ਭਤੀਜੇ ਤੇ ਨੂੰਹ ਨੇ ਚਾਚੀ ਸੱਸ ਨੂੰ ਖਿਲਾਈ ਜ਼ਬਰਦਸਤੀ ਜ਼ਹਿਰ,ਮਾਮਲਾ ਦਰਜ

08/09/2019 7:30:34 PM

ਭੋਗਪੁਰ,(ਸੂਰੀ): ਥਾਣਾ ਭੋਗਪੁਰ ਦੇ ਪਿੰਡ ਗੇਹਲੜਾਂ 'ਚ ਘਰੇਲੂ ਵਿਵਾਦ ਦੇ ਚੱਲਦਿਆਂ ਇਕ ਨੂੰਹ ਤੇ ਉਸ ਦੇ ਪਤੀ ਵੱਲੋਂ ਆਪਣੀ ਚਾਚੀ ਸੱਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਬਰਦਸਤੀ ਜ਼ਹਿਰ ਖਿਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਅਮਰਜੀਤ ਕੌਰ ਪਤਨੀ ਅਸ਼ੋਕ ਕੁਮਾਰ ਵਾਸੀ ਗੇਹਲੜਾਂ ਨੇ ਥਾਣਾ ਭੋਗਪੁਰ ਨੇ ਬਿਆਨ ਦਿੱਤਾ ਕਿ ਉਹ ਆਪਣੇ ਘਰ ਵਿਚ ਮੌਜੂਦ ਸੀ। ਇਸੇ ਘਰ 'ਚ ਉਸ ਦੀ ਭਤੀਜ ਨੂੰਹ ਨੀਤੂ ਤੇ ਉਸ ਦਾ ਪਤੀ ਬਲਜਿੰਦਰ ਕੁਮਾਰ ਰਹਿੰਦੇ ਹਨ। ਇਸ ਘਰ ਦਾ ਇਕ ਕਮਰਾ ਅਮਰਜੀਤ ਕੌਰ ਕੋਲ ਹੈ ਤੇ ਦੂਸਰਾ ਕਮਰੇ 'ਚ ਉਸ ਦੀ ਭਤੀਜ ਨੂੰਹ ਨੀਤੂ ਤੇ ਉਸ ਦਾ ਪਤੀ ਬਲਜਿੰਦਰ ਕੁਮਾਰ ਰਹਿੰਦੇ ਹਨ ਤੇ ਦੋਨਾਂ ਪਰਿਵਾਰਾਂ ਦੀ ਰਸੋਈ ਸਾਂਝੀ ਹੈ। ਅਮਰਜੀਤ ਕੌਰ ਨੇ ਦੱਸਿਆ ਹੈ ਕਿ ਉਹ ਰਸੋਈ 'ਚ ਕੰਮ ਕਰ ਰਹੀ ਸੀ ਤਾਂ ਇਸੇ ਦੌਰਾਨ ਉਸ ਦੀ ਭਤੀਜ ਨੂੰਹ ਨੀਤੂ ਰਸੋਈ 'ਚ ਆ ਕੇ ਰਸੋਈ 'ਚ ਲੱਗੇ ਭਾਂਡੇ ਧੋਣ ਵਾਲੇ ਸਿੰਕ ਨੂੰ ਤੋੜਨ ਲੱਗ ਪਈ। ਜਦੋਂ ਅਮਰਜੀਤ ਕੌਰ ਨੇ ਉਸ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਅਮਰਜੀਤ ਕੌਰ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਅਮਰਜੀਤ ਕੌਰ ਰਸੋਈ ਦੇ ਬਾਹਰ ਵਿਹੜੇ 'ਚ ਡਿੱਗ ਪਈ। ਇਸੇ ਦੌਰਾਨ ਨੀਤੂ ਤੇ ਉਸ ਦਾ ਪਤੀ ਬਲਜਿੰਦਰ ਕੁਮਾਰ ਅਮਰਜੀਤ ਕੌਰ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਨੀਤੂ ਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਕਮਰੇ ਵਿਚ ਗੋਲੀ ਕਣਕ 'ਚ ਰੱਖਣ ਵਾਲੀ ਜ਼ਹਿਰਲੀ ਗੋਲੀ ਰੱਖੀ ਹੈ ਉਹ ਲਿਆ ਤੇ ਅੱਜ ਇਸ ਦਾ ਕੰਮ ਨਿਬੇੜ ਦਿੰਦੇ ਹਾਂ।

ਅਮਰਜੀਤ ਕੌਰ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਬਲਜਿੰਦਰ ਕੁਮਾਰ ਤੇ ਉਸ ਦੀ ਪਤਨੀ ਨੀਤੂ ਨੇ ਕਣਕ ਵਿਚ ਰੱਖਣ ਵਾਲੀ ਸਲਫਾਸ ਦੀ ਗੋਲੀ ਜ਼ਬਰਦਸਤੀ ਅਮਰਜੀਤ ਦੇ ਮੂੰਹ ਵਿਚ ਪਾ ਦਿੱਤੀ ਅਤੇ ਅਮਰਜੀਤ ਕੌਰ ਦੇ ਮੂੰਹ ਵਿਚ ਜ਼ਬਰਦਸਤੀ ਪਾਣੀ ਪਾ ਦਿੱਤਾ। ਇਸ ਦੌਰਾਨ ਨੀਤੂ ਆਪਣੀ ਚਾਚੀ ਸੱਸ ਅਮਰਜੀਤ ਕੌਰ ਦੇ ਥੱਪੜ ਮਾਰਦੀ ਰਹੀ। ਜ਼ਹਿਰ ਸਰੀਰ ਵਿਚ ਚੱਲੇ ਜਾਣ ਕਾਰਨ ਅਮਰਜੀਤ ਕੌਰ ਨੇ ਰੌਲਾ ਪਾਇਆ ਕਿ ਮੈਨੂੰ ਬਚਾ ਲਓ ਇਨ੍ਹਾਂ ਨੇ ਮੈਨੂੰ ਜ਼ਹਿਰ ਦੇ ਦਿੱਤਾ ਹੈ ਤਾਂ ਨਜ਼ਦੀਕੀ ਘਰ ਵਿਚ ਅਮਰਜੀਤ ਕੌਰ ਦੀ ਜਠਾਣੀ ਨਿਰਮਲਾ ਅਤੇ ਦਲਜੀਤ ਸਿੰਘ ਆ ਗਏ। ਜਿਨ੍ਹਾਂ ਨੇ ਅਮਰਜੀਤ ਕੌਰ ਦੇ ਬਚਾਅ ਲਈ ਪਾਣੀ ਵਿਚ ਨਮਕ ਪਾ ਕੇ ਅਮਰਜੀਤ ਕੌਰ ਨੂੰ ਪਿਲਾਇਆ ਜਿਸ ਕਾਰਨ ਅਮਰਜੀਤ ਨੂੰ ਉਲਟੀਆਂ ਆ ਗਈਆਂ। ਇਸੇ ਦੌਰਾਨ ਅਮਰਜੀਤ ਕੌਰ ਦਾ ਪਤੀ ਅਸ਼ੋਕ ਕੁਮਾਰ ਵੀ ਆ ਗਿਆ ਅਤੇ ਗੰਭੀਰ ਹਾਲਤ ਵਿਚ ਅਮਰਜੀਤ ਕੌਰ ਨੂੰ ਸਰਕਾਰੀ ਹਸਪਤਾਲ ਕਾਲਾ ਬਕਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਅਮਰਜੀਤ ਕੌਰ ਦੀ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਅਤੇ ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਣ ਕਾਰਨ ਉਸ ਨੂੰ ਜਲੰਧਰ ਇਕ ਨਿੱਜੀ ਹਸਤਾਲ ਵਿਚ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਵੱਲੋਂ ਅਮਰਜੀਤ ਕੌਰ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਅਮਰਜੀਤ ਕੌਰ ਨੇ ਦੱਸਿਆ ਹੈ ਕਿ ਇਹ ਦੋਵੇਂ ਪਤੀ-ਪਤਨੀ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਘਰੋਂ ਕੱਢਣਾ ਚਾਹੁੰਦੇ ਹਨ। ਜਿਸ ਕਰਕੇ ਇਨ੍ਹਾਂ ਦੋਵਾਂ ਨੇ ਉਸ ਨਾਲ ਇਹ ਵਾਰਦਾਤ ਕੀਤੀ ਹੈ। ਪੁਲਸ ਵਲੋਂ ਨੀਤੂ ਤੇ ਉਸ ਦੇ ਪਤੀ ਬਲਜਿੰਦਰ ਕੁਮਾਰ ਪੁੱਤਰ ਮੱਖਣ ਰਾਮ ਵਾਸੀ ਪਿੰਡ ਗੇਹਲੜਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਭੋਗਪੁਰ ਪੁਲਸ ਵੱਲੋਂ ਬਲਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨੀਤੂ ਫਰਾਰ ਦੱਸੀ ਜਾ ਰਹੀ ਹੈ।