ਨਿਗਮ ਕਮਿਸ਼ਨਰ ਨੇ ਜ਼ੋਨਲ ਕਮਿਸ਼ਨਰਾਂ ਨੂੰ ਦਿੱਤੇ ਆਦੇਸ਼, ਫੀਲਡ 'ਚ ਜਾ ਕੇ ਕੀਤਾ ਜਾਵੇ ਸਫ਼ਾਈ ਕਾਰਜਾਂ ਦਾ ਮੁਆਇਨਾ

11/07/2023 1:23:22 PM

ਜਲੰਧਰ (ਪੁਨੀਤ) : ਨਗਰ ਨਿਗਮ ਦੇ ਕਮਿਸ਼ਨਰ ਆਈ.ਏ.ਐੱਸ. ਰਿਸ਼ੀਪਾਲ ਸਿੰਘ ਵੱਲੋਂ ਮਹਾਨਗਰ ਜਲੰਧਰ ਵਿਚ ਸ਼ੁਰੂ ਕਰਵਾਈ ਗਈ ਕਲੀਨ ਸਵੀਪ ਮੁਹਿੰਮ ਤਹਿਤ ਜ਼ੋਨਲ ਕਮਿਸ਼ਨਰਾਂ ਨੂੰ ਫ਼ੀਲਡ ਵਿਚ ਉਤਰ ਕੇ ਸਾਫ਼-ਸਫ਼ਾਈ ਦਾ ਮੁਆਇਨਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।  ਇਸ ਲੜੀ ਤਹਿਤ ਉੱਤਰੀ ਤੋਂ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ, ਕੈਂਟ ਹਲਕੇ ਤੋਂ ਪੁਨੀਤ ਸ਼ਰਮਾ, ਸੈਂਟਰਲ ਤੋਂ ਰਾਜੇਸ਼ ਖੋਖਰ, ਵੈਸਟ ਤੋਂ ਸ਼ਿਖਾ ਭਗਤ, ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ, ਇੰਸਪੈਕਟਰ ਰਿੰਪੀ ਕਲਿਆਣ ਸਮੇਤ ਵੱਖ-ਵੱਖ ਅਧਿਕਾਰੀ ਸਵੇਰੇ 8 ਵਜੇ ਦੇ ਕਰੀਬ ਫੀਲਡ ਵਿਚ ਪਹੁੰਚ ਗਏ। ਜ਼ੋਨਲ ਕਮਿਸ਼ਨਰਾਂ ਨੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਕੇ ਸਫ਼ਾਈ ਕਾਰਜਾਂ ਦੀ ਦੇਖ-ਰੇਖ ਕੀਤੀ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।

ਅਧਿਕਾਰੀਆਂ ਨੇ ਕੰਮ ਕਰ ਰਹੇ ਸਟਾਫ ਦੀ ਅਟੈਂਡੈਂਸ ਚੈੱਕ ਕੀਤੀ ਅਤੇ ਉਨ੍ਹਾਂ ਨੂੰ ਹਰੇਕ ਵਾਰਡ ਵਿਚ ਸਫਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਕਿਹਾ।  ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਵੱਲੋਂ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਡੰਪ ਸਮੇਂ-ਸਮੇਂ ’ਤੇ ਸਾਫ ਹੋਣਾ ਚਾਹੀਦਾ ਹੈ। ਜ਼ਿਆਦਾ ਸਮੇਂ ਤਕ ਕੂੜਾ ਡੰਪ ਵਿਚ ਨਹੀਂ ਰਹਿਣਾ ਚਾਹੀਦਾ। ਹਰੇਕ ਜ਼ੋਨਲ ਕਮਿਸ਼ਨਰ ਨੂੰ ਆਪਣੇ-ਆਪਣੇ ਵਿਧਾਨ ਸਭਾ ਹਲਕੇ ਦੇ ਸਬੰਧ ਵਿਚ ਰੋਜ਼ਾਨਾ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਮੁਆਇਨੇ ਬਾਰੇ ਦੱਸਦਿਆਂ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਨੇ ਕਿਹਾ ਕਿ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਟੈਂਡੈਂਸ ਚੈੱਕ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਅਧਿਕਾਰੀ ਵੱਖ-ਵੱਖ ਵਾਰਡਾਂ ਵਿਚ ਅਚਾਨਕ ਮੁਆਇਨਾ ਕਰ ਰਹੇ ਹਨ ਤਾਂ ਕਿ ਸਫਾਈ ਦੇ ਜ਼ਮੀਨੀ ਹਾਲਾਤ ਨੂੰ ਜਾਣਿਆ ਜਾ ਸਕੇ। ਵਿਕਰਾਂਤ ਨੇ ਦੱਸਿਆ ਕਿ ਛੋਟੇ ਡੰਪਾਂ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਛੋਟੇ ਡੰਪਾਂ ਤੋਂ ਕੂੜਾ ਵੱਡੇ ਡੰਪਾਂ ’ਤੇ ਆਉਂਦਾ ਹੈ, ਜਿਥੋਂ ਕੂੜੇ ਦੀ ਲਿਫਟਿੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੁਪਰਿੰਟੈਂਡੈਂਟ ਇਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'

85 ਵਾਰਡਾਂ ਵਿਚ ਬੋਰਡ ਲਾਉਣ ਦਾ ਕੰਮ ਹੋਇਆ ਪੂਰਾ
85 ਵਾਰਡਾਂ ਵਿਚ ਫਲੈਕਸ ਬੋਰਡ ਲਾਉਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਇਸਦੇ ਤਹਿਤ ਜਨਤਾ ਆਪਣੀਆਂ ਸ਼ਿਕਾਇਤਾਂ ਆਸਾਨੀ ਨਾਲ ਸੀਨੀਅਰ ਅਧਿਕਾਰੀਆਂ ਤਕ ਪਹੁੰਚਾ ਸਕਦੀ ਹੈ। ਇਨ੍ਹਾਂ ਬੋਰਡਾਂ ’ਤੇ ਇਲਾਕੇ ਦੇ ਨੋਡਲ ਅਫਸਰ ਅਤੇ ਦੂਜੇ ਅਧਿਕਾਰੀਆਂ ਦੀ ਸੂਚੀ ਦਰਸਾਈ ਗਈ ਹੈ। ਇਸਦੇ ਤਹਿਤ ਗੰਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ, ਸੜਕਾਂ/ਪਾਰਕ ਦੀ ਰਿਪੇਅਰ, ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤ, ਸਫਾਈ ਸਬੰਧੀ ਸ਼ਿਕਾਇਤ ਸਮੇਤ ਕੁੱਲ 5 ਕਾਲਮ ਬਣਾਏ ਗਏ ਹਨ, ਜਿਨ੍ਹਾਂ ਵਿਚ ਸਬੰਧਤ ਅਧਿਕਾਰੀ ਦਾ ਨਾਂ ਅਤੇ ਉਸਦਾ ਮੋਬਾਇਲ ਨੰਬਰ ਡਿਸਪਲੇਅ ਕਰਵਾਇਆ ਗਿਆ ਹੈ।

ਸਟਰੀਟ ਲਾਈਟਾਂ ਸਬੰਧੀ ਰਿਪੋਰਟ ਤਲਬ
ਜ਼ੋਨਲ ਕਮਿਸ਼ਨਰ ਵੱਲੋਂ ਕੀਤੇ ਗਏ ਰਾਊਂਡ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਟਰੀਟ ਲਾਈਟਾਂ ਬੰਦ ਪਾਈਆਂ ਗਈਆਂ ਸਨ, ਇਸਦੇ ਬਾਅਦ ਨਿਗਮ ਕਮਿਸ਼ਨਰ ਵੱਲੋਂ ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਸਬੰਧ ਵਿਚ ਸੀਨੀਅਰ ਅਧਿਕਾਰੀਆਂ ਵੱਲੋਂ ਸਟਰੀਟ ਲਾਈਟਾਂ ਸਬੰਧੀ ਰਿਪੋਰਟ ਤਲਬ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਪੁਆਇੰਟ ਬੰਦ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਪਬਲਿਕ ਨਾਲ ਸਬੰਧਤ ਮੁੱਦਾ ਹੈ। ਨਿਗਮ ਕਮਿਸ਼ਨਰ ਵੱਲੋਂ ਲਾਈਟਾਂ ਨੂੰ ਲੈ ਕੇ ਜਲਦ ਚੈਕਿੰਗ ਕੀਤੀ ਜਾ ਸਕਦੀ ਹੈ। ਜੇਕਰ ਲਾਈਟਾਂ ਬੰਦ ਮਿਲਦੀਆਂ ਹਨ ਤਾਂ ਸਬੰਧਤ ਅਧਿਕਾਰੀ ਤੋਂ ਜਵਾਬਦੇਹੀ ਹੋਵੇਗੀ। ਇਸੇ ਕਾਰਨ ਅਧਿਕਾਰੀਆਂ ਨੇ ਲਾਈਟਾਂ ਨੂੰ ਚਾਲੂ ਕਰਵਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ, ਪੁਲਸ ਤੇ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

Harpreet SIngh

This news is Content Editor Harpreet SIngh