ਭੇਤਭਰੇ ਹਾਲਾਤਾਂ ''ਚ ਮਿਲੀ ਨੌਜਵਾਨ ਦੀ ਲਾਸ਼

09/29/2019 9:20:19 PM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)— ਐਤਵਾਰ ਤੜਕੇ ਭਰਤਗੜ੍ਹ ਪੁਲਸ ਨੂੰ ਕੌਮੀ ਮਾਰਗ ਨੰਬਰ 21(205) ਰੋਪੜ-ਸ੍ਰੀ ਕੀਰਤਪੁਰ ਸਾਹਿਬ ਮਾਰਗ 'ਤੇ ਪਿੰਡ ਗਾਜੀਪੁਰ ਪੈਟਰੋਲ ਪੰਪ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਉਕਤ ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ (23) ਪੁੱਤਰ ਸਵਰਗਵਾਸੀ ਜਗਜੀਤ ਸਿੰਘ ਵਾਸੀ ਪਿੰਡ ਲੋਧੀਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਜੋਂ ਹੋਈ ਹੈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਸੋਹਣ ਸਿੰਘ, ਐੱਸ.ਐੱਚ.ਓ ਸੰਨੀ, ਡੀ.ਐੱਸ.ਪੀ. ਦਵਿੰਦਰ ਸਿੰਘ, ਡੀ.ਐੱਸ.ਪੀ. ਯੂ.ਸੀ. ਚਾਵਲਾ ਵੱਲੋਂ ਘਟਨਾ ਸਥਾਨ ਦਾ ਮੌਕਾ ਦੇਖਿਆ ਗਿਆ ਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਭਾਈ ਜੇਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਕਤਲ ਦਾ ਸ਼ੱਕ ਜਤਾਏ ਜਾਣ ਕਾਰਨ ਪੁਲਸ ਨੇ ਮ੍ਰਿਤਕ ਦੇ ਦੋਸਤਾਂ ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਬੁਲਾ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ।
ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿਤਪਾਲ ਸਿੰਘ ਨੇ ਇੰਜੀਨੀਅਰ ਦਾ ਕੋਰਸ ਕੀਤਾ ਹੋਇਆ ਸੀ ਤੇ ਉਸ ਨੂੰ ਆਪਣੇ ਪਿਤਾ ਦੀ ਥਾਂ ਪੀ.ਸੀ.ਐੱਲ ਮੋਹਾਲੀ 'ਚ ਨੌਕਰੀ ਮਿਲਣ ਵਾਲੀ ਸੀ। ਆਪਣੀ ਰਿਸ਼ਤੇਦਾਰੀ 'ਚ ਵਿਆਹ ਹੋਣ ਕਾਰਨ ਉਹ ਕੱਪੜੇ ਖਰੀਦਣ ਲਈ ਬੀਤੇ ਦਿਨ ਮੋਹਾਲੀ ਗਿਆ ਸੀ ਅਤੇ ਉਸਦੀ ਲਾਸ਼ ਪਿੰਡ ਗਾਜੀਪੁਰ ਨਜ਼ਦੀਕ ਮਿਲੀ ਹੈ। ਇਸ ਬਾਰੇ ਤੜਕੇ 4.30 ਵਜੇ ਦੇ ਕਰੀਬ 108 ਨੰਬਰ ਐਂਬੂਲੈਂਸ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿਤੀ ਕਿ ਪਿੰਡ ਗਾਜੀਪੁਰ ਨਜ਼ਦੀਕ ਸੜਕ 'ਤੇ ਇਕ ਨੌਜਵਾਨ ਮ੍ਰਿਤਕ ਹਾਲਤ ਵਿਚ ਪਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਪੁੱਛ-ਗਿੱਛ ਲਈ ਬੁਲਾਏ ਮ੍ਰਿਤਕ ਦੇ ਦੋਸਤਾਂ ਨੇ ਪੁਲਸ ਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਪ੍ਰਿਤਪਾਲ ਸਿੰਘ ਤੇ ਉਨ੍ਹਾਂ ਨੇ ਇੱਕਠੇ ਹੋ ਕਿ ਸ਼ਰਾਬ ਪੀਤੀ ਸੀ ਤੇ ਰਾਤ 1.30 ਵਜੇ ਉਨ੍ਹਾਂ ਨੇ ਪ੍ਰਿਤਪਾਲ ਸਿੰਘ ਨੂੰ ਖਰੜ ਤੋਂ ਹਿਮਾਚਲ ਪ੍ਰਦੇਸ਼ ਦੀ ਇਕ ਡਿੱਪੂ ਦੀ ਬੱਸ 'ਚ ਸ੍ਰੀ ਅਨੰਦਪੁਰ ਸਾਹਿਬ ਲਈ ਚੜ੍ਹਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਹੋਰ ਜਾਣਕਾਰੀ ਨਹੀਂ ਹੈ।

ਕੀ ਕਹਿਣਾ ਹੈ ਥਾਣਾ ਮੁੱਖੀ ਦਾ
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ ਸੰਨੀ ਖੰਨਾ ਨੇ ਦੱਸਿਆ ਕਿ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ, ਜਿਸ ਤੋਂ ਇਹ ਸੜਕ ਹਾਦਸਾ ਵੀ ਜਾਪਦਾ ਹੈ। ਪੁਲਸ ਨੇ ਅਣਪਛਾਤੇ ਵਾਹਨ ਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੁਸਰਾ ਪਰਿਵਾਰਕ ਮੈਂਬਰਾਂ ਦੀ ਤਸੱਲੀ ਕਰਵਾਉਣ ਲਈ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਕੱਲ ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਜਾਵੇਗਾ, ਜਿਸ ਦੀ ਰਿਪੋਰਟ ਤੋਂ ਇਹ ਸਾਫ ਹੋ ਜਾਵੇਗਾ ਕਿ ਇਹ ਸੜਕ ਹਾਦਸਾ ਹੈ ਜਾਂ ਕੁਝ ਹੋਰ ।

KamalJeet Singh

This news is Content Editor KamalJeet Singh