ਸ਼੍ਰੀ ਰਾਮ ਉਤਸਵ ਕਮੇਟੀ ਵੱਲੋਂ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

10/25/2023 10:29:56 AM

ਜਲੰਧਰ (ਚੋਪੜਾ)–ਸ਼੍ਰੀ ਰਾਮ ਉਤਸਵ ਕਮੇਟੀ (ਰਜਿ.) ਸੈਂਟਰਲ ਟਾਊਨ ਵੱਲੋਂ 13ਵਾਂ ਦੁਸਹਿਰਾ ਸਮਾਗਮ ਗੌਰਮਿੰਟ ਟਰੇਨਿੰਗ ਕਾਲਜ ਲਾਡੋਵਾਲੀ ਰੋਡ ਵਿਚ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਅਤੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਬਹੁਤ ਉਤਸ਼ਾਹ ਅਤੇ ਸ਼ਰਧਾਪੂਰਵਕ ਕਰਵਾਇਆ ਗਿਆ। ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਆਦਮਕੱਦ ਪੁਤਲਿਆਂ ਨੂੰ ਧੂ-ਧੂ ਕਰਕੇ ਅਗਨ ਭੇਟ ਹੋਣ ਅਤੇ ਬੁਰਾਈ ਦੇ ਖਾਤਮੇ ਦਾ ਖੂਬ ਆਨੰਦ ਮਾਣਿਆ। ਜਿਉਂ ਹੀ ਰਾਵਣ ਦੇ ਪੁਤਲੇ ਨੂੰ ਅੱਗ ਲੱਗੀ ਤਿਉਂ ਹੀ ਸਮੁੱਚਾ ਪੰਡਾਲ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਅਤੇ ਪੰਜਾਬ ਕੇਸਰੀ ਸਮੂਹ ਦੇ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਮੇਟੀ ਵੱਲੋਂ ਸਥਾਨਕ ਸ਼ਿਵਾਜੀ ਪਾਰਕ ਤੋਂ ਕੱਢੀ ਜਾਣ ਵਾਲੀ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਦਾ ਸ਼ੁੱਭਆਰੰਭ ਕੀਤਾ। ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਆਯੋਜਨ ਅਤੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਦੁਸਹਿਰਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਕਿਵੇਂ ਪ੍ਰਭੂ ਸ਼੍ਰੀ ਰਾਮ ਨੇ ਆਪਣੇ ਪਿਤਾ ਦੇ ਇਕ ਵਚਨ ਦਾ ਸਨਮਾਨ ਕਰਦੇ ਹੋਏ ਰਾਜ ਸਿੰਘਾਸਨ ਦਾ ਤਿਆਗ ਕਰਕੇ ਜਿੱਥੇ ਮਾਤਾ ਸੀਤਾ ਅਤੇ ਭਰਾ ਲਕਸ਼ਮਣ ਨਾਲ 14 ਸਾਲਾਂ ਦਾ ਬਨਵਾਸ ਕੱਟਿਆ, ਉਥੇ ਹੀ ਬੁਰਾਈ ’ਤੇ ਚੰਗਿਆਈ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਨਿਮਰਤਾ ਅਤੇ ਸੰਜਮ ਦਾ ਗੁਣ ਸਿੱਖ ਕੇ ਆਪਣੀ ਜੀਵਨਸ਼ੈਲੀ ਵਿਚ ਅਪਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ

ਸ਼ੋਭਾ ਯਾਤਰਾ ਵਿਚ ਸ਼੍ਰੀ ਰਾਮ ਪਰਿਵਾਰ, ਵਾਨਰ ਅਤੇ ਰਾਵਣ ਸੈਨਾ ਦੇ ਸਰੂਪਾਂ ਵਿਚ ਸਜੇ ਕਲਾਕਾਰ ਬਹੁਤ ਆਕਰਸ਼ਣ ਦਾ ਕੇਂਦਰ ਬਣੇ। ਸ਼ੋਭਾ ਯਾਤਰਾ ਮਦਨ ਫਲੋਰ ਮਿੱਲ ਚੌਕ, ਲਾਡੋਵਾਲੀ ਰੋਡ ਤੋਂ ਹੁੰਦੇ ਹੋਏ ਦੁਸਹਿਰਾ ਗਰਾਊਂਡ ਵਿਚ ਪਹੁੰਚੀ, ਜਿਥੇ ਸ਼੍ਰੀ ਰਾਮ ਅਤੇ ਰਾਵਣ ਸੈਨਾ ਵਿਚ ਯੁੱਧ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹੀ ਲੁੱਟੀ। ਇਸ ਦੌਰਾਨ ਖ਼ੂਬਸੂਰਤ ਆਤਿਸ਼ਬਾਜ਼ੀ ਦੇ ਨਜ਼ਾਰੇ ਵੀ ਵੇਖਣਯੋਗ ਸਨ। ਇਸ ਦੌਰਾਨ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਦੁਸਹਿਰਾ ਸਾਡੀ ਭਾਈਚਾਰਕ ਸਾਂਝ ਦਾ ਇਕ ਬਹੁਮੁੱਲਾ ਤੋਹਫਾ ਹੈ, ਜਿਸ ਨੂੰ ਸਿਰਫ਼ ਹਿੰਦੂ ਧਰਮ ਹੀ ਨਹੀਂ, ਸਗੋਂ ਹਰੇਕ ਧਰਮ ਦੇ ਲੋਕ ਬਹੁਤ ਸ਼ਰਧਾਪੂਰਵਕ ਮਨਾਉਂਦੇ ਹਨ। ਡੀ. ਆਈ. ਜੀ. ਜਲੰਧਰ ਇੰਦਰਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਸਹਿਰਾ ਸਾਨੂੰ ਬੁਰਾਈ ਨੂੰ ਮਿਟਾ ਕੇ ਚੰਗਿਆਈ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਅਤੇ ਸਾਨੂੰ ਜਾਤ-ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ।

ਚੇਅਰਮੈਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਰਾਵਣ ਤੋਂ ਵੱਡਾ ਕੋਈ ਵਿਦਵਾਨ ਨਹੀਂ ਸੀ ਪਰ ਉਸਦੇ ਹੰਕਾਰ ਨੇ ਲੰਕਾ ਦਹਿਨ ਦੇ ਨਾਲ-ਨਾਲ ਉਸਦਾ ਵਿਨਾਸ਼ ਕਰ ਦਿੱਤਾ। ਇਸ ਕਾਰਨ ਸਾਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦਿਆਂ ਆਪਣੇ ਮਾਂ-ਬਾਪ ਦੀ ਸੇਵਾ ਕਰਨ ਅਤੇ ਵਧੀਆ ਸਮਾਜ ਅਤੇ ਦੇਸ਼ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਕਿਸਾਨ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਤਾਰ

ਮਹਿੰਦਰ ਸਿੰਘ ਕੇ. ਪੀ., ਡੀ. ਆਈ. ਜੀ. ਇੰਦਰਬੀਰ ਸਿੰਘ, ਨਵਜੋਤ ਸਿੰਘ ਮਾਹਲ ਐੱਸ. ਐੱਸ. ਪੀ., ਡੀ. ਸੀ. ਪੀ. ਜਗਮੋਹਨ ਸਿੰਘ, ਚੇਅਰਮੈਨ ਰਾਜਿੰਦਰ ਬੇਰੀ, ਪ੍ਰਧਾਨ ਰਾਕੇਸ਼ ਕੁਮਾਰ, ਮਨਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ, ਸੀਨੀਅਰ ਕਾਂਗਰਸੀ ਆਗੂ ਸੁਦੇਸ਼ ਵਿਜ, ਜੱਬਾਰ ਖਾਨ ਅਤੇ ਹੋਰਨਾਂ ਨੇ ਸਾਂਝੇ ਤੌਰ ’ਤੇ ਰਿਮੋਟ ਦਬਾ ਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ। ਕਮੇਟੀ ਵੱਲੋਂ ਪੁੱਜੇ ਮੋਹਤਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਸੁਧੀਰ ਘੁੱਗੀ ਨੇ ਬਾਖੂਬੀ ਕੀਤਾ। ਇਸ ਦੌਰਾਨ ਰਾਕੇਸ਼ ਧੀਰ ਬਿੱਟੂ, ਜਸਵਿੰਦਰ ਸਿੰਘ ਪਾਲੀ, ਪੌਂਟੀ ਰਾਜਪਾਲ, ਦੀਪਕ ਸਪਰਾ, ਸੰਦੀਪ ਮਾਗੋ, ਰਣਧੀਰ ਸਰੀਨ ਪਾਲੀ, ਰਿੱਕੀ ਚੱਢਾ (ਮੋਬਾਇਲ ਹਾਊਸ), ਹਿਮਾਂਸ਼ੂ ਚੋਪੜਾ, ਰੋਹਿਤ ਤਲਵਾੜ, ਪਵਨ ਕੁਮਾਰ ਧਰਮਿੰਦਰ ਪ੍ਰਭਾਕਰ, ਜਗਜੀਤ ਘਈ, ਸ਼ੈਲੇਂਦਰ ਖੁਲਰ, ਪਵਨ ਕੁਮਾਰ, ਰੋਹਨ ਚੱਢਾ, ਅਨਿਲ ਚੱਢਾ, ਵਿਕਾਸ ਰਾਜਪਾਲ, ਚੰਦਨ ਵਾਸਨ, ਪ੍ਰਿੰਸ ਕੁਮਾਰ, ਮਨਮੋਹਨ ਸਿੰਘ ਅਤੇ ਹੋਰ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਟਰੈਕਟਰ 'ਤੇ ਜਾ ਰਹੇ ਕਿਸਾਨ ਨੂੰ ਮਾਰੀਆਂ ਗੋਲ਼ੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri