ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਵੱਖ-ਵੱਖ ਕੇਸਾਂ ਦੀ ਕੀਤੀ ਸਮੀਖਿਆ

01/29/2020 2:45:52 PM

ਕਪੂਰਥਲਾ (ਮਹਾਜਨ, ਮਲਹੋਤਰਾ)— ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਵੱਖ-ਵੱਖ ਕੇਸਾਂ ਦੀ ਸਮੀਖਿਆ ਕੀਤੀ। ਜਿਨ੍ਹਾਂ ਵਿਚ ਅਨੁਸੂਚਿਤ ਜਾਤੀਆਂ ਉੱਤੇ ਅੱਤਿਆਚਾਰ ਰੋਕਥਾਮ ਐਕਟ, ਸਿਵਲ, ਫੌਜਦਾਰੀ, ਪੈਰੋਲ ਅਤੇ ਹਿਰਾਸਤੀ ਮੌਤਾਂ ਸਬੰਧੀ ਕੇਸ ਸ਼ਾਮਲ ਸਨ। ਇਸ ਦੌਰਾਨ ਸ਼੍ਰੀਮਤੀ ਉੱਪਲ ਨੇ ਇਨ੍ਹਾਂ ਕੇਸਾਂ ਸਬੰਧੀ ਲੰਬਿਤ ਜਾਂਚ ਰਿਪੋਰਟਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸਰਵਿਸ ਮਾਮਲਿਆਂ ਸਬੰਧੀ ਬਕਾਇਆ ਪਏ ਕੇਸਾਂ ਦੀ ਵੀ ਮਹਿਕਮੇ ਵਾਈਜ਼ ਰਿਪੋਰਟ ਪ੍ਰਾਪਤ ਕੀਤੀ ਅਤੇ ਇਨ੍ਹਾਂ ਦਾ ਫੌਰਨ ਨਿਪਟਾਰਾ ਕਰਨ ਲਈ ਕਿਹਾ। ਇਸੇ ਤਰ੍ਹਾਂ ਉਨ੍ਹਾਂ ਜ਼ਿਲੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਧਾਰਾ 144 ਅਧੀਨ ਜਾਰੀ ਹੁੰਦੇ ਹੁਕਮਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਫਰਜ਼ੀ ਟ੍ਰੈਵਲ ਏਜੰਸੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਟ੍ਰੈਵਲ ਏਜੰਸੀਆਂ ਦੀ ਲਗਾਤਾਰ ਚੈਕਿੰਗ ਕਰਨ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਹੁਣ ਤੱਕ ਕੀਤੇ ਕੰਮਾਂ ਦੀ ਸਮੀਖਿਆ ਕੀਤੀ।

'ਸੁਰੱਖਿਅਤ ਸਕੂਲ ਵਾਹਨ ਸਕੀਮ' ਨੂੰ ਸਖਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਇਤ
ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 'ਸੁਰੱਖਿਅਤ ਸਕੂਲ ਵਾਹਨ ਸਕੀਮ' ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਆਵਾਰਾ ਪਸ਼ੂਆਂ ਕਾਰਣ ਆਵਾਜਾਈ ਵਿਚ ਪੈਂਦੇ ਵਿਘਨ ਅਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਮੇਟੀ ਮੈਂਬਰਾਂ ਦੇ ਸੁਝਾਅ ਲਏ। ਇਸ ਤੋਂ ਇਲਾਵਾ ਸੜਕਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਇਸ ਸਬੰਧੀ ਸਕੂਲਾਂ-ਕਾਲਜਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਬਾਜ਼ਾਰਾਂ ਵਿਚ ਕੀਤੀ ਜਾਣ ਵਾਲੀ ਗ਼ਲਤ ਪਾਰਕਿੰਗ ਨੂੰ ਕੰਟਰੋਲ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣ।

ਮੀਟਿੰਗ ਦੌਰਾਨ ਇਹ ਅਧਿਕਾਰੀ ਵੀ ਰਹੇ ਮੌਜੂਦ
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐੱਸ. ਡੀ. ਐੱਮ. ਵਰਿੰਦਰ ਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ, ਡੀ. ਐੱਸ. ਪੀ. ਡਾ. ਮੁਕੇਸ਼, ਉੱਪ ਜ਼ਿਲਾ ਅਟਾਰਨੀ ਅਨਿਲ ਕੁਮਾਰ, ਸਹਾਇਕ ਜ਼ਿਲਾ ਅਟਾਰਨੀ ਅਰਵਿੰਦ ਸਹਾਏ, ਤਹਿਸੀਲਦਾਰ ਫਗਵਾੜਾ ਨਵਦੀਪ ਸਿੰਘ, ਜ਼ਿਲਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲਾ ਗਾਈਡੈਂਸ ਕਾਊਂਸਲਰ ਪਰਮਜੀਤ ਸਿੰਘ, ਐੱਸ. ਡੀ. ਓ. ਜਤਿੰਦਰ ਕੁਮਾਰ ਤੇ ਹਰਭਜਨ ਸਿੰਘ, ਐੱਸ. ਆਈ. ਟ੍ਰੈਫਿਕ ਦਰਸ਼ਨ ਸਿੰਘ, ਐਡਵੋਕੇਟ ਚੰਦਨ ਪੁਰੀ, ਰਮਨਦੀਪ ਸਿੰਘ, ਸੁਪਰਡੈਂਟ ਬੀ. ਪੀ. ਡਾਵਰ, ਰੀਡਰ ਨਰਿੰਦਰ ਸਿੰਘ ਚੀਮਾ, ਐੱਮ. ਏ. ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ ਤੇ ਹੋਰ ਅਧਿਕਾਰੀ ਮੌਜੂਦ ਸਨ।

shivani attri

This news is Content Editor shivani attri