ਕੂੜੇ ਨਾਲ ਨੱਕੋ-ਨੱਕ ਭਰੀ ਅਰਬਨ ਅਸਟੇਟ ਵਾਲੀ ਸੜਕ, ਕੌਂਸਲਰ ਰੋਹਨ ਸਹਿਗਲ ਨੇ ਨਿਗਮ ਨੂੰ ਦਿੱਤਾ ਅਲਟੀਮੇਟਮ

07/25/2020 3:38:18 PM

ਜਲੰਧਰ (ਖੁਰਾਣਾ) – ਕਦੇ ਸਮਾਂ ਸੀ ਜਦੋਂ ਕੂਲ ਰੋਡ ਅਤੇ ਅਰਬਨ ਅਸਟੇਟ ਵਰਗੇ ਇਲਾਕਿਆਂ ਨੂੰ ਪਾਸ਼ ਕਾਲੋਨੀਆਂ ਮੰਨਿਆ ਜਾਂਦਾ ਸੀ ਅਤੇ ਇਥੇ ਕੂੜੇ ਦਾ ਨਾਮੋ-ਨਿਸ਼ਾਨ ਤੱਕ ਦਿਖਾਈ ਨਹੀਂ ਦਿੰਦਾ ਸੀ ਪਰ ਹੁਣ ਨਗਰ ਨਿਗਮ ਦੀ ਲੱਚਰ ਕਾਰਜਪ੍ਰਣਾਲੀ ਕਾਰਣ ਇਹ ਇਲਾਕੇ ਵੀ ਕੂੜੇ ਅਤੇ ਗੰਦਗੀ ਦੀ ਸਮੱਸਿਆ ਵਿਚ ਘਿਰਦੇ ਜਾ ਰਹੇ ਹਨ।

ਇਨ੍ਹੀਂ ਦਿਨੀਂ ਇਨਕਮ ਟੈਕਸ ਕਾਲੋਨੀ ਤੋਂ ਅਰਬਨ ਅਸਟੇਟ ਵਲ ਜਾਂਦੀ ਸੜਕ ਕੂੜੇ ਨਾਲ ਨੱਕੋ-ਨੱਕ ਭਰੀ ਹੋਈ ਹੈ ਅਤੇ ਇਹ ਕੂੜਾ ਜੋਤੀ ਨਗਰ ਦੀ ਮੇਨ ਸੜਕ ਤੱਕ ਆ ਗਿਆ ਹੈ, ਜਿਸ ਕਾਰਣ ਪੂਰੇ ਇਲਾਕੇ ਵਿਚ ਬਦਬੂ ਫੈਲੀ ਹੋਈ ਹੈ। ਇੰਝ ਜਾਪਦਾ ਹੈ ਕਿ ਜਿਵੇਂ ਪਿਛਲੇ ਕਈ ਦਿਨਾਂ ਤੋਂ ਇਥੋਂ ਕੂੜਾ ਚੁੱਕਿਆ ਹੀ ਨਹੀਂ ਗਿਆ। ਜ਼ਿਕਰਯੋਗ ਹੈ ਕਿ ਸਾਬਕਾ ਕਮਿਸ਼ਨਰ ਦੀਪਰਵ ਲਾਕੜਾ ਨੇ ਜੋਤੀ ਨਗਰ ਡੰਪ ਨੂੰ ਸੁਧਾਰਨ ਦਾ ਜ਼ਿੰਮਾ ਉਠਾਇਆ ਸੀ ਪਰ ਉਨ੍ਹਾਂ ਦੇ ਤਬਾਦਲੇ ਉਪਰੰਤ ਹਾਲਾਤ ਬਹੁਤ ਖਰਾਬ ਹੋ ਗਏ ਹਨ, ਜਿਸ ਕਾਰਣ ਇਲਾਕਾ ਕੌਂਸਲਰ ਰੋਹਨ ਸਹਿਗਲ ਨੇ ਨਗਰ ਨਿਗਮ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 2 ਹਫਤਿਆਂ ਅੰਦਰ ਇਥੇ ਸਾਫ-ਸਫਾਈ ਨਾ ਕਰਵਾਈ ਗਈ ਤਾਂ ਉਹ ਵਾਰਡ ਨਿਵਾਸੀਆਂ ਸਮੇਤ ਧਰਨਾ ਦੇਣ ’ਤੇ ਮਜਬੂਰ ਹੋਣਗੇ।

ਰੇਲਵੇ ਦੀ ਜਗ੍ਹਾ ’ਤੇ ਵੀ ਕੂੜਾ ਹੀ ਕੂੜਾ

ਕੁਝ ਹਫਤੇ ਪਹਿਲਾਂ ਰੇਲਵੇ ਅਧਿਕਾਰੀਆਂ ਨੇ ਜੋਤੀ ਨਗਰ ਡੰਪ ’ਤੇ ਆ ਕੇ ਨਿਸ਼ਾਨਦੇਹੀ ਕਰਨ ਉਪਰੰਤ ਨਿਗਮ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸਨੇ ਉਸ ਦੀ ਜਗ੍ਹਾ ’ਤੇ ਕੂੜਾ ਸੁੱਟਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਅੱਜ ਰੇਲਵੇ ਦੀ ਉਸੇ ਜਗ੍ਹਾ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਇਸ ਮਾਮਲੇ ਵਿਚ ਰੇਲਵੇ ਅਧਿਕਾਰੀ ਨਿਗਮ ’ਤੇ ਕੋਈ ਕਾਰਵਾਈ ਨਹੀਂ ਪਾ ਰਹੇ ਤੇ ਅੱਖਾਂ ਬੰਦ ਕਰੀ ਬੈਠੇ ਹਨ, ਜਦੋਂ ਕਿ ਕੂੜਾ ਰੇਲਵੇ ਲਾਈਨ ਤੱਕ ਪਹੁੰਚ ਗਿਆ ਹੈ।
 

Harinder Kaur

This news is Content Editor Harinder Kaur