ਬਜ਼ੁਰਗ ਪੁਜਾਰੀ ਦੇ ਸਿਰ ਅਤੇ ਮੱਥੇ 'ਤੇ ਵਾਰ ਕਰ ਕੇ ਕੀਤੀ ਹੱਤਿਆ

09/29/2019 8:53:35 PM

ਜਲੰਧਰ (ਵਰੁਣ)-ਡੀ. ਏ. ਵੀ. ਨਹਿਰ ਨਾਲ ਲੱਗਦੀ ਸੜਕ 'ਤੇ ਇਕ ਨੌਜਵਾਨ ਨੇ ਬਜ਼ੁਰਗ ਪੁਜਾਰੀ ਦੇ ਸਿਰ ਅਤੇ ਮੱਥੇ 'ਤੇ ਇੱਟ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਚਸ਼ਮਦੀਦ ਲੋਕਾਂ ਅਨੁਸਾਰ ਕੁੱਟ-ਮਾਰ ਤੋਂ ਪਹਿਲਾਂ ਪੁਜਾਰੀ ਅਤੇ ਹਮਲਾਵਰ ਵਿਚਕਾਰ ਬਹਿਸ ਵੀ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨ ਨੇ ਹਮਲਾ ਕੀਤਾ ਅਤੇ ਖੂਨ ਨਾਲ ਲਥਪਥ ਪੁਜਾਰੀ ਨੂੰ ਸੜਕ 'ਤੇ ਛੱਡ ਕੇ ਆਪ ਆਪਣੇ ਘਰ 'ਚ ਜਾ ਲੁਕਿਆ। ਕੁਝ ਰਾਹਗੀਰਾਂ ਨੇ ਪੁਜਾਰੀ ਨੂੰ ਹਸਪਤਾਲ ਪਹੁੰਚਾਇਆ ਪਰ ਥੋੜ੍ਹੀ ਦੇਰ ਬਾਅਦ ਪੁਜਾਰੀ ਦੇਵ ਕੁਮਾਰ (40) ਨਿਵਾਸੀ ਸੂਰਿਆ ਵਿਹਾਰ ਦੀ ਮੌਤ ਹੋ ਗਈ। ਥਾਣਾ ਨੰਬਰ-1 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ।

ਪੁਜਾਰੀ ਦੇਵ ਕੁਮਾਰ ਦੇ ਭਤੀਜੇ ਵੇਦ ਪ੍ਰਕਾਸ਼ ਸ਼ੁਕਲਾ ਵਾਸੀ ਸੰਜੇ ਗਾਂਧੀ ਨਗਰ ਨੇ ਦੱਸਿਆ ਕਿ ਦੇਰ ਸ਼ਾਮ ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦਾ ਚਾਚਾ ਡੀ. ਏ. ਵੀ. ਨਹਿਰ ਕਿਨਾਰੇ ਖੂਨ ਨਾਲ ਲਥਪਥ ਪਿਆ ਹੈ। ਉਹ ਤੁਰੰਤ ਉਥੇ ਪਹੁੰਚੇ ਤਾਂ ਕੁਝ ਰਾਹਗੀਰ ਨੌਜਵਾਨ ਉਨ੍ਹਾਂ ਨੂੰ ਆਪਣੀ ਕਾਰ 'ਚ ਬਿਠਾ ਕੇ ਮਕਸੂਦਾਂ ਚੌਕ ਨੇੜੇ ਸਥਿਤ ਹਸਪਤਾਲ ਲਿਜਾ ਚੁੱਕੇ ਸੀ। ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਨਿਊ ਸ਼ੀਤਲ ਨਗਰ ਵਾਸੀ ਨਵੀਨ ਪੁੱਤਰ ਮੋਹਨ ਲਾਲ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਖੂਨ ਨਾਲ ਲਥਪਥ ਛੱਡ ਕੇ ਖੁਦ ਫਰਾਰ ਹੋ ਗਿਆ।
ਪੁਜਾਰੀ 'ਤੇ ਹੋਏ ਹਮਲੇ ਦੀ ਸੂਚਨਾ ਮਿਲਦੇ ਹੀ ਥਾਣਾ-1 ਦੇ ਇੰਚਾਰਜ ਸੁਖਬੀਰ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ, ਜਦਕਿ ਰਾਸ਼ਟਰੀ ਪਰਸ਼ੂਰਾਮ ਸੈਨਾ ਸੰਘ ਦੇ ਸਟੇਟ ਪ੍ਰੈਜ਼ੀਡੈਂਟ ਪਵਨ ਸ਼ਰਮਾ, ਸਟੇਟ ਜਨਰਲ ਸਕੱਤਰ ਕੁਨਾਲ ਸ਼ਰਮਾ, ਪੰਜਾਬ ਸੈਕਟਰੀ ਵਿਸ਼ਾਲ ਕਾਲੀਆ, ਸਟੇਟ ਪ੍ਰੈਜ਼ੀਡੈਂਟ ਮਹਿਲਾ ਵਿੰਗ ਸਵਿਤਾ ਬਾਲੀ ਵੀ ਮੌਕੇ 'ਤੇ ਪਹੁੰਚ ਗਈ। ਪੁਜਾਰੀ ਨੂੰ ਹਸਪਤਾਲ 'ਚ ਦਾਖਲ ਕਰਨ ਤੋਂ ਤਕਰੀਬਨ ਡੇਢ ਘੰਟੇ ਬਾਅਦ ਦੇਵ ਕੁਮਾਰ ਦੀ ਮੌਤ ਹੋ ਗਈ।

ਇੰਸ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਮੌਕੇ 'ਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਹਮਲਾ ਕਰਨ ਤੋਂ ਪਹਿਲਾਂ ਨਵੀਨ ਦੀ ਪੁਜਾਰੀ ਨਾਲ ਬਹਿਸ ਹੋਈ ਸੀ। ਉਨ੍ਹਾਂ ਕਿਹਾ ਕਿ ਪੁਜਾਰੀ ਦੇ ਸਿਰ ਅਤੇ ਮੱਥੇ 'ਤੇ ਗੰਭੀਰ ਸੱਟਾਂ ਕਾਰਣ ਉਸ ਦੀ ਮੌਤ ਹੋਈ ਹੈ। ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਨਵੀਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਪਰ ਇੰਸ. ਸੁਖਬੀਰ ਸਿੰਘ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਵੀਨ ਇਕ ਕਾਲਜ ਦੀ ਲੈਬ 'ਚ ਕੰਮ ਕਰਦਾ ਹੈ। ਪੁਲਸ ਨੇ ਨਵੀਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਸ ਨੂੰ ਹੱਤਿਆ ਸਬੰਧੀ ਕਾਫੀ ਸਬੂਤ ਮਿਲ ਚੁੱਕੇ ਸਨ। ਇੰਸ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਕਤਲ ਨਵੀਨ ਨੇ ਕੀਤਾ ਹੈ, ਬਾਕੀ ਪੜਤਾਲ ਚੱਲ ਰਹੀ ਹੈ।

ਮਾਨਸਿਕ ਰੋਗੀ ਹੈ ਤਾਂ ਲੋਕਾਂ 'ਚ ਕਿਉਂ ਛੱਡਿਆ : ਭਤੀਜਾ
ਦੇਰ ਰਾਤ ਪੁਜਾਰੀ ਦੇਵ ਕੁਮਾਰ ਦੇ ਭਤੀਜੇ ਵੇਦ ਪ੍ਰਕਾਸ਼ ਨੂੰ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਵੀਨ ਮਾਨਸਿਕ ਰੋਗੀ ਹੈ। ਇਸ ਗੱਲ 'ਤੇ ਵੇਦ ਪ੍ਰਕਾਸ਼ ਲੋਕਾਂ 'ਤੇ ਵਰ੍ਹ ਪਏ ਅਤੇ ਕਿਹਾ ਕਿ ਜੇ ਉਹ ਮਾਨਸਿਕ ਰੋਗੀ ਹੈ ਤਾਂ ਫਿਰ ਉਸ ਨੂੰ ਲੋਕਾਂ 'ਚ ਕਿਉਂ ਛੱਡਿਆ ਹੈ। ਉਨ੍ਹਾਂ ਕਿਹਾ ਕਿ ਜੇ ਉਹ ਆਪਣੇ ਚਾਚੇ 'ਤੇ ਹਮਲਾ ਕਰ ਸਕਦਾ ਹੈ ਤਾਂ ਭਵਿੱਖ 'ਚ ਉਹ ਕਿਸੇ 'ਤੇ ਵੀ ਹਮਲਾ ਕਰ ਸਕਦਾ ਹੈ। ਦੱਸ ਦੇਈਏ ਕਿ ਮ੍ਰਿਤਕ ਪੁਜਾਰੀ ਦੇਵ ਕੁਮਾਰ ਲੰਬੇ ਸਮੇਂ ਤੋਂ ਜਲੰਧਰ 'ਚ ਰਹਿ ਰਿਹਾ ਸੀ।

Karan Kumar

This news is Content Editor Karan Kumar