ਗੜ੍ਹਸ਼ੰਕਰ ’ਚ ਡੇਂਗੂ ਨੇ 20 ਸਾਲਾ ਨੌਜਵਾਨ ਦੀ ਲਈ ਜਾਨ

10/31/2021 8:49:42 PM

ਗੜ੍ਹਸ਼ੰਕਰ (ਸ਼ੋਰੀ)-ਜ਼ਿਲ੍ਹੇ ਭਰ ’ਚ ਵਧ ਰਹੇ ਡੇਂਗੂ ਦੇ ਕੇਸਾਂ ਦੀ ਲੜੀ ਤਹਿਤ ਗੜ੍ਹਸ਼ੰਕਰ ’ਚ ਡੇਂਗੂ ਦੀ ਦਸਤਕ ਨਾਲ ਬੀਤੇ ਦਿਨ ਇਕ 20 ਸਾਲਾ ਨੌਜਵਾਨ ਦੀ ਡੇਂਗੂ ਨਾਲ ਮੌਤ ਹੋ ਗਈ। ਚਿਰਾਗ ਸੋਨੀ ਪੁੱਤਰ ਹੈਪੀ ਸੋਨੀ ਨੂੰ ਦੋ ਦਿਨ ਪਹਿਲਾਂ ਹਲਕਾ ਬੁਖਾਰ ਅਤੇ ਫਿਰ ਤੇਜ਼ੀ ਨਾਲ ਸੈੱਲਾਂ ਦੀ ਘਾਟ ਹੋ ਗਈ। ਚਿਰਾਗ ਸੋਨੀ ਦੇ ਇਲਾਜ ਲਈ ਉਸ ਨੂੰ ਸ਼ਨੀਵਾਰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਸ਼ਾਮ ਤੱਕ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸੈੱਲ ਵੀ ਟਰਾਂਸਫਰ ਕੀਤੇ ਗਏ ਪਰ ਨਿਰੰਤਰ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਇਲਾਜ ਲਈ ਲਿਜਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਡੇਂਗੂ ਕਾਰਨ ਹੋਈ ਇਸ ਮੌਤ ਨਾਲ ਸ਼ਹਿਰ ਵਾਸੀਆਂ ’ਚ ਜਿੱਥੇ ਡੇਂਗੂ ਸੰਬੰਧੀ ਕਾਫ਼ੀ ਡਰ ਪਾਇਆ ਜਾ ਰਿਹਾ ਹੈ, ਉਸ ਦੇ ਨਾਲ ਹੀ ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਲੋਕ ਨਾਖੁਸ਼ ਨਜ਼ਰ ਆ ਰਹੇ ਹਨ।

ਨਗਰ ਕੌਂਸਲ ਦੇ ਢਿੱਲੇ ਪ੍ਰਬੰਧਾਂ ’ਤੇ ਐੱਸ. ਐੱਮ. ਓ. ਨੇ ਚੁੱਕੇ ਸਵਾਲ
ਸਰਕਾਰੀ ਹਸਪਤਾਲ ਤੋਂ ਐੱਸ. ਐੱਮ. ਓ. ਇੰਚਾਰਜ ਡਾ. ਰਮਨ ਕੁਮਾਰ ਅਨੁਸਾਰ ਉਨ੍ਹਾਂ ਨੇ ਨਗਰ ਕੌਂਸਲ ਗੜ੍ਹਸ਼ੰਕਰ ਅਤੇ ਐੱਸ. ਡੀ. ਐੱਮ. ਗੜ੍ਹਸ਼ੰਕਰ ਨੂੰ ਲਿਖਤੀ ਪੱਤਰ ਰਾਹੀਂ ਅੱਜ ਤੋਂ 20 ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਸ਼ਹਿਰ ਦੀ ਹਰ ਗਲੀ, ਮੁਹੱਲੇ, ਵਾਰਡ ਵਿਚ ਮੱਛਰ ਮਾਰਨ ਵਾਲੀ ਸਪਰੇਅ ਯਕੀਨਨ ਤੌਰ ’ਤੇ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮਲੇਰੀਆ ਜਾਂ ਡੇਂਗੂ ਦਾ ਮੱਛਰ ਸੱਤ ਦਿਨਾਂ ਦਾ ਸਰਕਲ ਪਾ ਕੇ ਆਂਡੇ ਤੋਂ ਲਾਰਵਾ ਤੋਂ ਮੱਛਰ ਦਾ ਰੂਪ ਲੈਂਦਾ ਹੈ, ਇਸ ਲਈ ਹਰ ਸੱਤਵੇਂ ਦਿਨ ਮੁੜ ਉਸੇ ਸਥਾਨ ’ਤੇ ਮੁੜ ਸਪਰੇਅ ਯਕੀਨਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹਾਲਤ ਤਾਂ ਉਨ੍ਹਾਂ ਨੂੰ ਨਹੀਂ ਪਤਾ ਪਰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ’ਚ ਪਿਛਲੇ 20 ਦਿਨਾਂ ਅੰਦਰ ਸਿਰਫ ਇਕ ਵਾਰ ਹੀ ਫੌਗਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਪਣੇ ਪੱਤਰ ਵਿਚ ਉਨ੍ਹਾਂ ਨੇ ਸਰਕਾਰੀ ਹਸਪਤਾਲ ਦੇ ਅੱਗੇ ਤੋਂ ਜਾਣ ਵਾਲੇ ਇਕ ਨਾਲੇ ਦੀ ਸਫਾਈ ਸਬੰਧੀ ਵੀ ਬੇਨਤੀ ਕੀਤੀ ਸੀ, ਜੋ ਅੱਜ ਤਕ ਨਹੀਂ ਹੋਈ। ਐੱਸ.ਐੱਮ.ਓ. ਡਾ. ਰਮਨ ਕੁਮਾਰ ਅਨੁਸਾਰ ਡੇਂਗੂ ਦਾ ਹਮਲਾ ਬਹੁਤ ਹੀ ਜ਼ਿਆਦਾ ਵੱਡੇ ਪੱਧਰ ’ਤੇ ਹੋ ਰਿਹਾ ਹੈ, ਇਸ ਲਈ ਆਮ ਲੋਕਾਂ ਅਤੇ ਨਗਰ ਕੌਂਸਲ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਹੁਸ਼ਿਆਰਪੁਰ ਦੀ ਸਥਿਤੀ ਦਾ ਹਵਾਲਾ ਦਿੰਦੇ ਦੱਸਿਆ ਕਿ ਉਥੇ ਮਰੀਜ਼ਾਂ ਨੂੰ ਬੈੱਡ ਤੱਕ ਨਹੀਂ ਉਪਲੱਬਧ ਹੋ ਰਹੇ, ਇਸ ਲਈ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਪੱਧਰ ’ਤੇ ਆਪਣੇ ਆਲੇ-ਦੁਆਲੇ ਖੁਦ ਸਾਫ ਸਫਾਈ ਦਾ ਖਿਆਲ ਰੱਖਣ।  

ਹਰ ਹਫਤੇ ਕਰਵਾ ਰਹੇ ਹਾਂ ਫੌਗਿੰਗ : ਕਾਰਜ ਸਾਧਕ ਅਫਸਰ
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਜੀਤ ਸਿੰਘ ਅਨੁਸਾਰ ਸ਼ਹਿਰ ਦੇ ਸਾਰੇ ਵਾਰਡਾਂ ਗਲੀਆਂ ਮੁਹੱਲਿਆਂ ’ਚ ਹਰ ਹਫ਼ਤੇ ਮੱਛਰ ਮਾਰਨ ਲਈ ਫੌਗਿੰਗ ਕਰਵਾਈ ਜਾ ਰਹੀ ਹੈ।

ਫੋਗਿੰਗ ਦਾ ਰੈਗਲੂਰ ਯਕੀਨਨ ਬਣਾਵਾਂਗਾ : ਪ੍ਰਧਾਨ
ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਤ੍ਰਿਬੱਕ ਦੱਤ ਐਰੀ ਅਨੁਸਾਰ ਉਨ੍ਹਾਂ ਨੂੰ ਹੁਣ ਤੱਕ ਨਹੀਂ ਪਤਾ ਕਿ ਫੌਗਿੰਗ ਸਬੰਧੀ ਕਿਹੋ ਜਿਹੇ ਪ੍ਰਬੰਧ ਹਨ ਪਰ ਉਨ੍ਹਾਂ ਯਕੀਨ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਰੈਗੂਲਰ ਫੌਗਿੰਗ ਹਰ ਵਾਰਡ ਵਿੱਚ ਹੋਵੇਗੀ।

ਤਸੱਲੀਬਖਸ਼ ਫੌਗਿੰਗ ਨਹੀਂ ਹੋਈ : ਕੌਂਸਲਰ
ਐਡਵੋਕੇਟ ਹਰਪ੍ਰੀਤ ਸਿੰਘ ਕੌਂਸਲਰ ਅਨੁਸਾਰ ਉਸ ਦੇ ਵਾਰਡ ਵਿਚ ਹੋਈ ਫੌਗਿੰਗ ਤਸੱਲੀਬਖਸ਼ ਨਹੀਂ ਹੈ ਅਤੇ ਦੀਪਾ ਕੌਂਸਲਰ ਨੇ ਦੱਸਿਆ ਕਿ ਉਸ ਦੇ ਵਾਰਡ ’ਚ ਇੱਕ ਵਾਰ ਵੀ ਫੌਗਿੰਗ ਨਹੀਂ ਹੋਈ।

ਸ਼ਹਿਰ ਨਿਵਾਸੀਆਂ ਨੇ ਫੌਗਿੰਗ ਨਾ ਹੋਣ ਦੀ ਕੀਤੀ ਸ਼ਿਕਾਇਤ
ਗੜ੍ਹਸ਼ੰਕਰ ਸ਼ਹਿਰ ਦੇ ਆਮ ਲੋਕਾਂ ’ਚ ਆਸ਼ੂ ਅਰੋੜਾ, ਲਖਨ ਪ੍ਰਤਾਪ, ਰੂਬੀ ਬੇਦੀ, ਸ਼ਿਵਾਨੀ ਬਸੀ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਕਦੇ ਵੀ ਫੌਗਿੰਗ ਹੁੰਦੀ ਉਨ੍ਹਾਂ ਨੇ ਨਹੀਂ ਦੇਖੀ। 
 

Manoj

This news is Content Editor Manoj