ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

06/14/2019 9:51:35 PM

ਕਪੂਰਥਲਾ, (ਮੱਲ੍ਹੀ)— ਫੱਤੂਢੀਂਗਾ ਦੇ ਮੰਡ ਇਲਾਕੇ 'ਚ ਸ਼ੁਕੱਰਵਾਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇਸਲ (ਕਪੂਰਥਲਾ) ਦੇ ਤਿੰਨ ਭੈਣਾਂ ਦੇ ਵੀਰ ਤੇ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ 'ਚ ਅਚਾਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੇਸਲ ਨਿਵਾਸੀ ਸੰਦੀਪ ਸਿੰਘ (24) ਪੁੱਤਰ ਬਚਨ ਸਿੰਘ ਜੋ ਖੇਤ ਮਜ਼ਦੂਰੀ ਕਰਦਾ ਸੀ ਤੇ ਪਿੰਡ ਦੇਸਲ ਦੇ ਹੀ ਇਕ ਕਿਸਾਨ ਨਾਲ ਰੋਜ਼ਾਨਾ ਖੇਤਾਂ 'ਚ ਕੰਮ ਕਰ ਰਿਹਾ ਸੀ, ਸ਼ੁਕੱਰਵਾਰ ਅਚਾਨਕ ਕਿਸਾਨ ਦੇ ਟਰੈਕਟਰ 'ਚ ਤੇਲ ਪਵਾਉਣ ਲਈ ਨੇੜਲੇ ਇਕ ਪੈਟਰੋਲ ਪੰਪ 'ਤੇ ਗਿਆ ਤੇ ਵਾਪਸ ਆਉਂਦੇ ਸਮੇਂ ਉਸਦਾ ਟਰੈਕਟਰ ਕੰਟਰੋਲ ਮੁਕਤ ਹੋਣ ਨਾਲ ਹਾਦਸਾਗ੍ਰਸਤ ਹੋ ਗਿਆ। ਬੁਰੀ ਤਰ੍ਹਾਂ ਜ਼ਖਮੀ ਸੰਦੀਪ ਸਿੰਘ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਜ਼ਦੂਰਾਂ ਦੇ ਨੇਤਾ ਤੇ ਸਾਬਕਾ ਉਪ ਚੇਅਰਮੈਨ ਜ਼ਿਲਾ ਪ੍ਰੀਸ਼ਦ ਕਪੂਰਥਲਾ ਮਾ. ਗੁਰਦੇਵ ਸਿੰਘ ਦੇਸਲ, ਪੰਚ ਬਲਵਿੰਦਰ ਸਿੰਘ ਦੇਸਲ, ਮੁਖਤਾਰ ਸਿੰਘ ਦੇਸਲ, ਬੀਬੀ ਬਲਜੀਤ ਕੌਰ, ਕੰਵਲਜੀਤ ਕੌਰ, ਸਰਬਜੀਤ ਰਾਜਾ, ਪੰਚ ਗੁਰਮੇਜ ਸਿੰਘ ਤੇ ਹਰਭਜਨ ਸਿੰਘ ਆਦਿ ਨੇ ਸੜਕ ਹਾਦਸੇ 'ਚ ਮਜ਼ਦੂਰ ਸੰਦੀਪ ਸਿੰਘ ਦੀ ਮੌਤ 'ਤੇ ਡੂੰਘੇ ਦੁਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਪਾਸੋਂ ਲੋੜਵੰਦ ਤੇ ਗਰੀਬ ਪਰਿਵਾਰ ਜੋ ਖੇਤ ਮਜ਼ਦੂਰ ਸੰਦੀਪ ਸਿੰਘ ਉੱਪਰ ਹੀ ਆਸ਼ਰਿਤ ਹੈ, ਨੂੰ ਯੋਗ ਮੁਆਵਜ਼ੇ ਦੀ ਮੰਗ ਕੀਤੀ।

KamalJeet Singh

This news is Content Editor KamalJeet Singh