ਜਲੰਧਰ ਦੇ ਸਿਵਲ ਹਸਪਤਾਲ ’ਚ ਚੋਰਾਂ ਦਾ ਸਾਮਰਾਜ, ਡਾਕਟਰਾਂ ਤੇ ਸਟਾਫ਼ ਦੇ ਵਾਹਨ ਵੀ ਸੁਰੱਖਿਅਤ ਨਹੀਂ

08/24/2023 3:55:16 PM

ਜਲੰਧਰ (ਬਿਊਰੋ)- ਜੇਕਰ ਤੁਸੀਂ ਕਿਸੇ ਕੰਮ ਲਈ ਸਿਵਲ ਹਸਪਤਾਲ ਆ ਰਹੇ ਹੋ ਤਾਂ ਆਪਣੇ ਦੋ-ਪਹੀਆ ਵਾਹਨ ਨੂੰ ਸੁਰੱਖਿਅਤ ਥਾਂ ’ਤੇ ਲਾਉਣਾ ਨਾ ਭੁੱਲੋ, ਕਿਉਂਕਿ ਇਨ੍ਹੀਂ ਦਿਨੀਂ ਹਸਪਤਾਲ ’ਚ ਚੋਰਾਂ ਦਾ ਸਾਮਰਾਜ ਪੂਰੀ ਤਰ੍ਹਾਂ ਨਾਲ ਕਾਇਮ ਹੋ ਚੁੱਕਾ ਹੈ। ਹਸਪਤਾਲ ’ਚ ਸਰਗਰਮ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਕੁਝ ਦਿਨ ਪਹਿਲਾਂ ਹੀ ਚੋਰਾਂ ਨੇ ਟਰੌਮਾ ਵਾਰਡ ਦੇ ਬਾਹਰ ਖੜ੍ਹੇ ਪੈਸਕੋ ਕੰਪਨੀ 'ਚ ਤਾਇਨਾਤ ਸੁਰੱਖਿਆ ਮੁਲਾਜ਼ਮ ਦਾ ਮੋਟਰਸਾਈਕਲ ਵੀ ਚੋਰੀ ਕਰ ਲਿਆ ਸੀ। ਇਸ ਤੋਂ ਬਾਅਦ ਚੋਰ ਫਿਰ ਨਹੀਂ ਹਟੇ ਅਤੇ ਹਸਪਤਾਲ 'ਚ ਤਾਇਨਾਤ ਵਾਰਡ ਅਟੈਂਡੈਂਟ ਦਾ ਮੋਟਰਸਾਈਕਲ ਚੋਰੀ ਕਰ ਲਿਆ। ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ ਅਤੇ ਚੋਰੀ ਦੀਆਂ ਘਟਨਾਵਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੱਸਣਯੋਗ ਹੈ ਕਿ ਅੱਜਕੱਲ੍ਹ ਮਹਿੰਗਾਈ ਦੇ ਦੌਰ ’ਚ ਸਕੂਟਰੀ ਤੋਂ ਲੈ ਕੇ ਮੋਟਰਸਾਈਕਲ ਤੱਕ ਇੰਨਾ ਮਹਿੰਗਾ ਹੋ ਗਿਆ ਹੈ ਕਿ 1 ਲੱਖ ਰੁਪਏ ਤੱਕ ਦਾ ਮੋਟਰਸਾਈਕਲ ਖਰੀਦਣ ਤੋਂ ਬਾਅਦ ਮੋਟਰਸਾਈਕਲ ਦੇ ਦਸਤਾਵੇਜ਼ ਬਣਾਉਣ ਲਈ ਇੰਨਾ ਖ਼ਰਚਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਛੱਪੜ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

ਆਪਣਾ ਹੀ ਮੋਟਰਸਾਈਕਲ ਲੈਣ ਲਈ ਵਾਰਡ ਅਟੈਂਡੈਂਟ ਨੇ ਖ਼ਰਚ ਕੀਤੇ 1000
ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਜੱਚਾ-ਬੱਚਾ ਹਸਪਤਾਲ ’ਚ ਤਾਇਨਾਤ ਵਾਰਡ ਅਟੈਂਡੈਂਟ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਕਾਫੀ ਭਾਲ ਕਰਨ ’ਤੇ ਵੀ ਉਸ ਨੂੰ ਮੋਟਰਸਾਈਕਲ ਕਿਤੇ ਵੀ ਨਹੀਂ ਮਿਲਿਆ। ਇਸ ਲਈ ਉਸ ਨੇ ਆਪਣਾ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਸੋਸ਼ਲ ਮੀਡੀਆ ’ਤੇ ਫੈਲਾਈ ਤਾਂ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਚੋਰਾਂ ਨੇ ਕਾਜ਼ੀ ਮੰਡੀ ਨੇੜੇ ਕਿਸੇ ਨੂੰ ਵੇਚ ਦਿੱਤਾ ਹੈ। ਇਸ ਤੋਂ ਬਾਅਦ ਉਕਤ ਵਾਰਡ ਅਟੈਂਡੈਂਟ ਕਬਾੜੀਏ ਕੋਲ ਗਿਆ ਤਾਂ ਪਤਾ ਲੱਗਾ ਕਿ ਚੋਰ ਉਸ ਦੇ ਮਹਿੰਗਾ ਮੋਟਰਸਾਈਕਲ ਨੂੰ 800 ਰੁਪਏ ’ਚ ਗਿਰਵੀ ਰੱਖ ਕੇ ਚਲਾ ਗਿਆ। ਵਾਰਡ ਅਟੈਂਡੈਂਟ ਨੇ 1000 ਰੁਪਏ ਦੇ ਕੇ ਆਪਣਾ ਮੋਟਰਸਾਈਕਲ ਵਾਪਸ ਲੈ ਲਿਆ। ਇਸ ਤੋਂ ਇਲਾਵਾ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਦੀ ਇਮਾਰਤ, ਹਸਪਤਾਲ ਦੇ ਟਰੌਮਾ ਵਾਰਡ ਤੇ ਹਸਪਤਾਲ ਦੇ ਪਿਛਲੇ ਗੇਟ ਨੇੜਿਓਂ ਇਕ ਹਫ਼ਤੇ ’ਚ ਘੱਟੋ-ਘੱਟ 4-5 ਮੋਟਰਸਾਈਕਲ, ਸਕੂਟਰ ਚੋਰੀ ਹੋ ਜਾਂਦੇ ਹਨ। ਕੁਝ ਲੋਕ ਪੁਲਸ ਕੋਲ ਨਹੀਂ ਜਾਂਦੇ ਤੇ ਚੋਰੀ ਦਾ ਕੇਸ ਦਰਜ ਨਹੀਂ ਕਰਵਾਉਂਦੇ, ਕਿਉਂਕਿ ਉਨ੍ਹਾਂ ਕੋਲ ਵਾਹਨ ਦਾ ਬੀਮਾ ਨਹੀਂ ਹੁੰਦਾ।

ਡਾਕਟਰ ਦਾ ਬੁਲੇਟ ਵੀ ਚੋਰੀ ਕਰਨ ਦੀ ਕੀਤੀ ਕੋਸ਼ਿਸ਼
ਇਨ੍ਹੀਂ ਦਿਨੀਂ ਹਸਪਤਾਲ 'ਚ ਨਸ਼ੇੜੀਆਂ ਨੇ ਵੀ ਡੇਰੇ ਲਾਏ ਹੋਏ ਹਨ। ਕੁਝ ਦਿਨ ਪਹਿਲਾਂ ਹਸਪਤਾਲ ਦੀ ਚਾਰਦੀਵਾਰੀ ’ਚ ਹੀ ਡਿਊਟੀ ’ਤੇ ਤਾਇਨਾਤ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਦਾ ਬੁਲੇਟ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਬੁਲੇਟ ਸਟਾਰਟ ਕਰਨ ਲਈ ਤਾਰਾਂ ਨੂੰ ਕੱਟ ਕੇ ਬੁਲੇਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਚੋਰ ਚੋਰੀ ਕਰਨ ’ਚ ਅਸਫਲ ਰਹੇ। ਇਸ ਤੋਂ ਇਲਾਵਾ ਚੋਰਾਂ ਨੇ ਟਰੌਮਾ ਵਾਰਡ ’ਚ ਡਿਊਟੀ ’ਤੇ ਤਾਇਨਾਤ ਨਰਸਿੰਗ ਸਟਾਫ਼ ਦੀ ਸਕੂਟਰੀ ਵੀ ਚੋਰੀ ਕਰ ਲਈ ਸੀ। ਇੰਨਾ ਹੀ ਨਹੀਂ ਚੋਰਾਂ ਨੇ ਇਕ ਪੱਤਰਕਾਰ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ, ਕਿਉਂਕਿ ਚੋਰਾਂ ਨੇ ਚਾਬੀ ਲਾ ਕੇ ਮੋਟਰ ਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਟਾਰਟ ਨਾ ਹੋਣ ’ਤੇ ਗੁੱਸੇ ’ਚ ਆਏ ਚੋਰਾਂ ਨੇ ਮੋਟਰਸਾਈਕਲ ਦੀ ਭੰਨ-ਤੋੜ ਕਰ​ਦਿੱਤੀ।

ਇਹ ਵੀ ਪੜ੍ਹੋ- ਉਜੜਿਆ ਘਰ: ਭੁਲੱਥ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ, ਮਚਿਆ ਚੀਕ-ਚਿਹਾੜਾ

ਹਸਪਤਾਲ ’ਚ ਚੋਰੀ ਦੀਆਂ ਘਟਨਾਵਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ : ਐੱਸ. ਐੱਚ. ਓ. ਅਸ਼ੋਕ ਕੁਮਾਰ
ਥਾਣਾ 4 ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੇ ਦਿਨ ਹੀ ਥਾਣਾ 4 ਦਾ ਚਾਰਜ ਸੰਭਾਲ ਲਿਆ ਹੈ, ਜੇਕਰ ਸਿਵਲ ਹਸਪਤਾਲ ’ਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਉਹ ਇਸ ’ਤੇ ਜ਼ਰੂਰ ਸ਼ਿਕੰਜਾ ਕੱਸਣਗੇ। ਆਉਣ ਵਾਲੇ ਦਿਨਾਂ ’ਚ ਸਿਵਲ ਹਸਪਤਾਲ ’ਚ ਸਾਦੇ ਕੱਪੜਿਆਂ ’ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਚੋਰੀਆਂ ’ਚ ਸ਼ਾਮਲ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri