ਗਰੀਬ ਰੱਥ ਐਕਸਪ੍ਰੈੱਸ ਟਰੇਨਾਂ ਦੇ ਚੱਕੇ ਹੋਣਗੇ ‘ਜਾਮ’, ਦੌੜੇਗੀ ਹਮਸਫਰ ਐਕਸਪ੍ਰੈੱਸ ਪ੍ਰੀਮੀਅਮ

09/17/2018 6:49:03 AM

ਜਲੰਧਰ   (ਗੁਲਸ਼ਨ)-  ਟਰੇਨ ’ਚ ਘੱਟ ਪੈਸੇ ਦੇ ਕੇ ਏ. ਸੀ. ਦਾ ਮਜ਼ਾ ਲੈਣ ਵਾਲੇ ਯਾਤਰੀਅਾਂ  ਨੂੰ ਹੁਣ ਝਟਕਾ ਲੱਗੇਗਾ, ਕਿਉਂਕਿ ਰੇਲਵੇ ਨੇ ਹੁਣ ਗਰੀਬਾਂ ਦੀ ਕਹੀ ਜਾਣੀ ਵਾਲੀ ਗਰੀਬ ਰੱਥ ਐਕਸਪ੍ਰੈੱਸ ਟਰੇਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਸੂਤਰਾਂ ਮੁਤਾਬਕ ਰੇਲਵੇ ਦੇਸ਼ ਭਰ ’ਚ ਚੱਲਣ ਵਾਲੀਅਾਂ  ਸਾਰੀਅਾਂ ਗਰੀਬ ਰੱਥ ਐਕਸਪ੍ਰੈੱਸ ਟਰੇਨਾਂ ਅਗਲੇ ਮਹੀਨੇ ਤੋਂ ਬੰਦ ਕਰ ਦੇਵੇਗਾ। ਰੇਲਵੇ ਨੇ ਥ੍ਰੀ-ਟਿਅਰ ਤੋਂ ਵੀ ਘੱਟ ਕਿਰਾਏ ’ਚ ਏ. ਸੀ. ਟਰੇਨ ਗਰੀਬ ਰੱਥ ਟਰੇਨਾਂ ਨੂੰ ਬੰਦ ਕਰ ਕੇ ਉਸ ਦੀ ਜਗ੍ਹਾ ਹਮਸਫਰ ਟਰੇਨਾਂ ਨੂੰ ਪਟੜੀ ’ਤੇ ਉਤਾਰਨ ਦਾ ਫੈਸਲਾ ਕੀਤਾ ਹੈ ਪਰ ਰੇਲਵੇ ਦਾ ਇਹ ਫੈਸਲਾ ਯਾਤਰੀਅਾਂ ਦੀ ਜੇਬ ’ਤੇ ਬੋਝ ਵਧਾਏਗਾ।
ਸੂਤਰਾਂ ਮੁਤਾਬਕ ਰੇਲਵੇ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਅਗਲੀ 29 ਸਤੰਬਰ ਤੋਂ ਗਰੀਬ ਰੱਥ ਐਕਸਪ੍ਰੈੱਸ ਟਰੇਨਾਂ ਦੀ ਬੁਕਿੰਗ ਬੰਦ ਕਰ ਦਿੱਤੀ ਜਾਵੇਗੀ। ਰੇਲਵੇ ਨੇ ਸਭ ਤੋਂ ਪਹਿਲਾਂ ਦਿੱਲੀ-ਚੇਨਈ ਰੂਟ ’ਤੇ ਚੱਲਣ ਵਾਲੀਅਾਂ ਗਰੀਬ ਰੱਥ ਐਕਸਪ੍ਰੈੱਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਬਾਕੀ ਰੂਟਾਂ ਤੋਂ ਵੀ ਗਰੀਬ ਰੱਥ ਟਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ। 

2005 ’ਚ ਲਾਲੂ ਪ੍ਰਸਾਦ ਯਾਦਵ ਨੇ ਚਲਾਈਅਾਂ ਸਨ ਇਹ ਟਰੇਨਾਂ
ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਾਲ 2005 ’ਚ ਗਰੀਬ ਰੱਥ ਐਕਸਪ੍ਰੈੱਸ ਟਰੇਨਾਂ ਦੀ ਸ਼ੁਰੂਆਤ ਕਰਵਾਈ ਸੀ। ਇਨ੍ਹਾਂ ਟਰੇਨਾਂ ’ਚ ਯਾਤਰਾ ਕਰਨ ਵਾਲੇ ਮੁਸਾਫਿਰਾਂ ਨੂੰ  ਆਮ ਮੇਲ/ਐਕਸਪ੍ਰੈੱਸ ਟਰੇਨਾਂ ਦੇ ਥ੍ਰੀ ਟਿਅਰ ਕੋਚ ਤੋਂ ਵੀ ਘੱਟ ਪੈਸਿਅਾਂ ’ਚ ਸਫਰ ਕਰਨ ਦੀ ਸਹੂਲਤ ਮਿਲਦੀ ਸੀ।

2 ਗੁਣਾ ਹੋ ਜਾਵੇਗਾ ਕਿਰਾਇਆ
ਗਰੀਬ ਰੱਥ ਦੀ ਜਗ੍ਹਾ ਹਮਸਫਰ ਐਕਸਪ੍ਰੈੱਸ ਟਰੇਨਾਂ ਪਟੜੀਅਾਂ ’ਤੇ ਆਉਣ ਦੇ ਫੈਸਲੇ ਨਾਲ ਜ਼ਿਆਦਾ ਪ੍ਰੇਸ਼ਾਨੀ ਯਾਤਰੀਅਾਂ ਨੂੰ  ਹੋਣ ਵਾਲੀ ਹੈ, ਕਿਉਂਕਿ ਗਰੀਬ ਰੱਥ ਦੇ ਮੁਕਾਬਲੇ ਹਮਸਫਰ ਐਕਸਪ੍ਰੈੱਸ ਦਾ ਕਿਰਾਇਆ ਲਗਭਗ ਦੋਗੁਣਾ ਹੁੰਦਾ ਹੈ। ਹਮਸਫਰ ਐਕਸਪ੍ਰੈੱਸ, ਰੇਲਵੇ ਦੀ ਪ੍ਰੀਮੀਅਮ ਟਰੇਨ ਹੈ ਜਿਸ ਦਾ ਕਿਰਾਇਆ ਆਮ ਮੇਲ/ਐਕਸਪ੍ਰੈੱਸ ਟਰੇਨਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ ਤੇ ਇਸ ਟਰੇਨ ’ਚ ਰੇਲਵੇ ਦਾ ਫਲੈਕਸੀ ਫੇਅਰ ਸਿਸਟਮ ਲਾਗੂ ਹੈ। ਯਾਨੀ ਟਰੇਨ ਦੀ 50 ਫੀਸਦੀ  ਸੀਟਾਂ ਬੁੱਕ ਹੋਣ ਤੋਂ ਬਾਅਦ ਵਾਧੂ ਸੀਟਾਂ ਦੀ ਬੁਕਿੰਗ ’ਤੇ 10 ਫੀਸਦੀ ਦੇ ਹਿਸਾਬ ਨਾਲ ਕਿਰਾਇਆ ਵਧਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਰੇਲਵੇ ਫਲੈਕਸੀ ਫੇਅਰ ਸਿਸਟਮ ਨੂੰ  ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਅਜੇ ਇਸ ਯੋਜਨਾ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾ ਸਕਿਆ।