ਸਾਬਕਾ ਜਨਰਲ ਸਕੱਤਰ 'ਤੇ 3 ਨਕਾਬਪੋਸ਼ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ

07/13/2019 3:14:28 PM

ਫਗਵਾੜਾ (ਹਰਜੋਤ)— ਬੀਤੇ ਦਿਨ ਫਗਵਾੜਾ-ਜਲੰਧਰ ਸੜਕ 'ਤੇ ਸਥਿਤ ਪਿੰਡ ਮੇਹਟਾਂ ਨੇੜੇ ਬਣੇ ਪੁਲ ਦੇ ਹੇਠਾਂ ਇਕ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ 'ਤੇ 3 ਨਕਾਬਪੋਸ਼ ਹਥਿਆਬੰਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖਮੀ ਦੀ ਪਛਾਣ ਹਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਭਾਜਪਾ ਆਗੂ ਅਵਤਾਰ ਸਿੰਘ ਮੰਡ ਨੇ ਦੱਸਿਆ ਕਿ ਉਕਤ ਜ਼ਖਮੀ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਜਦੋਂ ਇਸ ਪੁਲ ਦੇ ਹੇਠਾਂ ਲੰਘਣ ਲੱਗਾ ਤਾਂ ਮੋਟਰਸਾਈਕਲ 'ਤੇ ਸਵਾਰ 3 ਨਕਾਬਪੋਸ਼ ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਉਕਤ ਨਕਾਬਪੋਸ਼ ਹਥਿਆਰਬੰਦ ਨੌਜਵਾਨ ਮਰਿਆ ਹੋਇਆ ਸਮਝ ਕੇ ਫਰਾਰ ਹੋ ਗਏ। ਉਧਰ, ਜ਼ਖਮੀ ਨੂੰ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਮੰਡ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਵੀ ਡਿਊਟੀ 'ਤੇ ਤਾਇਨਾਤ ਡਾਕਟਰ ਵੱਲੋਂ ਜ਼ਖਮੀ ਦੇ ਇਲਾਜ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਸਗੋਂ ਐਕਸ-ਰੇਅ ਕਰਵਾਉਣ ਲਈ ਵੀ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸ ਮੌਕੇ ਡਾ. ਜਸਮੀਤ ਕੌਰ ਵਾਲੀਆ ਅਚਨਚੇਤ ਮੌਕੇ 'ਤੇ ਪੁੱਜ ਗਏ ਉਕਤ ਵਿਅਕਤੀਆਂ ਨੇ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਦਖਲ ਦੇ ਕੇ ਜ਼ਖਮੀ ਦਾ ਤੁਰੰਤ ਇਲਾਜ ਕਰਵਾਇਆ ਅਤੇ ਜ਼ਖਮੀਆਂ ਦੇ ਸਾਥੀਆਂ ਨੂੰ ਸ਼ਾਂਤ ਕੀਤਾ।

ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ : ਜਾਂਚ ਅਧਿਕਾਰੀ
ਇਸ ਸਬੰਧੀ ਗੱਲਬਾਤ ਕਰਦੇ ਹੋਏ ਸਤਨਾਮਪੁਰਾ ਪੁਲਸ ਦੇ ਜਾਂਚ ਅਧਿਕਾਰੀ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 307, 341 ਤਹਿਤ ਕੇਸ ਦਰਜ ਕਰ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੁਲਸ ਕੰਟਰੋਲ ਰੂਮ 'ਚ ਸੂਚਨਾ ਦੇਣ ਦੇ ਬਾਵਜੂਦ ਪੁਲਸ ਨੇ 3 ਘੰਟੇ ਬਾਅਦ ਲਈ ਸੁਧ
ਇਸ ਦੌਰਾਨ ਸਬੰਧਤ ਪੱਖ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਕਤ ਵਾਰਦਾਤ ਹੋਈ ਤਾਂ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਫਗਵਾੜਾ ਨੂੰ ਦੇ ਦਿੱਤੀ ਗਈ ਸੀ ਪਰ ਇਹ ਆਪਣੇ-ਆਪ 'ਚ ਬੇਹੱਦ ਗੰਭੀਰ ਗੱਲ ਬਣੀ ਹੋਈ ਹੈ ਕਿ ਪੁਲਸ ਦੇ ਆਲਾ ਅਧਿਕਾਰੀਆਂ ਨੇ ਵਾਪਰੀ ਵਾਰਦਾਤ ਦੇ 3 ਘੰਟੇ ਬੀਤ ਜਾਣ ਦੇ ਬਾਅਦ ਇਸ ਦੀ ਸੁਧ ਲਈ।
ਸਿਵਲ ਹਸਪਤਾਲ 'ਚ ਮੌਜੂਦ ਜ਼ਖਮੀ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ ਦੇ ਪਿਤਾ ਅਤੇ ਚਾਚੇ ਨੇ ਸਵਾਲ ਕੀਤੇ ਕਿ ਫਗਵਾੜਾ 'ਚ ਪੁਲਸ ਤੰਤਰ ਦੀ ਜਨ ਸੁਰੱਖਿਆ ਦੇ ਪ੍ਰਤੀ ਇਹ ਜਵਾਬ ਦੇਹੀ ਹੈ, ਜਿੱਥੇ ਪੁਲਸ ਅਧਿਕਾਰੀ ਇੰਨੀ ਵੱਡੀ ਵਾਰਦਾਤ ਹੋਣ ਦੇ ਬਾਅਦ ਆਰਾਮ ਨਾਲ 3 ਘੰਟੇ ਬੀਤਣ 'ਤੇ ਮਾਮਲੇ ਦੀ ਜਾਂਚ ਕਰਨ ਆਉਂਦੇ ਹਨ। ਪੀੜਤ ਨੇ ਕਿਹਾ ਕਿ ਫਗਾਵਾੜਾ 'ਚ ਹਾਲਾਤ ਦਿਨੋ-ਦਿਨ ਜੰਗਲ ਰਾਜ ਵਰਗੇ ਬਣ ਚੁੱਕੇ ਹਨ। ਲੋਕਲ ਪੁਲਸ ਤੰਤਰ ਅਸਮਾਜਿਕ ਤੱਤਾਂ ਖਾਸਕਰ ਗੁੰਡਾਗਰਦੀ ਕਰਨ ਵਾਲਿਆਂ ਤੋਂ ਇੰਨਾ ਡਰਿਆ ਹੈ ਕਿ ਜਿੱਥੇ ਉਕਤ ਲੋਕ ਚਾਹੁਣ ਤਾਂ ਜਿਥੇ ਮਰਜ਼ੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ, ਉਧਰ ਪੁਲਸ ਚੁਪ ਸਾਧ ਕੇ ਡੂੰਘੀ ਨੀਂਦ ਸੁੱਤੀ ਪਈ ਹੈ।

ਲੋਕਾਂ 'ਚ ਦਹਿਸ਼ਤ, ਕਿਹਾ : ਫਗਾਵਾੜਾ ਪੁਲਸ ਦਾ ਬੁਰਾ ਹਾਲ
ਫਗਵਾੜਾ 'ਚ ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ 'ਤੇ ਦਿਨ-ਦਿਹਾੜੇ ਹੋਏ ਜਾਨਲੇਵਾ ਹਮਲੇ ਦੇ ਬਾਅਦ ਲੋਕਾਂ 'ਚ ਅਣਪਛਾਤੇ ਲੁਟੇਰਿਆਂ, ਹਮਲਾਵਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਦਹਿਸ਼ਤ ਪਾਈ ਜਾ ਰਹੀ ਹੈ। ਕਈ ਲੋਕਾਂ ਨੇ ਕਿਹਾ ਕਿ ਫਗਵਾੜਾ 'ਚ ਪੁਲਸ ਤੰਤਰ ਨਾਂ ਦਾ ਕੋਈ ਵਿਭਾਗ ਬਾਕੀ ਨਹੀਂ ਬਚਿਆ ਹੈ। ਫਗਵਾੜਾ ਪੁਲਸ ਦਾ ਇੰਨਾ ਬੁਰਾ ਹਾਲ ਤਾਂ ਕਦੇ ਵੀ ਨਹੀਂ ਸੀ। ਲੋਕਾਂ ਨੇ ਇਕ ਆਵਾਜ਼ 'ਚ ਕਿਹਾ ਕਿ ਪੁਲਸ ਅਧਿਕਾਰੀ ਨਾ ਤਾਂ ਕਿਸੇ ਦਾ ਫੋਨ ਸੁਣਦੇ ਹਨ, ਨਾ ਹੀ ਕਿਸੇ ਨੂੰ ਜਵਾਬ ਦਿੰਦੇ ਹਨ ਅਤੇ ਨਾ ਹੀ ਕਿਸੇ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਅਦ ਤੁਰੰਤ ਹਰਕਤ 'ਚ ਆਉਂਦੇ ਹਨ।
ਲੋਕਾਂ ਨੇ ਕਿਹਾ ਕਿ ਫਗਵਾੜਾ ਪੁਲਸ ਸਿਰਫ ਮੀਡੀਆ 'ਚ ਗੁਡ ਪੁਲਸਿੰਗ ਅਤੇ ਗੁਡ ਗਵਰਨੈਂਸ ਦੀਆਂ ਗੱਲਾਂ ਕਰਦੀ ਹੈ, ਜਦ ਕਿ ਹਕੀਕਤ ਇਹ ਹੈ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਅਣਪਛਾਤੇ ਲੁਟੇਰੇ, ਸ਼ਰਾਰਤੀ ਅਨਸਰ ਜਦ ਮਰਜ਼ੀ ਕਿਸੇ ਨੂੰ ਵੀ ਨਿਸ਼ਾਨਾ ਬਣਾ ਕੇ ਉਸ ਨੂੰ ਹਰਜੀਤ ਸਿੰਘ ਵਾਂਗ ਵਿਚਕਾਰ ਸੜਕ ਦੇ ਕੁੱਟਮਾਰ ਕਰਕੇ ਅਰਧ ਮਰਿਆ ਕਰ ਸਕਦੇ ਹਨ।

shivani attri

This news is Content Editor shivani attri