NGT ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਰਗਿਆਂ ਦੀ ਕਿੱਥੇ ਪ੍ਰਵਾਹ ਕਰਦੈ ਜਲੰਧਰ ਨਿਗਮ

11/29/2023 4:25:41 PM

ਜਲੰਧਰ (ਖੁਰਾਣਾ)–ਗੈਰ-ਸਰਕਾਰੀ ਸੰਸਥਾ ਅਲਫਾ ਮਹਿੰਦਰੂ ਫਾਊਂਡੇਸ਼ਨ ਨੇ ਚੁਗਿੱਟੀ ਫਲਾਈਓਵਰ ਨੇੜੇ ਲੱਗਦੇ ਕੂੜੇ ਦੇ ਵਿਸ਼ਾਲ ਡੰਪ ਨੂੰ ਖ਼ਤਮ ਕਰਨ ਜਾਂ ਸ਼ਿਫ਼ਟ ਕਰਨ ਬਾਰੇ ਯਤਨ ਕਈ ਸਾਲ ਪਹਿਲਾਂ ਸ਼ੁਰੂ ਕੀਤੇ ਸਨ। ਇਸ ਤਹਿਤ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਅਤੇ ਕੁਝ ਕਾਰਵਾਈ ਵੀ ਹੋਈ ਪਰ ਅੱਜ 100 ਦਿਨਾਂ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਥਿਤੀ ਉਂਝ ਦੀ ਉਂਝ ਹੈ। ਚੁਗਿੱਟੀ ਡੰਪ ਫਿਰ ਕੂੜੇ ਨਾਲ ਭਰਿਆ ਹੀ ਰਹਿੰਦਾ ਹੈ। ਇਸ ਡੰਪ ਨੂੰ ਖ਼ਤਮ ਕਰਨ ਜਾਂ ਇਸ ਨੂੰ ਕਿਤੇ ਹੋਰ ਸ਼ਿਫ਼ਟ ਕਰਨ ਦਾ ਨਿਗਮ ਨੇ ਕੋਈ ਯਤਨ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਇਸ ਡੰਪ ਦੀ ਸਮੱਸਿਆ ਬਾਰੇ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਐੱਨ. ਜੀ. ਟੀ. ਨੂੰ ਜੋ ਚਿੱਠੀ ਲਿਖੀ ਸੀ, ਉਸ ’ਤੇ ਐਕਸ਼ਨ ਲੈਂਦੇ ਹੋਏ ਲਗਭਗ 4 ਮਹੀਨੇ ਪਹਿਲਾਂ ਡਿਪਟੀ ਕਮਸ਼ਨਰ ਦਫ਼ਤਰ ਵਿਚ ਇਕ ਉੱਚ ਪੱਧਰੀ ਮੀਟਿੰਗ ਹੋਈ ਸੀ। ਉਸ ਮੀਟਿੰਗ ਵਿਚ ਨਗਰ ਨਿਗਮ ਦੀ ਪ੍ਰਤੀਨਿਧਤਾ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਕੀਤੀ, ਜਦੋਂ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ ਚੰਡੀਗੜ੍ਹ ਵੱਲੋਂ ਜੇ. ਪੀ. ਮੀਣਾ ਅਤੇ ਡੀ. ਸੀ. ਆਫਿਸ ਵੱਲੋਂ ਮੈਡਮ ਗੁਰਸਿਮਰਨਜੀਤ ਕੌਰ ਮੌਜੂਦ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਐਪ ਨਾਲ ਚੱਲਣ ਵਾਲੀਆਂ ਟੈਕਸੀਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਮੀਟਿੰਗ ਵਿਚ ਹੋਈ ਚਰਚਾ ਤੋਂ ਬਾਅਦ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀ ਸਾਈਟ ’ਤੇ ਗਏ ਸਨ ਅਤੇ ਉਸ ਸਮੱਸਿਆ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਇਸ ਦੌਰਾਨ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਨਿਗਮ 10 ਦਿਨਾਂ ਦੇ ਅੰਦਰ ਇਸ ਡੰਪ ਨੂੰ ਇਥੋਂ ਪੂਰੀ ਤਰ੍ਹਾਂ ਹਟਾ ਲਵੇਗਾ ਅਤੇ ਇਥੇ ਗਰੀਨ ਬੈਲਟ ਡਿਵੈੱਲਪ ਕੀਤੀ ਜਾਵੇਗੀ। ਨਿਗਮ ਦੇ ਅਧਿਕਾਰੀਆਂ ਨੇ ਆਪਣੇ ਜੁਆਇੰਟ ਕਮਿਸ਼ਨਰ ਦੇ ਵਾਅਦੇ ਦਾ ਵੀ ਖਿਆਲ ਨਹੀਂ ਰੱਖਿਆ ਅਤੇ ਅੱਜ ਵੀ ਉਥੇ ਨਿਗਮ ਦੀਆਂ ਹੀ ਗੱਡੀਆਂ ਕੂੜਾ ਸੁੱਟ ਕੇ ਜਾਂਦੀਆਂ ਹਨ। ਅੱਜ ਵੀ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿੰਦਰੂ ਨੇ ਸ਼ਾਮ ਪੌਣੇ 5 ਵਜੇ ਵੀਡੀਓ ਬਣਾਈ, ਜਿਸ ਦੌਰਾਨ ਚੌਗਿੱਟੀ ਡੰਪ ’ਤੇ ਪਿਆ ਕੂੜਾ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਇਸ ਬਾਰੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤ ਭੇਜ ਦਿੱਤੀ ਹੈ।

ਅਲਫਾ ਮਹਿੰਦਰੂ ਫਾਊਂਡੇਸ਼ਨ ਨਾਲ ਜੁੜੇ ਅਤੇ ਸੇਵ ਐਨਵਾਇਰਮੈਂਟ ਐਂਡ ਸਵੱਛ ਜਲੰਧਰ ਦੇ ਪ੍ਰਤੀਨਿਧੀਆਂ ਮਹੇਸ਼ ਸ਼ਰਮਾ (ਕੈਸ਼ੀਅਰ), ਗੁਰਮੀਤ ਸਿੰਘ ਕਲੇਰ (ਪ੍ਰਾਜੈਕਟ ਡਾਇਰੈਕਟਰ), ਡਾ. ਮੁਕੇਸ਼ ਵਾਲੀਆ (ਚੀਫ ਐਡਵਾਈਜ਼ਰ ਹੈਲਥ), ਜਸਵਿੰਦਰ ਸਿੰਘ ਧੀਰਜ (ਜਨਰਲ ਸੈਕਟਰੀ), ਲਲਿਤ ਮਹਿਤਾ (ਚੀਫ ਐਡਵਾਈਜ਼ਰ) ਅਤੇ ਐਡਵਾਈਜ਼ਰ ਜੈਪਾਲ ਸ਼ਰਮਾ ਨੇ ਦੋਸ਼ ਲਾਇਆ ਕਿ ਇਸ ਡੰਪ ਕਾਰਨ ਨੇੜੇ-ਤੇੜੇ ਦਾ ਪੂਰਾ ਇਲਾਕਾ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੋਕ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਹਾਈਵੇ ਕਿਨਾਰੇ ਸਥਿਤ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ’ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਪਰ ਨਿਗਮ ਇਸ ਮਾਮਲੇ ਵਿਚ ਕੁਝ ਨਹੀਂ ਕਰ ਰਿਹਾ। ਸਿਰਫ ਟਾਈਮ ਪਾਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਹਿਲਾ ਆਸ਼ਿਕ ਬਣ ਰਿਹਾ ਸੀ ਪਿਆਰ 'ਚ ਰੋੜਾ, ਦੂਜੇ ਆਸ਼ਿਕ ਨਾਲ ਮਿਲ ਰਚੀ ਖ਼ੌਫ਼ਨਾਕ ਸਾਜਿਸ਼ ਤੇ ਕਰਵਾ 'ਤਾ ਕਤਲ

ਪੁਲਸ ਦਾ ਪਹਿਰਾ ਵੀ ਬਿਠਾਇਆ ਪਰ ਸਿਰਫ਼ ਖਾਨਾਪੂਰਤੀ ਲਈ
ਐੱਨ. ਜੀ. ਟੀ. ਦੇ ਹੁਕਮਾਂ ਤੋਂ ਬਾਅਦ ਹੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਨੂੰ 100 ਦਿਨ ਤੋਂ ਜ਼ਿਆਦਾ ਬੀਤ ਗਏ ਹਨ ਪਰ ਇਹ ਡੰਪ ਨਾ ਸ਼ਿਫਟ ਹੋ ਸਕਿਆ ਹੈ ਅਤੇ ਨਾ ਹੀ ਬੰਦ। ਅੱਜ ਵੀ ਇਥੇ ਨਿਗਮ ਦੀਆਂ ਆਪਣੀਆਂ ਗੱਡੀਆਂ ਹੀ ਕੂੜਾ ਸੁੱਟ ਰਹੀਆਂ ਹਨ। ਨਿਗਮ ਨੇ ਡੰਪ ’ਤੇ ਆਪਣੀ ਪੁਲਸ ਦਾ ਪਹਿਰਾ ਵੀ ਬਿਠਾਇਆ ਪਰ ਫਿਰ ਵੀ ਉਥੇ ਅੱਜ ਕੂੜੇ ਦੇ ਢੇਰ ਲੱਗੇ ਹੀ ਰਹਿੰਦੇ ਹਨ। ਇਸ ਲਈ ਨਿਗਮ ਦੀ ਇਹ ਕਾਰਵਾਈ ਸਿਰਫ ਖਾਨਾਪੂਰਤੀ ਸਾਬਿਤ ਹੋਈ।

ਨਿਗਮ ਕੋਲ ਕੂੜਾ ਸਮੇਟਣ ਦਾ ਕੋਈ ਇੰਤਜ਼ਾਮ ਨਹੀਂ
ਜਲੰਧਰ ਨਿਗਮ ਦੇ ਅਧਿਕਾਰੀ ਸਮਾਰਟ ਸਿਟੀ ਅਤੇ ਸਵੱਛ ਭਾਰਤ ਮਿਸ਼ਨ ਤੋਂ ਆਈ ਕਰੋੜਾਂ ਰੁਪਏ ਦੀ ਗ੍ਰਾਂਟ ਸਾਫ਼-ਸਫ਼ਾਈ ’ਤੇ ਖ਼ਰਚ ਕਰ ਚੁੱਕੇ ਹਨ ਪਰ ਇਸਦੇ ਬਾਵਜੂਦ ਸ਼ਹਿਰ ਵਿਚੋਂ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਦਿਨੋ-ਦਿਨ ਇਹ ਸਮੱਸਿਆ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਅੱਜ ਵੀ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਚੌਗਿੱਟੀ ਡੰਪ ਦੀ ਗੱਲ ਕਰੀਏ ਤਾਂ ਇਥੇ ਗੁਰੂ ਨਾਨਕਪੁਰਾ, ਚੌਗਿੱਟੀ, ਕੋਟ ਰਾਮਦਾਸ, ਲੱਧੇਵਾਲੀ ਅਤੇ ਆਲੇ-ਦੁਆਲੇ ਦੀਆਂ ਕਈ ਕਾਲੋਨੀਆਂ ਅਤੇ ਰਾਮਾ ਮੰਡੀ, ਪਿੰਡ ਚੋਹਕਾਂ ਤਕ ਦਾ ਕੂੜਾ ਆਉਂਦਾ ਹੈ। ਅਜਿਹੇ ਡੰਪ ਦੀ ਸਾਫ਼-ਸਫ਼ਾਈ ’ਤੇ ਨਿਗਮ ਕਰੋੜਾਂ ਰੁਪਏ ਖ਼ਰਚ ਕਰਦਾ ਹੈ ਪਰ ਫਿਰ ਵੀ ਇਥੇ ਦੂਰ-ਦੂਰ ਤਕ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਨਿਗਮ ਅਧਿਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਐੱਨ. ਜੀ. ਟੀ. ਦੇ ਨਿਰਦੇਸ਼ਾਂ ’ਤੇ ਇਥੋਂ ਡੰਪ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਨਿਗਮ ਦੇ ਸਾਹਮਣੇ ਇਹ ਗੰਭੀਰ ਸਮੱਸਿਆ ਖੜ੍ਹੀ ਹੋ ਜਾਵੇਗੀ ਕਿ ਇੰਨਾ ਕੂੜਾ ਕਿੱਥੇ ਸੁੱਟਿਆ ਜਾਵੇ। ਡੰਪ ਖ਼ਤਮ ਹੋਣ ਨਾਲ ਨੇੜੇ-ਤੇੜੇ ਦੇ ਰੈਗ ਪਿਕਰਸ ਅਤੇ ਸਫ਼ਾਈ ਕਰਮਚਾਰੀਆਂ ਨੂੰ ਜੋ ਦਿੱਕਤ ਆਵੇਗੀ, ਉਸ ਦਾ ਵੀ ਕੋਈ ਹੱਲ ਨਹੀਂ ਨਿਕਲ ਪਾ ਰਿਹਾ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri