ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ, 5 ਵਿਰੁੱਧ ਕੇਸ ਦਰਜ

01/23/2019 1:04:11 AM

ਬੰਗਾ, (ਚਮਨ/ਰਾਕੇਸ਼)- ਬੰਗਾ ਬਲਾਕ ਦੇ ਪਿੰਡ ਦੋਸਾਂਝ ਖੁਰਦ ਵਿਖੇ ਬੀਤੀ 18 ਜਨਵਰੀ ਨੂੰ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਨੌਜਵਾਨ ਦੀ ਕੁੱਟ-ਮਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦੀ ਵੀਡੀਓ ਵਾਇਰਲ ਕਰਨ ਕਾਰਨ ਪੀੜਤ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਖਾਣ ਮਗਰੋਂ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋਣ ਕਰ ਕੇ ਬੰਗਾ ਥਾਣਾ ਸਦਰ ਪੁਲਸ ਵੱਲੋਂ 5 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 
ਥਾਣਾ ਸਦਰ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮ੍ਰਿਤਕ ਨਵੀਨ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਵਿਚ ਬਣੇ ਵੇਅਰ ਹਾਊਸ ਵਿਚ ਕੰਮ ਕਰਦਾ ਹੈ ਅਤੇ ਉਸ ਦਾ ਲਡ਼ਕਾ ਵੀ ਅੱਪਰਾ ਵਿਖੇ ਇਕ ਨਿੱਜੀ ਬੈਂਕ ਵਿਚ ਨੌਕਰੀ ਕਰਦਾ ਸੀ। 18 ਜਨਵਰੀ ਨੂੰ ਉਸ ਦਾ ਲਡ਼ਕਾ ਸ਼ਰਾਬੀ ਹਾਲਤ ਵਿਚ ਗਲਤੀ ਨਾਲ ਪਿੰਡ ਦੋਸਾਂਝ ਖੁਰਦ ਨਿਵਾਸੀ ਬੂਟਾ ਰਾਮ ਨਾਮੀ ਵਿਅਕਤੀ ਦੇ ਘਰ ਚਲਾ ਗਿਆ ਸੀ, ਜਿਸ ’ਤੇ ਉਸ ਨੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਰ ਜਿਵੇ ਹੀ ਉਸ ਦਾ ਲਡ਼ਕਾ ਉਕਤ ਨਿਵਾਸੀ ਦੇ ਘਰ ਤੋਂ ਥੋਡ਼੍ਹੀ ਦੂਰ ਆਇਆ ਤਾਂ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਘੇਰ ਕੇ ਉਸ ਦੇ ਲੜਕੇ ਦੀ ਕੁੱਟ-ਮਾਰ ਕੀਤੀ। 
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਕਤ ਸਾਰੇ ਘਟਨਾਕ੍ਰਮ ਦੀ ਸੂਚਨਾ ਉਸ ਨੂੰ ਕਿਸੇ ਨੇ ਫੋਨ ’ਤੇ ਦਿੱਤੀ ਅਤੇ ਉਹ ਤੁਰੰਤ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਮੌਕੇ ’ਤੇ ਪੁੱਜਾ ਅਤੇ ਨਵੀਨ ਨੂੰ ਘਰ ਲੈ ਗਿਆ ਅਤੇ ਉਸ ਨੂੰ ਘਰ ਛੱਡਣ ਮਗਰੋਂ ਕੁਝ ਦੇਰ ਬਾਅਦ ਉਹ ਫਿਰ ਡਿਊਟੀ ’ਤੇ ਚਲਾ ਗਿਆ। ਉਸ ਨੇ ਦੱਸਿਆ ਕਿ 18 ਜਨਵਰੀ ਨੂੰ ਹੀ ਦੇਰ ਰਾਤ ਉਸ ਨੂੰ ਨਵੀਨ ਨੇ ਫੋਨ ਕਰ ਕੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਜਿੱਥੇ ਉਸ ਦੀ ਨਾਜਾਇਜ਼ ਕੁੱਟ-ਮਾਰ ਕੀਤੀ ਹੈ, ਉੱਥੇ ਹੀ ਨੰਗਾ ਕਰ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਹੈ, ਜਿਸ ਕਾਰਨ ਉਸ ਨੇ ਘਰ ਵਿਚ ਪਈ ਜ਼ਹਿਰ ਨਿਗਲ ਲਈ ਹੈ। 
ਰਾਜ ਕੁਮਾਰ ਨੇ ਦੱਸਿਆ ਕਿ ਉਹ ਨਵੀਨ ਦਾ ਫੋਨ ਸੁਣਦੇ ਹੀ ਤੁਰੰਤ ਘਰ ਆ ਗਿਆ ਅਤੇ ਵੇਖਿਆ ਕਿ ਨਵੀਨ ਬੁਰੀ ਤਰ੍ਹਾਂ ਨਾਲ ਤੜਫ਼ ਰਿਹਾ ਸੀ, ਜਿਸ ਨੂੰ ਉਹ ਪਿੰਡ ਵਾਸੀਆਂ ਦੀ ਮਦਦ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੈ ਆਇਆ, ਜਿੱਥੇ ਉਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। 
ਉਕਤ ਥਾਣੇ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਹੀ 5 ਨੌਜਵਾਨਾਂ, ਜਿਨ੍ਹਾਂ ’ਚੋਂ ਤਿੰਨ  ਨੇ ਨਵੀਨ ਨੂੰ ਕੁੱਟਿਆ ਸੀ ਅਤੇ ਦੋ ਨੌਜਵਾਨਾਂ ਨੇ ਉਸ ਦੀ ਵੀਡੀਓ ਬਣਾਈ ਸੀ, ਦੇ ਖਿਲਾਫ਼ ਕੇਸ ਦਰਜ  ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਏ.  ਐੱਸ. ਆਈ. ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।