਗਈ ਅਤੇ ਪਰਿਵਾਰ  ਦੇ ਤਿੰਨਾਂ ਮੈਂਬਰਾਂ  ਨੂੰ  ਪੱਕੇ ਤੌਰ ’ਤੇ ਆਸਟ੍ਰੇਲੀਆ ਭੇਜਣ  ਦੇ ਨਾਂ ’ਤੇ 20 ਲੱਖ ਰੁਪਏ ’ਚ ਸੌਦਾ ਤੈਅ ਹੋ ਗਿਆ।   ਇਸ ਦੌਰਾਨ ਮਹਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਲੜਕਾ ਹਰਮੀਤ ਸਿੰਘ ਦਸੰਬਰ 2017 ’ਚ ਭਾਰਤ ਆ ਰਿਹਾ ਹੈ ਅਤੇ ਉਹ ਭਾਰਤ ਆ ਕੇ ਉਸ  ਦੇ ਪਰਿਵਾਰ ਦਾ 2 ਮਹੀਨਿਆਂ  ਦੇ  ਅੰਦਰ-ਅੰਦਰ ਫੈਮਿਲੀ ਵੀਜ਼ਾ ਲਵਾ ਦੇਵੇਗਾ।  ਜਿਸ ਦੌਰਾਨ ਮਹਿੰਦਰ ਕੌਰ ਨੇ ਗੁਰਮੀਤ  ਸਿੰਘ  ਨਾਲ ਮਿਲ ਕੇ 5 ਲੱਖ ਰੁਪਏ ਦੀ ਰਕਮ ਤੇ ਉਸ ਦਾ ਅਤੇ ਉਸ  ਦੇ ਦੋਵਾਂ ਬੱਚੀਆਂ  ਦੇ ਪਾਸਪੋਰਟ ਲੈ ਲਏ।  ਜਿਸ ਦੌਰਾਨ ਉਸ ਨੇ ਕੁਝ ਦਿਨਾਂ  ਬਾਅਦ 5 ਲੱਖ ਰੁਪਏ  ਦੀ  ਹੋਰ ਰਕਮ ਮਹਿੰਦਰ ਕੌਰ ਨੂੰ  ਦੇ ਦਿੱਤੀ।  ਇਸ ਦੌਰਾਨ ਮਹਿੰਦਰ ਕੌਰ ਨੇ ਉਸ ਨੂੰ  ਝਾਂਸਾ ਦਿੱਤਾ ਕਿ ਉਸ ਦਾ ਪੁੱਤਰ ਵਿਆਹ ਕਰਵਾਉਣ  ਦੇ ਬਾਅਦ ਜਦੋਂ ਉਨ੍ਹਾਂ ਦਾ ਫੈਮਿਲੀ  ਵੀਜ਼ਾ ਲਗਵਾ ਦੇਵੇਗਾ ਤਾਂ ਉਨ੍ਹਾਂ ਤੋਂ ਬਾਕੀ 10 ਲੱਖ ਰੁਪਏ ਦੀ ਰਕਮ ਲੈ ਲਵੇਗੀ।  ਜਿਸ   ਦੌਰਾਨ ਦਸੰਬਰ 2017 ਵਿਚ ਹਰਮੀਤ ਸਿੰਘ  ਭਾਰਤ ਆ ਗਿਆ  ਅਤੇ ਜਨਵਰੀ 2018 ’ਚ  ਵਿਆਹ ਹੋ ਗਿਆ, ਵਿਆਹ ਤੋੋਂ ਬਾਅਦ ਹਰਮੀਤ ਸਿੰਘ  ਉਸ ਨੂੰ ਫੈਮਿਲੀ ਵੀਜ਼ਾ ਦੇਣ ਦਾ  ਝਾਂਸਾ  ਦਿੰਦਾ ਰਿਹਾ। ਜਿਸ ਦੌਰਾਨ ਹਰਮੀਤ ਸਿੰਘ ਨੇ 10 ਲੱਖ ਰੁਪਏ ਦੀ ਹੋਰ ਰਕਮ ਲੈ ਲਈ। 
ਇਸ  ਦੌਰਾਨ  ਜਦੋਂ ਉਨ੍ਹਾਂ ਦਾ ਕੰਮ ਨਹੀਂ ਹੋਇਆ ਤਾਂ ਉਸ ਨੇ ਮੁਲਜ਼ਮਾਂ  ’ਤੇ ਰਕਮ ਵਾਪਸੀ ਦਾ  ਦਬਾਅ ਪਾਇਆ,  ਜਿਸ ’ਤੇ ਉਸ ਨੂੰ ਮੁਲਜ਼ਮਾਂ  ਨੇ 10-10 ਲੱਖ ਰੁਪਏ  ਦੇ 2 ਚੈੱਕ  ਦੇ  ਦਿੱਤੇ।  ਜਿਸ  ਦੌਰਾਨ ਮੁਲਜ਼ਮ ਹਰਮੀਤ ਸਿੰਘ  ਤੇ ਉਸ ਦੀ ਮਾਤਾ ਮਹਿੰਦਰ ਕੌਰ ਉਨ੍ਹਾਂ  ਨੂੰ ਬਿਨਾਂ ਦੱਸੇ ਆਸਟ੍ਰੇਲੀਆ ਚਲੇ ਗਏ।  ਜਿਸ ਦੌਰਾਨ ਉਸ ਦੀ ਫੈਮਿਲੀ ਨੂੰ ਨਾ ਤਾਂ  ਆਸਟ੍ਰੇਲੀਆ ਦਾ ਵੀਜ਼ਾ ਦਿੱਤਾ ਗਿਆ ਅਤੇ ਨਾ ਹੀ 20 ਲੱਖ ਦੀ ਰਕਮ ਵਾਪਸ ਕੀਤੀ ਗਈ।  ਜਿਸ ’ਤੇ  ਉਸ ਨੇ ਇਨਸਾਫ ਲਈ ਐੱਸ. ਐੱਸ. ਪੀ. ਨੂੰ ਗੁਹਾਰ ਲਾਈ।  ਜਿਨ੍ਹਾਂ ਨੇ ਪੂਰੇ ਮਾਮਲੇ  ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ  ਸੰਧੂ ਨੂੰ ਜਾਂਚ  ਦੇ  ਹੁਕਮ ਦਿੱਤੇ ਜਾਂਚ  ਦੌਰਾਨ ਮਹਿੰਦਰ ਕੌਰ,  ਉਸ  ਦੇ ਬੇਟੇ ਹਰਮੀਤ ਸਿੰਘ  ਤੇ ਗੁਰਮੀਤ  ਸਿੰਘ  ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ।  ਜਿਸ  ਦੇ ਆਧਾਰ ’ਤੇ ਤਿੰਨਾਂ  ਮੁਲਜ਼ਮਾਂ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।