ਕੰਪਨੀ ਕੋਲੋਂ ਪੈਸੇ ਨਾ ਮਿਲਣ ਤੋਂ ਭੜਕੇ ਲੋਕਾਂ ਵੱਲੋਂ ਧਰਨਾ ਅਤੇ ਰੋਸ ਪ੍ਰਦਰਸ਼ਨ

08/24/2019 1:23:40 AM

ਹੁਸ਼ਿਆਰਪੁਰ (ਅਮਰਿੰਦਰ)-ਦੇਸ਼ ਦੀ ਇਕ ਨਾਮੀ ਕੰਪਨੀ ਵਿਚ ਲਾਏ ਪੈਸੇ ਪਾਲਿਸੀ ਮੈਚਿਓਰ ਹੋਣ ਤੋਂ ਬਾਅਦ ਵੀ ਨਾ ਮਿਲਣ ਤੋਂ ਭੜਕੇ ਲੋਕਾਂ ਨੇ ਮਹਾਰਾਣਾ ਪ੍ਰਤਾਪ ਚੌਕ ਸਥਿਤ ਉਕਤ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਚੌਕ 'ਚ ਧਰਨਾ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਮਾਡਲ ਟਾਊਨ ਪੁਲਸ ਨੇ ਭੜਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਚੌਕ ਵਿਚ ਕੰਪਨੀ ਦੇ ਪੁਤਲੇ ਨੂੰ ਅੱਗ ਲਾ ਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ, ਜਿਸ ਨਾਲ ਥੋੜ੍ਹੀ ਦੇਰ ਲਈ ਟਰੈਫਿਕ ਜਾਮ ਵਰਗੀ ਹਾਲਤ ਬਣ ਗਈ। ਪੁਲਸ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ ਥਾਣੇ ਸੱਦ ਕੇ ਆਪਣਾ ਪੱਖ ਰੱਖਣ ਦੀ ਹਦਾਇਤ ਦਿੱਤੀ ਅਤੇ ਲੋਕਾਂ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਤਾਂ ਕਿਤੇ ਜਾ ਕੇ ਮਾਮਲਾ ਸ਼ਾਂਤ ਹੋਇਆ।

ਕਰੀਬ 1500 ਲੋਕਾਂ ਦੇ ਫਸੇ ਹਨ ਡੇਢ ਕਰੋੜ ਰੁਪਏ
ਮਹਾਰਾਣਾ ਪ੍ਰਤਾਪ ਚੌਕ ਵਿਚ ਭੜਕੇ ਲੋਕਾਂ ਦੀ ਅਗਵਾਈ ਕਰ ਰਹੇ ਮਜ਼ਦੂਰ ਆਗੂ ਕਾਮਰੇਡ ਗੰਗਾ ਪ੍ਰਸਾਦ ਦੇ ਨਾਲ ਨਵੀਨ ਕੁਮਾਰ, ਸੁਰਿੰਦਰ ਕੁਮਾਰ, ਸੁਦਰਸ਼ਨ, ਕਮਲਜੀਤ ਕੌਰ, ਪਰਮਜੀਤ ਕੌਰ, ਮੋਹਿਤ ਭਾਟੀਆ, ਕਮਲੇਸ਼ਵਰ ਪੰਡਿਤ, ਵਾਸੂਦੇਵ ਝਾਅ, ਜਾਗੋ ਯਾਦਵ ਅਤੇ ਹਰਗੁਨ ਰਾਏ ਨੇ ਦੱਸਿਆ ਕਿ ਉਨ੍ਹਾਂ ਉਕਤ ਕੰਪਨੀ ਵਿਚ ਛੋਟੀ ਬੱਚਤ ਤਹਿਤ ਪੈਸੇ ਜਮ੍ਹਾ ਕਰਵਾਏ ਸਨ। ਸਾਰਿਆਂ ਨੇ ਆਪਣੀ-ਆਪਣੀ ਸਹੂਲਤ ਦੇ ਹਿਸਾਬ ਨਾਲ ਪੈਸੇ ਲਾਏ ਸਨ। ਕੁਝ ਨੇ ਆਰ. ਡੀ., ਕਈਆਂ ਨੇ ਫਿਕਸ ਡਿਪਾਜ਼ਿਟ ਅਤੇ ਕੁਝ ਨੇ ਡੇਲੀ ਦੇ ਹਿਸਾਬ ਨਾਲ ਪੈਸੇ ਜਮ੍ਹਾ ਕਰਵਾਏ ਸਨ। ਪਾਲਿਸੀ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਲਿਸੀ ਦੇ ਹਿਸਾਬ ਨਾਲ ਪੈਸੇ ਮਿਲਣੇ ਸਨ ਪਰ ਹੁਣ ਕੁਝ ਲੋਕਾਂ ਦੀ ਪਾਲਿਸੀ ਮੈਚਿਓਰ ਹੋਣ ਨੂੰ ਵੀ ਇਕ-ਇਕ ਸਾਲ ਅਤੇ ਕੁਝ ਨੂੰ ਤਾਂ 1 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਰਹੇ। ਪੀੜਤ ਲੋਕਾਂ ਨੇ ਦੱਸਿਆ ਕਿ 1500 ਤੋਂ ਜ਼ਿਆਦਾ ਲੋਕਾਂ ਦੇ ਲਗਭਗ ਡੇਢ ਕਰੋੜ ਰੁਪਏ ਫਸੇ ਹੋਏ ਹਨ।

ਪੀੜਤਾਂ ਨੇ ਐੱਸ. ਐੱਸ. ਪੀ. ਨੂੰ ਦਿੱਤਾ ਮੰਗ-ਪੱਤਰ
ਧਰਨੇ ਉਪਰੰਤ ਪੀੜਤ ਲੋਕਾਂ ਕਾਮਰੇਡ ਗੰਗਾ ਪ੍ਰਸਾਦ ਦੀ ਅਗਵਾਈ ਵਿਚ ਐੱਸ. ਐੱਸ. ਪੀ. ਗੌਰਵ ਗਰਗ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਅਤੇ ਇਨਸਾਫ ਦਿਵਾਉਣ ਦੀ ਅਪੀਲ ਕੀਤੀ। ਪੀੜਤਾਂ ਨੇ ਦੱਸਿਆ ਕਿ ਉਹ ਪੈਸੇ ਲੈਣ ਲਈ ਕੰਪਨੀ ਦੇ ਦਫਤਰ ਜਾਂਦੇ ਹਨ ਪਰ ਅੱਗੋਂ ਉਨ੍ਹਾਂ ਨੂੰ ਅਗਲੀ ਤਾਰੀਖ ਮਿਲ ਜਾਂਦੀ ਹੈ। ਜੋ ਬ੍ਰਾਂਚ ਮੈਨੇਜਰ ਹੈ, ਉਹ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸ ਰਿਹਾ ਅਤੇ ਨਾ ਹੀ ਸਹੀ ਢੰਗ ਨਾਲ ਜਵਾਬ ਦੇ ਰਿਹਾ ਹੈ। ਉਹ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਹੋ ਰਿਹਾ। ਜਦੋਂ ਅਸੀਂ ਕੰਪਨੀ ਦੀ ਸ਼ਾਖਾ ਨੂੰ ਤਾਲਾ ਲਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਉਲਟਾ ਸੇ ਖਿਲਾਫ਼ ਹੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ।

ਕੀ ਕਹਿੰਦੇ ਹਨ ਕੰਪਨੀ ਦੇ ਅਧਿਕਾਰੀ
ਇਸ ਦੌਰਾਨ ਉਕਤ ਕੰਪਨੀ ਦੀ ਹੁਸ਼ਿਆਰਪੁਰ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਅਜਿਹੀ ਪਾਲਿਸੀ ਕਰਦੀ ਹੈ ਪਰ ਕੁਝ ਸਮਾਂ ਪਹਿਲਾਂ ਇਕ ਮਾਮਲਾ ਅਦਾਲਤ ਵਿਚ ਚਲਾ ਗਿਆ ਹੈ, ਜੋ ਫਿਲਹਾਲ ਪੈਂਡਿੰਗ ਹੈ। ਕੇਸ ਚੱਲ ਰਿਹਾ ਹੈ, ਇਸ ਲਈ ਕੰਪਨੀ 'ਤੇ ਬਾਰਕੋ (ਜਿਸ ਤਹਿਤ ਕੰਪਨੀ ਦੇ ਖਾਤਿਆਂ 'ਚੋਂ ਪੈਸੇ ਨਹੀਂ ਨਿਕਲ ਸਕਦੇ) ਲਾ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਕੰਪਨੀ ਨੂੰ ਅਦਾਇਗੀ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਕੰਪਨੀ ਦੇ ਜੋ ਪੈਸੇ ਮਾਰਕੀਟ ਵਿਚ ਹਨ, ਅਸੀਂ ਫਿਲਹਾਲ ਉਨ੍ਹਾਂ ਜ਼ਰੀਏ ਅਦਾਇਗੀ ਕਰ ਪਾ ਰਹੇ ਹਾਂ। ਜੋ ਪੈਸੇ ਕੰਪਨੀ ਦੇ ਖਾਤੇ ਵਿਚ ਹਨ, ਦੀ ਅਦਾਇਗੀ ਵੀ ਕੰਪਨੀ ਵੱਲੋਂ ਜਲਦ ਕਰ ਦਿੱਤੀ ਜਾਵੇਗੀ।

ਕੰਪਨੀ ਦੇ ਅਧਿਕਾਰੀਆਂ ਨੂੰ ਅੱਜ ਥਾਣੇ ਬੁਲਾਇਐ : ਐੱਸ.ਐੱਚ.ਓ.
ਜਦੋਂ ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਦਾਇਗੀ ਨਾ ਹੋਣ ਤੋਂ ਭੜਕੇ ਲੋਕਾਂ ਨੇ 3 ਦਿਨ ਪਹਿਲਾਂ ਥਾਣੇ ਵਿਚ ਪੁਲਸ ਨੂੰ ਸਾਰੀ ਗੱਲ ਦੱਸੀ ਸੀ। ਅੱਜ ਜਦੋਂ ਉਨ੍ਹਾਂ ਵੱਲੋਂ ਕੰਪਨੀ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਸੂਚਨਾ ਮਿਲੀ ਤਾਂ ਮੈਂ ਕੰਪਨੀ ਦੇ ਅਧਿਕਾਰੀਆਂ ਨੂੰ ਆਪਣਾ ਪੱਖ ਰੱਖਣ ਲਈ ਸ਼ਨੀਵਾਰ ਸਵੇਰੇ ਥਾਣੇ ਸੱਦ ਲਿਆ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੀ ਪੁਲਸ ਇਸ ਮਾਮਲੇ ਵਿਚ ਕੋਈ ਅਗਲੇਰੀ ਕਾਰਵਾਈ ਕਰੇਗੀ।

Karan Kumar

This news is Content Editor Karan Kumar