ਧਰਮ ਦੇ ਨਾਂ 'ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਤੋਂ 250 ਨੌਜਵਾਨ ਛੁਡਵਾਏ

10/17/2018 6:59:51 PM

ਰੂਪਨਗਰ (ਵਿਜੇ)— ਚਮਕੌਰ ਸਾਹਿਬ ਨਸ਼ਾ ਛੁਡਾਊ ਕੇਂਦਰ 'ਚ 70 ਨੌਜਵਾਨਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ, ਜਿਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਨੇ ਜ਼ਖਮੀ ਕੀਤਾ ਸੀ। ਲਗਭਗ 188 ਨੌਜਵਾਨਾਂ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ ਜਦਕਿ 7 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਸ਼ਿਫਟ ਕਰ ਦਿੱਤਾ ਗਿਆ ਹੈ। 8 ਡਾਕਟਰੀ ਟੀਮਾਂ ਕੇਂਦਰ 'ਚ ਹੋਰ ਨੌਜਵਾਨਾਂ ਦਾ ਡਾਕਟਰੀ ਮੁਆਇਨਾਂ ਕਰ ਰਹੀਆਂ ਸਨ। ਪੁਲਸ ਨੇ ਇਸ ਸਬੰਧ 'ਚ ਕੇਂਦਰ ਦੇ ਸੰਚਾਲਕ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। 

ਜ਼ਿਲਾ ਪੁਲਸ ਪ੍ਰਮੱਖ ਸਵਪਨ ਸ਼ਰਮਾ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੋਂ ਬਾਅਦ ਜ਼ਿਲਾ ਪੁਲਸ ਬਲ ਨੇ ਧਰਮ ਦੇ ਨਾਂ 'ਤੇ ਚਲਾਏ ਜਾ ਰਹੇ ਜੰਡ ਸਾਹਿਬ ਗੁਰਮੁਖੀ ਅਕਾਦਮੀ ਜੰਡਪੁਰ (ਚਮਕੌਰ ਸਾਹਿਬ) ਨੇ ਛਾਪੇਮਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਲਗਭਗ 250 ਨੌਜਵਾਨਾਂ ਨੂੰ ਬੁਰੀ ਹਾਲਤ 'ਚ ਇਕ ਵੱਡੇ ਹਾਲ 'ਚ ਰੱਖਿਆ ਗਿਆ ਸੀ ਜੋਕਿ ਮਨੁੱਖ ਦੇ ਰਹਿਣ ਯੋਗ ਨਹੀਂ ਸੀ। ਇਸ ਬਿਲਡਿੰਗ ਨੂੰ ਇਕ ਕਿਲੇ ਦੀ ਸ਼ਕਲ ਦਿੱਤੀ ਗਈ ਸੀ ਤਾਂਕਿ ਕੋਈ ਵੀ ਨੌਜਵਾਨ ਉਥੋਂ ਭੱਜ ਨਾ ਸਕਣ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਮਾਤਾ-ਪਿਤਾ ਧਰਮ ਤੋਂ ਪ੍ਰੇਰਿਤ ਹੁੰਦੇ ਹੋਏ ਆਪਣੇ ਬੱਚਿਆਂ ਨੂੰ ਇਸ ਕੇਂਦਰ 'ਚ ਨਸ਼ਾ ਛੁਡਾਉਣ ਲਈ ਦਾਖਲ ਕਰਵਾ ਰਹੇ ਸਨ ਪਰ ਇਸ ਕੇਂਦਰ 'ਚ ਇਲਾਜ ਦੇ ਨਾਂ 'ਤੇ ਨੌਜਵਾਨਾਂ 'ਤੇ ਭਾਰੀ ਅੱਤਿਆਚਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਸੀ। 

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਨੌਜਵਾਨ ਘਰ ਜਾਣ ਲਈ ਕਹਿੰਦਾ ਸੀ ਤਾਂ ਜਾਨ ਨਹੀਂ ਦਿੱਤਾ ਜਾਂਦਾ ਸੀ ਸਗੋਂ ਉਸ ਦੀ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਖਾਣੇ 'ਚ ਸਵੇਰੇ ਸਿਰਫ ਪਤਲੀ ਖਿੱਚੜੀ ਦਿੱਤੀ ਜਾਂਦੀ ਸੀ ਅਤੇ ਸਾਰਾ ਦਿਨ ਖਾਣ ਲਈ ਕੁਝ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਸਿਰਫ ਥੋੜ੍ਹੀ ਰੋਟੀ ਅਤੇ ਦਾਲ ਦੀ ਜਾਂਦੀ ਸੀ ਪਰ ਨਸ਼ਾ ਛੁਡਾਉਣ ਲਈ ਉਥੇ ਕੋਈ ਵੀ ਦਵਾਈ-ਦਾਰੂ ਅਤੇ ਡਾਕਟਰ ਨਹੀਂ ਸੀ। ਨੌਜਵਾਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ ਅਤੇ ਵੱਖ-ਵੱਖ ਨੌਜਵਾਨਾਂ ਨੇ ਪੁਲਸ ਨੂੰ ਆਪਣੀ ਆਪਬੀਤੀ ਸੁਣਾਈ ਜੋ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀ। ਇਸ ਕੇਂਦਰ 'ਚ ਸੰਚਾਲਕਾਂ ਨੇ ਲਗਭਗ 100 ਗਊਆਂ, ਘੋੜੇ, ਕੁੱਤੇ, ਬੱਤਖਾਂ ਆਦਿ ਰੱਖੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਲਗਭਗ ਡੇਢ ਲੱਖ ਰੁਪਏ ਮੁੱਲ ਦਾ ਦੁੱਧ ਰੋਜ਼ਾਨਾ ਵੇਚਿਆ ਜਾਂਦਾ ਸੀ। ਇਸ ਦੇ ਇਲਾਵਾ ਹਰ ਨੌਜਵਾਨ ਤੋਂ ਹਰ ਮਹੀਨੇ 20 ਹਜ਼ਾਰ ਰੁਪਏ ਲਏ ਜਾਂਦੇ ਸਨ।

ਇਸ ਕੇਂਦਰ 'ਚ ਨੌਜਵਾਨਾਂ 'ਤੇ ਨਜ਼ਰ ਰੱਖਣ ਲਈ ਅਤੇ ਸੰਚਾਲਨ ਚਲਾਉਣ ਲਈ ਲਗਭਗ ਦੋ ਦਰਜਨ ਵਿਅਕਤੀ ਰੱਖੇ ਹੋਏ ਸਨ। ਇਹ ਕੇਂਦਰ ਪਿਛਲੇ ਲਗਭਗ 6 ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਇਸ ਨੂੰ ਧਾਰਮਿਕ ਸੰਸਥਾ ਦਾ ਨਾਂ ਦਿੱਤਾ ਗਿਆ ਸੀ ਤਾਂਕਿ ਕੋਈ ਵੀ ਵਿਅਕਤੀ ਇਸ 'ਤੇ ਸ਼ੱਕ ਨਾ ਕਰ ਸਕੇ ਅਤੇ ਕੇਂਦਰ 'ਚ ਦਾਖਲ ਨਾ ਹੋ ਸਕੇ। ਕੇਂਦਰ ਸੰਚਾਲਕ ਖੁਸ਼ਵਿੰਦਰ ਸਿੰਘ ਉਰਫ ਕਾਕਾ ਕਈ ਜੁਰਮਾਂ 'ਚ ਸ਼ਾਮਲ ਸੀ ਅਤੇ ਇਸ ਦੇ ਦੋ ਸਾਥੀ ਦਿਲਬਾਗ ਸਿੰਘ ਬਾਗੀ ਅਤੇ ਅਮਨਦੀਪ ਸਿੰਘ ਕੇਅਰਟੇਕਰ ਦੇ ਰੂਪ 'ਚ ਰਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉਕਤ ਕੇਂਦਰ 'ਤੇ ਛਾਪੇਮਾਰੀ ਕਰਕੇ ਲਗਭਗ 250 ਨੌਜਵਾਨਾਂ ਨੂੰ ਨਸ਼ਾ ਕੇਂਦਰ ਦੇ ਸੰਚਾਲਕਾਂ ਦੇ ਚੁੰਗਲ ਤੋਂ ਛੁਡਵਾਇਆ ਗਿਆ ਹੈ।