ਤੀਜੇ ਦਿਨ ਨਹੀਂ ਹੋਏ ਡਰਾਈਵਿੰਗ ਟੈਸਟ, 150 ਤੋਂ ਵੱਧ ਬਿਨੇਕਾਰ ਹੋਏ ਪ੍ਰੇਸ਼ਾਨ

01/24/2019 2:45:38 PM

ਜਲੰਧਰ (ਅਮਿਤ)— ਟਰਾਂਸਪੋਰਟ ਵਿਭਾਗ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਖੋਲ੍ਹੇ ਗਏ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ 'ਤੇ ਆਉਣ ਵਾਲੇ ਬਿਨੇਕਾਰਾਂ ਨੂੰ ਆਏ ਦਿਨ ਕਿਸੇ ਨਾ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਬੁੱਧਵਾਰ ਨੂੰ ਵੀ ਟਰੈਕ 'ਤੇ ਆਪਣੇ ਲਾਇਸੈਂਸ ਲਈ ਟੈਸਟ ਦੇਣ ਆਉਣ ਵਾਲੇ ਬਿਨੈਕਾਰਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ, ਕਿਉਂਕਿ  ਕੈਮਰਿਆਂ 'ਚ ਆਈ ਤਕਨੀਕੀ ਖਰਾਬੀ ਕਾਰਨ ਲਗਾਤਾਰ ਤੀਜੇ ਦਿਨ ਚੌਪਹੀਆ ਵਾਹਨਾਂ ਦਾ ਇਕ ਵੀ  ਡਰਾਈਵਿੰਗ ਟੈਸਟ ਨਹੀਂ ਹੋ ਸਕਿਆ, ਜਿਸ ਕਾਰਨ ਲਗਭਗ 150 ਬਿਨੇਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।  ਭਾਵੇਂ ਦੋਪਹੀਆ ਵਾਹਨਾਂ ਦਾ ਟੈਸਟ ਫਿਰ ਸ਼ੁਰੂ ਹੋ ਗਿਆ ਪਰ ਚੌਪਹੀਆ ਵਾਹਨਾਂ ਦੇ ਟੈਸਟ 'ਚ ਆਇਆ ਫਾਲਟ ਸ਼ਾਮ ਤੱਕ ਠੀਕ ਨਹੀਂ ਕੀਤਾ ਜਾ ਸਕਿਆ ਸੀ।

ਟੈਕਨੀਕਲ ਐਕਸਪਰਟ 'ਤੇ ਜਾਣਬੁੱਝ ਕੇ ਨਾ ਆਉਣ ਦੇ ਲੱਗ ਰਹੇ ਗੰਭੀਰ ਦੋਸ਼
ਨਿੱਜੀ ਕੰਪਨੀ ਵਲੋਂ ਟਰੈਕ 'ਤੇ ਤਾਇਨਾਤ ਟੈਕਨੀਕਲ ਐਕਸਪਰਟ 'ਤੇ ਇਥੇ ਆਉਣ ਵਾਲੇ ਹਰ ਛੋਟੇ-ਵੱਡੇ  ਫਾਲਟ ਨੂੰ ਠੀਕ ਕਰਨ ਦਾ ਜ਼ਿੰਮਾ ਹੈ। ਟਰੈਕ 'ਤੇ ਤਾਇਨਾਤ ਕਰਮਚਾਰੀਆਂ ਦਾ ਕਹਿਣਾ ਹੈ ਕਿ  ਐਕਸਪਰਟ ਨੂੰ ਵਾਰ-ਵਾਰ ਸੂਚਨਾ ਦੇਣ ਦੇ ਬਾਵਜੂਦ ਉਹ ਜਾਣ-ਬੁੱਝ ਕੇ ਨਹੀਂ ਆ ਰਿਹਾ, ਜਿਸ ਦਾ  ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਬਾਰੇ ਜਦੋਂ ਟੈਕਨੀਕਲ ਐਕਸਪਰਟ ਨਾਲ  ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। 

ਤਕਨੀਕੀ ਖਰਾਬੀ ਕਾਰਨ ਕੁਝ ਦੇਰ ਬੰਦ ਰਿਹਾ ਕੰਮ : ਸੈਕਰੇਟਰੀ ਆਰ. ਟੀ. ਏ.
ਸੈਕਰੇਟਰੀ  ਆਰ. ਟੀ. ਏ. ਕੰਵਲਜੀਤ ਸਿੰਘ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਫਾਲਟ ਆਇਆ ਸੀ ਜਿਸ  ਨੂੰ ਟੈਕਨੀਕਲ ਟੀਮ ਨੇ ਕੁੱਝ ਦੇਰ ਬਾਅਦ ਠੀਕ ਕਰ ਲਿਆ ਸੀ, ਜਿਸ ਕਾਰਨ ਦੋਪਹੀਆ ਵਾਹਨਾਂ ਦੇ  ਟੈਸਟ ਸਵੇਰੇ ਚਾਲੂ ਹੋ ਗਏ ਸਨ। ਚੌਪਹੀਆ ਵਾਹਨਾਂ ਦੇ ਟੈਸਟ 'ਚ ਆਈ ਤਕਨੀਕੀ ਖਰਾਬੀ ਜਲਦੀ  ਠੀਕ ਹੋ ਜਾਵੇਗੀ।

Shyna

This news is Content Editor Shyna