ਮਿੰਨੀ ਸੈਕਟਰੀ ਆਰ. ਟੀ. ਓ. ਬਣਿਆ ਠੇਕੇ ''ਤੇ ਰੱਖਿਆ ਡਾਟਾ ਐਂਟਰੀ ਆਪ੍ਰੇਟਰ, ਨਾਕੇ ਦੌਰਾਨ ਕੱਟੇ ਚਲਾਨ

01/04/2020 2:13:16 PM

ਜਲੰਧਰ (ਚੋਪੜਾ)— ਟਰਾਂਸਪੋਰਟ ਵਿਭਾਗ ਦੇ ਨਿਯਮਾਂ ਨੂੰ ਟਿੱਚ ਜਾਣਦਿਆਂ ਬੀਤੇ ਦਿਨ ਆਰ. ਟੀ. ਓ. ਦਫਤਰ 'ਚ ਪ੍ਰਾਈਵੇਟ ਤੌਰ 'ਤੇ ਤਾਇਨਾਤ ਡਾਟਾ ਐਂਟਰੀ ਆਪ੍ਰੇਟਰ ਇਕ ਵਾਰ ਫਿਰ ਮਿੰਨੀ ਸੈਕਟਰੀ ਆਰ. ਟੀ. ਓ. ਬਣਿਆ। ਉਸ ਨੇ ਬੀ. ਐੱਮ. ਸੀ. ਚੌਕ 'ਚ ਨਾਕੇ ਦੌਰਾਨ ਧੜਾਧੜ ਵਾਹਨ ਚਾਲਕਾਂ ਦੇ ਚਲਾਨ ਕੱਟੇ। ਹੈਰਾਨੀ ਦੀ ਗੱਲ ਇਹ ਸੀ ਕਿ ਇਸ ਦੌਰਾਨ ਸੈਕਟਰੀ ਆਰ. ਟੀ. ਓ. ਡਾ. ਨਯਨ ਜੱਸਲ ਆਪਣੀ ਗੱਡੀ 'ਚ ਮੋਬਾਇਲ ਚਲਾਉਂਦੀ ਰਹੀ। ਨਾਕੇ ਦੌਰਾਨ ਡਾ. ਨਯਨ ਦੇ ਸਕਿਓਰਿਟੀ ਗਾਰਡ ਅਤੇ ਹੋਰ ਪ੍ਰਾਈਵੇਟ ਕਰਮਚਾਰੀ ਵਾਹਨਾਂ ਨੂੰ ਜਾਂਚ ਲਈ ਰੋਕ ਰਹੇ ਸਨ ਅਤੇ ਪੰਜਾਬ ਟਰਾਂਸਪੋਰਟ ਅਥਾਰਟੀ ਵਲੋਂ ਠੇਕੇ 'ਤੇ ਰੱਖਿਆ ਡਾਟਾ ਐਂਟਰੀ ਆਪ੍ਰੇਟਰ ਬੰਟੀ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਸਣੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਚਲਾਨ ਕੱਟ ਰਿਹਾ ਸੀ। ਇਸ ਦੌਰਾਨ ਕਿਸ ਵਾਹਨ ਚਾਲਕ ਦਾ ਚਲਾਨ ਕੱਟਣਾ ਹੈ ਅਤੇ ਕਿਸ ਨੂੰ ਛੱਡਣਾ ਹੈ, ਇਸ ਦਾ ਫੈਸਲਾ ਵੀ ਡਾਟਾ ਐਂਟਰੀ ਆਪ੍ਰੇਟਰ ਦੇ ਹੱਥਾਂ ਵਿਚ ਸੀ। ਨਾਕੇ ਦੌਰਾਨ ਬੰਟੀ ਦੀ ਮਰਜ਼ੀ 'ਤੇ ਹੀ ਹਰੇਕ ਫੈਸਲਾ ਡਿਪੈਂਡ ਕਰਦਾ ਸੀ।

ਡਾ. ਨਯਨ ਦੇ ਸਕਿਓਰਿਟੀ ਗਾਰਡ ਅਤੇ ਹੋਰ ਪ੍ਰਾਈਵੇਟ ਕਰਿੰਦੇ ਵੀ ਬੰਟੀ ਦੇ ਇਸ਼ਾਰੇ 'ਤੇ ਕਾਰਵਾਈ ਕਰ ਰਹੇ ਸਨ। ਇਸ ਦੌਰਾਨ ਆਪਣੇ ਸਾਰੇ ਅਧਿਕਾਰ ਨਿੱਜੀ ਕਰਮਚਾਰੀ ਨੂੰ ਦੇ ਕੇ ਡਾ. ਨਯਨ ਜੱਸਲ ਖੁਦ ਮੋਬਾਇਲ ਚਲਾਉਣ 'ਚ ਬਿਜ਼ੀ ਰਹੀ। ਨਾਕੇ ਦੌਰਾਨ ਸਟਾਫ ਨੇ ਆਟੋ, ਈ-ਰਿਕਸ਼ਾ, ਕਾਰਾਂ ਅਤੇ ਹੋਰ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 17 ਵਾਹਨਾਂ ਦੇ ਚਲਾਨ ਕੱਟੇ। ਨਾਕੇ 'ਤੇ ਡਾਟਾ ਐਂਟਰੀ ਆਪ੍ਰੇਟਰ ਦੀ ਭੂਮਿਕਾ ਬਾਰੇ ਜਦੋਂ ਡਾ. ਨਯਨ ਜੱਸਲ ਕੋਲੋਂ ਜਾਣਕਾਰੀ ਮੰਗੀ ਗਈ ਤਾਂ ਉਹ ਕੋਈ ਜਵਾਬ ਦੇਣ ਦੀ ਬਜਾਏ ਗੱਡੀ 'ਚੋਂ ਉਤਰ ਕੇ ਖੁਦ ਚੈਕਿੰਗ ਕਰਨ ਲੱਗੀ ਅਤੇ ਕੁਝ ਸਮੇਂ ਬਾਅਦ ਨਾਕਾ ਖਤਮ ਕਰਕੇ ਕਰਮਚਾਰੀਆਂ ਨਾਲ ਉਥੋਂ ਚਲੀ ਗਈ।

ਜ਼ਿਕਰਯੋਗ ਹੈ ਕਿ ਸੈਕਟਰੀ ਆਰ. ਟੀ. ਓ. ਵੱਲੋਂ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਅਕਸਰ ਉਨ੍ਹਾਂ ਵਲੋਂ ਲਾਏ ਗਏ ਨਾਕਿਆਂ ਦੌਰਾਨ ਅਜਿਹੇ ਪ੍ਰਾਈਵੇਟ ਕਰਮਚਾਰੀ ਸਰਗਰਮ ਦਿਸਦੇ ਹਨ। ਬੀਤੀ 27 ਨਵੰਬਰ ਨੂੰ ਵੀ ਡਾਟਾ ਐਂਟਰੀ ਆਪ੍ਰੇਟਰ ਵਲੋਂ ਹਾਈਵੇ 'ਤੇ ਚਲਾਨ ਕੱਟਣ ਦਾ ਮਾਮਲਾ ਅਖਬਾਰ 'ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਥੋਂ ਤੱਕ ਕਿ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਚਲਾਨ ਕੱਟਣ ਦੀ ਕਮਾਂਡ ਪ੍ਰਾਈਵੇਟ ਕਰਿੰਦਿਆਂ ਦੇ ਹੱਥਾਂ ਵਿਚ ਦੇਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਆਰ. ਟੀ. ਓ. ਵਿਚ ਤਾਇਨਾਤ ਪ੍ਰਾਈਵੇਟ ਕਰਮਚਾਰੀਆਂ ਕੋਲ ਨਾਕਾਬੰਦੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਾਈਵੇਟ ਕਰਿੰਦਿਆਂ ਵਲੋਂ ਸੜਕਾਂ 'ਤੇ ਨਾਕਾਬੰਦੀ ਦੌਰਾਨ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਅਤੇ ਚਲਾਨ ਕੱਟਣਾ ਸਰਾਸਰ ਗਲਤ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਸੂਬੇ ਦੇ ਸਾਰੇ ਸੈਕਟਰੀ ਆਰ. ਟੀ. ਓ. ਨੂੰ ਸਖ਼ਤ ਹਦਾਇਤਾਂ ਜਾਰੀ ਕਰੇਗੀ ਕਿ ਉਹ ਪ੍ਰਾਈਵੇਟ ਕਰਮਚਾਰੀਆਂ ਨੂੰ ਨਾਕਿਆਂ 'ਤੇ ਨਾਲ ਲੈ ਕੇ ਨਾ ਜਾਣ ਪਰ ਟਰਾਂਸਪੋਰਟ ਮੰਤਰੀ ਦੇ ਕਥਨ ਨੂੰ ਨਜ਼ਰ-ਅੰਦਾਜ਼ ਕਰਦਿਆਂ ਨਾਕੇ ਦੌਰਾਨ ਫਿਰ ਤੋਂ ਉਸੇ ਤਰ੍ਹਾਂ ਦੇ ਹਾਲਾਤ ਨਜ਼ਰ ਆਏ।

shivani attri

This news is Content Editor shivani attri