ਟਰਾਂਸਪੋਰਟਰ ਦੇ ਘਰ ’ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਦੋਸ਼ ’ਚ 4 ਖ਼ਿਲਾਫ਼ ਮਾਮਲਾ ਦਰਜ

11/25/2022 6:01:36 PM

ਨਵਾਂਸ਼ਹਿਰ (ਤ੍ਰਿਪਾਠੀ)- ਮੋਬਾਇਲ ਟਾਵਰ ਲਗਾਏ ਜਾਣ ਦੇ ਵਿਰੋਧ ’ਚ ਕੀਤੇ ਜਾਣ ਦੀ ਸ਼ੱਕ ਤਹਿਤ ਗੁਆਂਢੀ ਨੌਜਵਾਨ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਵਿਚ ਪੁਲਸ ਨੇ ਮਹਿਲਾ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਸੰਜੀਵ ਕੁਮਾਰ ਪੁੱਤਰ ਰਾਮ ਨਾਥ ਵਾਸੀ ਪਿੰਡ ਕਾਹਲੋਂ ਨੇ ਦੱਸਿਆ ਕਿ ਉਸ ਦਾ ਟਰਾਂਸਪੋਰਟ ਦਾ ਵਿਜਨੈਸ ਉੱਤਰਾਖੰਡ ਵਿਖੇ ਹੈ ਅਤੇ ਉਹ ਅਤੇ ਭਰਾ ਚਰਨਜੀਤ ਸ਼ਰਮਾ ਆਪਣੇ ਬਿਰਧ ਮਾਪਿਆਂ ਨੂੰ ਮਿਲਣ ਲਈ ਆਮ ਤੌਰ ’ਤੇ ਪਿੰਡ ਆਉਂਦੇ ਹਨ। ਉਸ ਨੇ ਦੱਸਿਆ ਕਿ ਉਹ ਇਸ ਵਾਰ ਵੀ ਕਰੀਬ 15 ਦਿਨ ਪਹਿਲਾ ਆਪਣੇ ਪਿੰਡ ਆਇਆ ਸੀ। ਜਦਕਿ ਉਸ ਦਾ ਭਰਾ ਚਰਨਜੀਤ ਸ਼ਰਮਾ 15 ਨਵੰਬਰ ਸ਼ਾਮ ਨੂੰ ਪਹੁੰਚਿਆ ਸੀ।

ਉਸ ਨੇ ਦੱਸਿਆ ਕਿ ਉਸੇ ਦਿਨ ਉਹ ਦੋਵੇਂ ਭਰਾ ਪਰਿਵਾਰ ਦੇ ਨਾਲ ਬੈਠ ਕੇ ਰਾਤ ਖਾਣਾ ਖਾਣ ਸਮੇਂ ਆਪਸ ’ਚ ਗੱਲ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੇ ਘਰ ਦੇ ਬਾਹਰ ਦਾ ਦਰਵਾਜਾ ਜ਼ੋਰ ਨਾਲ ਖੋਲ੍ਹਿਆ ਅਤੇ ਗੁਆਂਢ ’ਚ ਰਹਿਣ ਵਾਲਾ ਸੁਨੀਲ ਕੁਮਾਰ ਉਰਫ਼ ਮੈਟੂ ਪੁੱਤਰ ਕੇਦਾਰ ਨਾਥ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ’ਤੇ ਦਸਤੀ ਹੱਥਿਆਰਾਂ, ਜਿਸ ਵਿਚ ਬੇਸਬਾਲ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ :ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਉਸ ਨੇ ਦੱਸਿਆ ਕਿ ਉਕਤ ਗੁਆਂਢੀਆਂ ਨੂੰ ਸ਼ੱਕ ਸੀ ਕਿ ਲੱਗਣ ਵਾਲੇ ਟਾਵਰ ਦਾ ਉਹ ਪਿੰਡ ਵਾਸੀਆਂ ਨਾਲ ਵਿਰੋਧ ਕਰ ਰਿਹਾ ਹੈ ਜਦਕਿ ਉਹ ਨਾ ਤਾਂ ਸੁਨੀਲ ਕੁਮਾਰ ਦੇ ਘਰ ਲੱਗ ਰਹੇ ਟਾਵਰ ਦੇ ਪੱਖ ’ਚ ਸੀ ਅਤੇ ਨਾ ਹੀ ਵਿਰੋਧ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਚਾਚਾ ਨੇ ਉਨ੍ਹਾਂ ਦਾ ਰੌਲਾ ਸੁਣ ਕੇ ਹਮਲਾਵਰਾਂ ਤੋਂ ਛੁੜਵਾਇਆ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਥਾਣਾ ਰਾਹੋਂ ਦੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਸੁਨੀਲ ਕੁਮਾਰ, ਅਨੀਤਾ ਰਾਣੀ, ਸ਼ੁਭਮ ਕੁਮਾਰ ਅਤੇ ਸਾਹਿਲ ਕੁਮਾਰ ਖ਼ਿਲਾਫ਼ ਧਾਰਾ 452, 323,325,34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਵੱਲੋਂ ਹਫ਼ਤੇ ਭਰ ਬਾਅਦ ਦਰਜ ਹੋਏ ਮਾਮਲੇ ਨੂੰ ਲੈ ਕੇ ਚੁੱਕੇ ਸਵਾਲ
ਪੁਲਸ ਵੱਲੋਂ ਕੁਝ ਮਾਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਜਾਂ ਸਮੇਂ ’ਤੇ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਦੇ ਚਲਦੇ ਹੀ ਅਪਰਾਧਕ ਅਤੇ ਹਮਲਾਵਰ ਕਿਸਮ ਦੇ ਲੋਕ ਪੁਲਸ ਦੇ ਡਰ ਤੋਂ ਰਹਿਤ ਹੋ ਜਾਂਦੇ ਹਨ, ਜਿਸ ਨਾਲ ਸਮਾਜ ’ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਉਕਤ ਮਾਮਲੇ ਵਿਚ ਵੀ ਪੀੜਤ ਵੱਲੋਂ ਪੁਲਸ ਨੂੰ ਬਿਆਨ ਦੇਣ ਤੋਂ ਬਾਅਦ ਜਿਸ ਤਰ੍ਹਾਂ ਪੁਲਸ ਨੇ ਅਖੌਤੀ ਤੌਰ ’ਤੇ ਜਾਣਬੁੱਝ ਕੇ ਉਕਤ ਮਾਮਲੇ ਨੂੰ ਲਟਕਾਏ ਰੱਖਿਆ ਉਸ ਨਾਲ ਪੁਲਸ ’ਤੇ ਪ੍ਰਸ਼ਨ ਖੜ੍ਹੇ ਹੋਣ ਲੱਗੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਕਰੀਬੀ ਮੈਂਬਰਾਂ ਵੱਲੋਂ ਮੀਡੀਆ ਦੇ ਵਫ਼ਦ ਨਾਲ ਮਿਲ ਕੇ ਐੱਸ. ਐੱਸ. ਪੀ. ਨੂੰ ਮਿਲ ਕੇ ਉਸ ’ਤੇ ਹੋਏ ਹਮਲਿਆਂ ’ਚ ਲੱਗੀਆਂ ਸੱਟਾਂ ਦੀ ਰਿਪੋਰਟ ਦੇ ਵਿਖਾਉਣ ਕਰੀਬ ਹਫ਼ਤੇ ਭਰ ਤੋਂ ਬਾਅਦ ਹੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ : 13 ਡਰੱਗ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਸਰਕਾਰੀ ਤੌਰ ’ਤੇ ਅਟੈਚ ਕੀਤੀ 6.71 ਕਰੋੜ ਦੀ ਪ੍ਰਾਪਰਟੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri