ਪੁਲੀ ਦੇ ਹੇਠੋਂ ਮਿਲੇ ਹਜ਼ਾਰਾਂ ਦੀ ਗਿਣਤੀ ''ਚ ਮਰੇ ਹੋਏ ਮੁਰਗੇ

03/18/2020 11:02:47 AM

ਹਰਿਆਣਾ (ਰੱਤੀ)— ਥਾਣਾ ਹਰਿਆਣਾ ਅਧੀਨ ਪੈਂਦੇ ਕੰਢੀ ਦੇ ਪਿੰਡ ਢੋਲਵਾਹਾ ਵਿਖੇ ਡੈਮ ਵੱਲ ਜਾਂਦੀ ਮੁੱਖ ਸੜਕ 'ਤੇ ਬਣੀ ਇਕ ਪੁਲੀ ਹੇਠਾਂ ਪਿਛਲੇ ਕੁਝ ਸਮੇਂ ਤੋਂ ਅਣਪਛਾਤਿਆਂ ਵੱਲੋਂ ਬੋਰੀਆਂ 'ਚ ਪਾ ਕੇ ਮਰੇ ਹੋਏ ਮੁਰਗੇ ਸੁੱਟੇ ਜਾਣ ਦੀ ਜਾਣਕਾਰੀ ਮਿਲੀ ਹੈ। ਜਦੋਂ ਪਿੰਡ ਦੀ ਸਰਪੰਚ ਰਜਨੀ ਸ਼ਰਮਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪੁੱਜੇ। ਉਨ੍ਹਾਂ ਦੇਖਿਆ ਕਿ ਉੱਥੇ ਬੋਰੀਆਂ 'ਚ ਬੰਦ ਕਰ ਕੇ ਹਜ਼ਾਰਾਂ ਦੀ ਗਿਣਤੀ 'ਚ ਕਿਸੇ ਨੇ ਮਰੇ ਹੋਏ ਮੁਰਗੇ ਸੁੱਟੇ ਹੋਏ ਸਨ।


ਸੂਤਰਾਂ ਅਨੁਸਾਰ ਇਥੇ ਪਹਿਲਾਂ ਵੀ ਕਰੀਬ 2-3 ਵਾਰ ਮੁਰਗੇ ਸੁੱਟੇ ਜਾ ਚੁੱਕੇ ਹਨ। ਬੋਰੀਆਂ 'ਚੋਂ ਆਉਂਦੀ ਬਦਬੂ ਕਾਰਨ ਉੱਥੇ ਖੜ੍ਹੇ ਹੋਣਾ ਵੀ ਮੁਸ਼ਕਲ ਸੀ ਅਤੇ ਸਾਰਾ ਵਾਤਾਵਰਣ ਦੂਸ਼ਿਤ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਕ ਤਾਂ ਕੋਰੋਨਾ ਵਾਇਰਸ ਦਾ ਡਰ ਅਤੇ ਦੂਜਾ ਪਤਾ ਨਹੀਂ ਕਿਸ ਬੀਮਾਰੀ ਕਾਰਣ ਮੁਰਗੇ ਮਰੇ ਹੋਣਗੇ, ਜਿਸ ਕਾਰਨ ਲੋਕਾਂ ਨੂੰ ਡਰ ਹੈ ਕਿ ਕਿਤੇ ਇਲਾਕੇ ਅੰਦਰ ਕੋਈ ਬੀਮਾਰੀ ਨਾ ਫੈਲ ਜਾਵੇ। ਇੰਝ ਲੱਗਦਾ ਹੈ ਕਿ ਇਹ ਕੰਮ ਆਲੇ-ਦੁਆਲੇ ਦੇ ਪੋਲਟਰੀ ਫਾਰਮਾਂ ਵਾਲਿਆਂ 'ਚੋਂ ਕਿਸੇ ਦਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਹੁਣ ਤਾਂ ਉੱਥੇ ਮਰੇ ਮੁਰਗਿਆਂ ਨੂੰ ਖਾਣ ਲਈ ਆਵਾਰਾ ਕੁੱਤੇ ਅਤੇ ਕਾਂ ਵੀ ਇਕੱਠੇ ਹੋ ਚੁੱਕੇ ਸਨ। ਸਰਪੰਚ ਰਜਨੀ ਸ਼ਰਮਾ ਨੇ ਕਿਹਾ ਕਿ ਮਰੇ ਮੁਰਗਿਆਂ ਕਾਰਣ ਲੋਕਾਂ 'ਚ ਬੀਮਾਰੀ ਫੈਲਣ ਦਾ ਡਰ ਹੈ। ਇਲਾਕਾ ਨਿਵਾਸੀਆਂ ਅਸ਼ੋਕ ਸ਼ਰਮਾ, ਨਿਤੀਸ਼ ਸ਼ਰਮਾ, ਵਿਕਾਸ ਕੁਮਾਰ, ਮੋਹਣ ਲਾਲ, ਇੰਦੂ ਬਾਲਾ, ਆਸ਼ਾ ਰਾਣੀ, ਸ਼ੁਭਮ, ਸੁਸ਼ਮਾ ਰਾਣੀ, ਜੁਗਲ ਕਿਸ਼ੋਰ ਅਤੇ ਪ੍ਰੀਤਮ ਚੰਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।

ਕੀ ਕਹਿੰਦੇ ਹਨ ਡਿਪਟੀ ਡਾਇਰੈਕਟਰ ਵੈਟਰਨਰੀ
ਇਸ ਸਬੰਧੀ ਡਿਪਟੀ ਡਾਇਰੈਕਟਰ ਵੈਟਨਰੀ ਡਾ. ਬੀ. ਐੱਸ. ਟੰਡਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਸਮੱਸਿਆ ਹੁਣ ਮੇਰੇ ਧਿਆਨ 'ਚ ਆ ਗਈ ਹੈ ਅਤੇ ਸਬੰਧਤ ਏਰੀਏ ਦੇ ਡਾਕਟਰਾਂ ਨੂੰ ਉਕਤ ਥਾਂ 'ਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਸੁੱਟੇ ਮੁਰਗਿਆਂ ਦੀ ਮੌਤ ਦਾ ਕਾਰਣ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri