ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ’ਚ 7 ਨੂੰ ਲਾਇਆ ਜਾਵੇਗਾ ਧਰਨਾ : ਖੋਜੇਵਾਲ

07/06/2020 1:04:55 AM

ਕਪੂਰਥਲਾ, (ਮੱਲ੍ਹੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਜਰਨੈਲ ਸਿੰਘ ਡੋਗਰਾਂਵਾਲ, ਮਨਮੋਹਨ ਸਿੰਘ ਵਾਲੀਆ, ਹਰਬੰਸ ਸਿੰਘ ਵਾਲੀਆ, ਕੁਲਵੰਤ ਸਿੰਘ ਜੋਸਨ, ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ, ਪਰਮਿੰਦਰ ਸਿੰਘ ਬੌਬੀ, ਵਿਵੇਕ ਸਿੰਘ ਸੰਨੀ ਆਦਿ ਪਾਰਟੀ ਆਗੂ ਸ਼ਾਮਲ ਹੋਏ।

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ’ਚ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਉਲੀਕੇ ਰੋਸ ਧਰਨੇ ਦੇ ਪ੍ਰੋਗਰਾਮ ’ਚ ਭਾਰੀ ਗਿਣਤੀ ’ਚ ਪਾਰਟੀ ਨਾਲ ਸਬੰਧਤ ਆਗੂ ਤੇ ਵਰਕਰ ਵੱਧ-ਚਡ਼੍ਹ ਕੇ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਧਰਨਿਆਂ ਦੌਰਾਨ ਪੰਜਾਬ ਦੀ ਕਗਰਸ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਦੇ ਨਾਮ ਕੱਟਣ ਤੇ ਕੇਂਦਰ ਸਰਕਾਰ ਵੱਲੋਂ ਭੇਜੇ ਮੁਫਤ ਅਨਾਜ ਦੀ ਵੰਡ ਨਾ ਕਰਨ ਦੇ ਵਿਰੋਧ ’ਚ ਮੌਜੂਦਾ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਿਨੋਂ-ਦਿਨ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਰੋਸ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕੇ ਡੀਜ਼ਲ ਦੀ ਕੀਮਤ ਵਾਧੇ ਦਾ ਸਭ ਤੋਂ ਮਾਰੂ ਅਸਰ ਕਿਸਾਨਾਂ ’ਤੇ ਪੈ ਰਿਹਾ ਹੈ ਕਿਉਂਕੇ ਝੋਨੇ ਦੀ ਲਵਾਈ ਕਾਰਣ ਕਿਸਾਨ ਡੀਜ਼ਲ ਦੀ ਵੱਧ ਤੋਂ ਵੱਧ ਵਰਤੋਂ ਜੂਨ-ਜੁਲਾਈ ਵਿਚ ਕਰਦੇ ਹਨ। ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਦੇ ਲਗਭਗ 19 ਰੂਪਏ ਵੈਟ ਤੇ ਪੰਜਾਬ ਸਰਕਾਰ ਦੇ ਲਗਭਗ 33 ਰੁਪਏ ਵੈਟ ਤੇ ਜੋ ਕੇਂਦਰ ਦੇ ਟੈਕਸਾਂ ’ਚੋਂ ਵਾਪਸ ਮਿਲਦੇ ਟੈਕਸ ਪਾ ਕੇ ਬਣਦੇ ਹਨ, ਦੇ ’ਚੋਂ ਦਸ-ਦਸ ਰੁਪਏ ਕੇਂਦਰ ਤੇ ਪੰਜਾਬ ਸਰਕਾਰ ਤੋਂ ਘਟਾਉਣ ਦੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਅਪੀਲ ਕੀਤੀ ਕਿ ਪਾਰਟੀ ਵਰਕਰ ਵੱਧ-ਚਡ਼੍ਹ ਕੇ ਇਸ ਰੋਸ ਧਰਨੇ ਨੂੰ ਸ਼ਾਮਲ ਹੋਣ ਤੇ ਸਫਲ ਬਣਾਉਣ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਰੋਸ ਧਰਨੇ ਦੌਰਾਨ ਸੋਸਲ ਡਿਸਟੈਂਸ ਤੇ ਮਾਸਕ ਆਦਿ ਨਿਯਮਾਂ ਦੀ ਪਾਲਣਾਂ ਵੀ ਯਕੀਨੀ ਬਣਾਉਣ।

Bharat Thapa

This news is Content Editor Bharat Thapa