ਪੁਲਸ ਕਮਿਸ਼ਨਰ ਵੱਲੋਂ 4 ਦਿਨ ਪਹਿਲਾਂ ਹੀ ਬਦਲੇ ਗਏ ਮੁਲਾਜ਼ਮ ਫਿਰ ਪੁਰਾਣੀ ਜਗ੍ਹਾ ’ਤੇ ਲੱਗਣ ਲਈ ਲਾ ਰਹੇ ਜੁਗਾੜ

12/13/2023 3:26:48 PM

ਜਲੰਧਰ (ਮਹੇਸ਼)–ਪੁਲਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਵੱਲੋਂ 4 ਦਿਨ ਪਹਿਲਾਂ ਕਮਿਸ਼ਨਰੇਟ ਪੁਲਸ ਵਿਚ ਤਾਇਨਾਤ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਲੋਕਲ ਰੈਂਕ ਵਾਲੇ ਏ. ਐੱਸ. ਆਈ. ਪੱਧਰ ਵਾਲੇ 56 ਦੇ ਲਗਭਗ ਅਜਿਹੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਸਨ, ਜਿਹੜੇ ਕਿ ਕਾਫ਼ੀ ਸਮੇਂ ਤੋਂ ਇਕ ਹੀ ਥਾਣੇ ਵਿਚ ਤਾਇਨਾਤ ਸਨ। ਨਵੇਂ ਸੀ. ਪੀ. ਦੇ ਧਿਆਨ ਵਿਚ ਜਦੋਂ ਇਸ ਮਾਮਲੇ ਨੂੰ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਉਕਤ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਅਤੇ ਇਹ ਦਿਸ਼ਾ-ਨਿਰਦੇਸ਼ ਵੀ ਦਿੱਤੇ ਕਿ ਜਿੱਥੇ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ, ਉਹ ਤੁਰੰਤ ਉਥੇ ਜਾ ਕੇ ਆਪਣੀ ਡਿਊਟੀ ਜੁਆਇਨ ਕਰਨ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਈ ਮੁਲਾਜ਼ਮ ਤਾਂ ਅਜੇ ਵੀ ਨਵੀਂ ਜਗ੍ਹਾ ’ਤੇ ਨਹੀਂ ਗਏ ਹਨ ਅਤੇ ਜਿਹੜੇ ਚਲੇ ਗਏ ਹਨ, ਉਹ ਆਪਣੀ ਪੁਰਾਣੀ ਜਗ੍ਹਾ ’ਤੇ ਵਾਪਸ ਜਾਣ ਲਈ ਕੋਈ ਨਾ ਕੋਈ ਜੁਗਾੜ ਲਾਉਣ ਵਿਚ ਜੁਟ ਗਏ ਹਨ। ਸਿਆਸੀ ਸਿਫਾਰਿਸ਼ਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਪਰ ਨਵੇਂ ਸੀ. ਪੀ. ਦੇ ਰੁਖ਼ ਤੋਂ ਲੱਗਦਾ ਹੈ ਕਿ ਟਰਾਂਸਫਰ ਕੀਤੇ ਗਏ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਵਿਚ ਕਾਮਯਾਬੀ ਮਿਲਣ ਵਾਲੀ ਨਹੀਂ ਹੈ।

ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ

ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਸੀ. ਪੀ. ਵੱਲੋਂ 56 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣ ਤੋਂ ਬਾਅਦ ਵੀ ਅਜੇ ਬਹੁਤ ਸਾਰੇ ਥਾਣਿਆਂ ਵਿਚ ਕਾਫ਼ੀ ਸਮੇਂ ਤੋਂ ਮੁਲਾਜ਼ਮ ਇਕ ਹੀ ਜਗ੍ਹਾ ’ਤੇ ਟਿਕੇ ਹੋਏ ਹਨ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਪੂਰੀ ਨੌਕਰੀ ਇਕ ਹੀ ਥਾਣੇ ਵਿਚ ਨਿਕਲ ਜਾਵੇਗੀ। ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਬਿਨਾਂ ਥਾਣੇ ਦਾ ਕੰਮ ਵੀ ਚੱਲਣ ਵਾਲਾ ਨਹੀਂ ਹੈ। ਅਜਿਹੇ ਮੁਲਾਜ਼ਮਾਂ ਦਾ ਵਤੀਰਾ ਵੀ ਥਾਣੇ ਵਿਚ ਆਪਣੇ ਕਿਸੇ ਕੰਮ ਸਬੰਧੀ ਆਉਣ ਵਾਲੀ ਆਮ ਜਨਤਾ ਪ੍ਰਤੀ ਵਧੀਆ ਨਹੀਂ ਹੈ।

ਆਮ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਕਮਿਸ਼ਨਰੇਟ ਪੁਲਸ ਦੇ ਅਧੀਨ ਸਾਰੇ ਥਾਣਿਆਂ ਅਤੇ ਚੌਕੀਆਂ ਦਾ ਮੁਆਇਨਾ ਕਰਨ ਤਾਂ ਉਨ੍ਹਾਂ ਨੂੰ ਉਥੇ ਅਜਿਹੀਆਂ ਖਾਮੀਆਂ ਦਿਖਾਈ ਦੇਣਗੀਆਂ, ਜਿਨ੍ਹਾਂ ਬਾਰੇ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ। ਕੁਝ ਮਹੀਨੇ ਪਹਿਲਾਂ ਵੀ ਪੁਲਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਪਰ ਉਹ ਸਾਰੇ ਮੁਲਾਜ਼ਮ ਥੋੜ੍ਹੇ ਦਿਨਾਂ ਵਿਚ ਹੀ ਵਾਪਸ ਆਪਣੀ ਜਗ੍ਹਾ ’ਤੇ ਪਹੁੰਚ ਗਏ। ਕਿਹਾ ਜਾ ਰਿਹਾ ਹੈ ਕਿ ਪੁਲਸ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣ ਨਾਲ ਕੁਰੱਪਸ਼ਨ ਅਤੇ ਡਿਊਟੀ ਵਿਚ ਕੋਤਾਹੀ ਵਰਤਣ ਵਾਲੇ ਮੁਲਾਜ਼ਮਾਂ ’ਤੇ ਵੀ ਲਗਾਮ ਕੱਸੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri