ਜਿਮਖਾਨਾ ’ਚ ਗੋਰਾ ਨੂੰ ਬਤੌਰ ਸੈਕਟਰੀ ਉਤਾਰ ਸਕਦੈ ਕੁੱਕੀ ਗਰੁੱਪ

12/07/2018 4:45:10 AM

ਜਲੰਧਰ,  (ਖੁਰਾਣਾ)- 10 ਫਰਵਰੀ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਦੀਆਂ ਚੋਣਾਂ ਲਈ  ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ, ਭਾਵੇਂ ਕਲੱਬ ਚੋਣਾਂ ’ਚ ਤਿੰਨ ਮਹੀਨੇ ਦਾ ਸਮਾਂ ਬਚਿਆ  ਹੈ ਪਰ ਹੁਣੇ ਤੋਂ ਹੀ ਕਲੱਬ ਚੋਣਾਂ ਦਿਲਚਸਪ ਦੌਰ ’ਚ ਪਹੁੰਚਦੀਆਂ ਦਿਖਾਈ ਦੇ ਰਹੀਆਂ ਹਨ।  ਪਿਛਲੇ ਚਾਰ ਸਾਲਾਂ ਤੋਂ ਜਿਮਖਾਨਾ ਕਲੱਬ ਦੇ ਸੈਕਟਰੀ ਚੱਲੇ ਆ ਰਹੇ ਕੁੱਕੀ ਬਹਿਲ ਇਸ  ਵਾਰ ਸੈਕਟਰੀ ਅਹੁਦੇ ਦੀ ਚੋਣ ਨਹੀਂ ਲੜ ਸਕਣਗੇ ਕਿਉਂਕਿ ਚਾਰ ਸਾਲ ਪਹਿਲਾਂ ਬਣਾਏ ਗਏ  ਨਿਯਮਾਂ ਕਾਰਨ ਕੋਈ ਵੀ ਅਹੁਦੇਦਾਰ ਲਗਾਤਾਰ ਦੋ ਵਾਰ ਇਕ ਹੀ ਅਹੁਦੇ ’ਤੇ ਰਹਿਣ ਤੋਂ  ਬਾਅਦ ਤੀਜੀ ਵਾਰ ਉਸੇ ਅਹੁਦੇ ਲਈ ਚੋਣ ਨਹੀਂ ਲੜ ਸਕਦਾ। 
ਇਸ ਚੋਣ ਨਿਯਮ ਨੂੰ ਬਦਲਣ  ਲਈ ਪਿਛਲੇ ਦਿਨੀਂ ਕਲੱਬ ’ਚ ਕੋਸ਼ਿਸ਼ਾਂ ਚੱਲੀਆਂ ਪਰ ਐਨ  ਮੌਕੇ ’ਤੇ  ਨਿਯਮ ਨਹੀਂ ਬਦਲ  ਸਕਿਆ ਕਿਉਂਕਿ ਰਾਜੂ ਵਿਰਕ, ਰੋਹਿਤ ਸੂਦ ਤੇ ਵਰਿੰਦਰਪਾਲ ਸਿੰਘ ਬਾਜਵਾ ਦੀਆਂ ਤਿੰਨ  ਵੋਟਾਂ ਦੇ ਅੱਗੇ ਪ੍ਰੋਫੈਸਰ ਝਾਂਜੀ  ਤੇ ਸ਼ਾਲਿਨ ਜੋਸ਼ੀ ਦੀਆਂ ਦੋ ਵੋਟਾਂ ਘੱਟ ਪੈ ਗਈਆਂ। 
ਆਪਣਿਆਂ  ਤੋਂ ਹੀ ਦੁਖੀ ਰਹੇ ਕੁੱਕੀ ਗਰੁੱਪ ਨੇ ਹੁਣ ਚੋਣ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ  ਦਿੱਤੀਆਂ ਹਨ। ਭਾਵੇਂ ਇਸ ਗਰੁੱਪ ਨੇ ਆਪਣੀ ਨਵੀਂ ਰਣਨੀਤੀ ਜ਼ਿਆਦਾ ਸਮਰਥਕਾਂ ਨਾਲ ਸਾਂਝੀ  ਨਹੀਂ ਕੀਤੀ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁੱਕੀ ਗਰੁੱਪ ਫਰਵਰੀ ’ਚ  ਹੋਣ ਜਾ ਰਹੀਆਂ ਕਲੱਬ  ਚੋਣਾਂ ਦੌਰਾਨ ਗੋਰਾ ਠਾਕੁਰ ਨੂੰ ਬਤੌਰ ਸੈਕਟਰੀ ਉਮੀਦਵਾਰ  ਉਤਾਰਨ ’ਤੇ ਵਿਚਾਰ ਕਰ ਰਿਹਾ ਹੈ। ਫਿਲਹਾਲ ਜੋ ਸੂਚਨਾ ਸਾਹਮਣੇ ਆ ਰਹੀ ਹੈ ਉਸ ਅਨੁਸਾਰ  ਕੁੱਕੀ ਬਹਿਲ ਵਾਈਸ ਪ੍ਰੈਜ਼ੀਡੈਂਟ, ਗੋਰਾ ਠਾਕੁਰ ਸੈਕਟਰੀ, ਧੀਰਜ ਸੇਠ ਜੁਆਇੰਟ  ਸੈਕਟਰੀ ਤੇ ਪ੍ਰੋ. ਝਾਂਜੀ ਕੈਸ਼ੀਅਰ ਅਹੁਦੇ ਲਈ ਉਮੀਦਵਾਰ ਬਣ ਸਕਦੇ ਹਨ। 
ਜ਼ਿਕਰਯੋਗ  ਹੈ ਕਿ ਗੋਰਾ ਠਾਕੁਰ ਲਗਾਤਾਰ ਕਈ ਸਾਲ ਜਿਮਖਾਨਾ ਕਲੱਬ ਦੇ ਸੈਕਟਰੀ ਰਹਿ ਚੁੱਕੇ ਹਨ ਤੇ  ਉਨ੍ਹਾਂ ਕਲੱਬ ’ਚ ਹੋਰ ਅਹੁਦਿਆਂ ’ਤੇ ਵੀ ਕੰਮ ਕੀਤਾ ਹੈ। ਪਿਛਲੇ ਕਈ ਸਾਲਾਂ ਤੋਂ ਗੋਰਾ  ਤੇ ਕੁੱਕੀ ਕਲੱਬ ’ਚ ਇਕੱਠੇ ਚੱਲ ਰਹੇ ਹਨ। ਦੂਜੇ ਪਾਸੇ ਦੇਖਿਆ ਜਾਵੇ ਤਾਂ ਸੈਕਟਰੀ  ਅਹੁਦੇ ਦੀ ਉਮੀਦਵਾਰੀ ਐਲਾਨ ਕਰ ਚੁੱਕੇ ਤਰੁਣ ਸਿੱਕਾ ਵੀ ਇਸ ਗਰੁੱਪ ਨਾਲ ਸਬੰਧ ਰੱਖਦੇ  ਹਨ ਪਰ ਹੁਣ ਪੂਰੇ ਗਰੁੱਪ ’ਚ ਕੁਝ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਵੈਸੇ ਦੇਖਿਆ ਜਾਵੇ  ਤਾਂ ਗੋਰਾ ਠਾਕੁਰ ਇਸ ਗਰੁੱਪ ’ਚ ਉਪਜੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ  ਹੈ ਪਰ ਕਲੱਬ ਚੋਣਾਂ ਦਾ ਕ੍ਰੇਜ਼ ਇੰਨਾ ਵਧ ਚੁੱਕਾ ਹੈ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ  ਅੰਤਿਮ ਤਰੀਕ ਤੱਕ ਕੁਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ। 
ਇਸ ਗਰੁੱਪ ਦੇ  ਮਤਭੇਦਾਂ ਨੂੰ ਦੂਰ ਕਰਨ ਲਈ ਬੀਤੇ ਦਿਨ ਕਲੱਬ ’ਚ ਜੋ ਬੈਠਕ ਹੋਈ ਉਸ ਦੇ ਕੀ ਨਤੀਜੇ ਨਿਕਲੇ  ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਜੇਕਰ  ਕੁੱਕੀ ਤੇ ਸਿੱਕਾ ਗਰੁੱਪ ਇਕਜੁਟ ਹੋ ਕੇ ਚੋਣ ਲੜਦੇ ਤਾਂ ਪੱਲੜਾ ਕਾਫੀ ਭਾਰੀ ਹੋ ਸਕਦਾ  ਸੀ। ਫਿਲਹਾਲ ਆਉਣ ਵਾਲੇ ਦਿਨਾਂ ’ਚ ਦਾਅਵੇਦਾਰੀਆਂ ਤੇ ਨਵੇਂ-ਨਵੇਂ ਸਮੀਕਰਨਾਂ ਦਾ ਦੌਰ  ਵੇਖਣ ਨੂੰ ਮਿਲ ਸਕਦਾ ਹੈ। 

ਖੁੱਲਰ ਤੇ ਅਨੂ ਮਾਟਾ ਵੀ ਚਾਹਵਾਨ
ਕਲੱਬ  ਦੀ ਰਾਜਨੀਤੀ ’ਚ ਪ੍ਰਮੋਸ਼ਨ ਲੈਣ ਦੇ ਮੌਕੇ ਵੀ ਆਉਂਦੇ ਰਹਿੰਦੇ ਹਨ। ਪਿਛਲੇ ਕਈ ਸਾਲਾਂ  ਤੋਂ ਬਤੌਰ ਐਗਜ਼ੀਕਿਊਟਿਵ ਜਿੱਤਦੇ ਆ ਰਹੇ ਸੌਰਵ ਖੁੱਲਰ ਤੇ ਅਨੂ ਮਾਟਾ ਵੀ ਕੁੱਕੀ ਗਰੁੱਪ  ਵਲੋਂ ਜੁਆਇੰਟ ਸੈਕਟਰੀ ਜਾਂ ਕਿਸੇ ਹੋਰ ਅਹੁਦੇ ’ਤੇ  ਆਉਣ ਦੀਆਂ ਸੰਭਾਵਨਾਵਾਂ ਬਣਾ ਰਹੇ  ਹਨ। ਜ਼ਿਕਰਯੋਗ ਹੈ ਕਿ ਧੀਰਜ, ਪ੍ਰੋ. ਝਾਂਜੀ, ਖੁੱਲਰ ਤੇ ਅਨੂ ਮਾਟਾ ਆਦਿ ਨੇ ਜਿਸ  ਤਰ੍ਹਾਂ ਕੁੱਕੀ  ਬਹਿਲ ਦਾ ਸਾਥ ਦਿੱਤਾ, ਉਸ ਤੋਂ ਲਗਦਾ ਹੈ ਕਿ ਇਨ੍ਹਾਂ ਨੂੰ ਬਿਹਤਰ ਜਗ੍ਹਾ  ਐਡਜਸਟ ਕੀਤਾ ਜਾ ਸਕਦਾ ਹੈ।
ਮੈਂਬਰਸ਼ਿਪ ਲੈਣ ਵਾਲਿਆਂ ਦੀ ਹੋਈ ਇੰਟਰਵਿਊ, ਕਈਆਂ ਨੂੰ ਕੀਤਾ ਰਿਜੈਕਟ
ਜਿਮਖਾਨਾ  ਕਲੱਬ ਦੀ ਮੈਂਬਰਸ਼ਿਪ ਫੀਸ ਭਾਵੇਂ 7 ਲੱਖ ਤੱਕ ਪਹੁੰਚ ਚੁੱਕੀ ਹੈ ਪਰ ਫਿਰ ਵੀ ਇਸ ਦੀ  ਮੈਂਬਰਸ਼ਿਪ ਲੈਣ ਦਾ ਕ੍ਰੇਜ਼ ਬਰਕਰਾਰ ਹੈ। ਅੱਜ ਕਲੱਬ ਮੈਂਬਰਸ਼ਿਪ ਦੇਣ ਤੋਂ ਪਹਿਲਾਂ  ਬਿਨੇਕਾਰਾਂ ਦੀ ਇੰਟਰਵਿਊ ਸਕ੍ਰੀਨਿੰਗ ਕਮੇਟੀ ਵਲੋਂ ਲਈ ਗਈ। ਇਸ ਦੌਰਾਨ ਕਲੱਬ ਦੇ ਪ੍ਰਧਾਨ  ਬੀ. ਪੁਰਸ਼ਾਰਥਾ ਤੇ ਸਾਰੇ ਅਹੁਦੇਦਾਰ ਮੌਜੂਦ ਸਨ। ਕਈਆਂ ਨੂੰ ਡਿਗਰੀ ਸਬੰਧੀ ਕਾਗਜ਼ ਨਾ  ਹੋਣ ਅਤੇ ਹੋਰ ਕਾਰਨਾਂ ਕਾਰਨ ਮੈਂਬਰਸ਼ਿਪ ਦੇਣ ਤੋਂ ਇਨਕਾਰ ਵੀ  ਕੀਤਾ ਗਿਆ।
ਜਿਮਖਾਨਾ ’ਚ ਫੈਸ਼ਨ ਸ਼ੋਅ 9 ਨੂੰ
‘ਪਰਾਡਾ’ ਫੇਮ ਗਾਇਕ ਜਸ ਮਾਣਕ ਵੀ ਆਉਣਗੇ 
ਜਿਮਖਾਨਾ  ਕਲੱਬ ’ਚ ਐਤਵਾਰ 9 ਦਸੰਬਰ ਨੂੰ ਫੈਸ਼ਨ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ  ਦੌਰਾਨ  ਜਿਥੇ ਪ੍ਰਸਿੱਧ ਮਾਡਲਜ਼ ਡਿਜ਼ਾਈਨਰ ਡਰੈੱਸਾਂ ਦਾ ਪ੍ਰਦਰਸ਼ਨ ਕਰਨਗੀਆਂ, ਉਥੇ ਪ੍ਰਸਿੱਧ ਲੋਕ  ਗਾਇਕ ਜਸ ਮਾਣਕ ਵੀ ਦਰਸ਼ਕਾਂ ਦੇ ਰੂ-ਬਰੂ ਹੋਣਗੇ। ਜ਼ਿਕਰਯੋਗ ਹੈ ਕਿ ਜਸ ਮਾਣਕ ‘ਪਰਾਡਾ’ ਗੀਤ  ਕਾਰਨ ਕਾਫੀ ਮਸ਼ਹੂਰ ਹੋ ਚੁੱਕੇ ਹਨ।
ਜਿਮਖਾਨਾ ਕਲੱਬ ਨੇ ਆਪਣੇ 16 ਕਰਮਚਾਰੀਆਂ ਨੂੰ ਪੱਕਾ ਕੀਤਾ
ਜਿਮਖਾਨਾ  ਕਲੱਬ ਮੈਨੇਜਮੈਂਟ ਨੇ ਕਲੱਬ ਪ੍ਰਧਾਨ ਦੇ ਹੁਕਮਾਂ ਤੋਂ ਬਾਅਦ ਆਪਣੇ 16 ਕਰਮਚਾਰੀਆਂ ਨੂੰ  ਪੱਕਾ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ  ਜਾਰੀ ਕੀਤੇ ਗਏ ਹਨ। ਪੱਕੇ ਹੋਏ ਕਰਮਚਾਰੀਆਂ ਨੇ ਜਿਮਖਾਨਾ ਕਲੱਬ ਵਰਕਰ ਯੂਨੀਅਨ ਦੇ  ਪ੍ਰਧਾਨ ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ, ਨਿਰਮਲ ਚੰਦ ਤੇ ਹੋਰਨਾਂ ਨਾਲ ਇਕ ਸਮਾਰੋਹ  ਦੌਰਾਨ ਕਲੱਬ ਸੈਕਟਰੀ ਸੰਦੀਪ ਬਹਿਲ ਕੁੱਕੀ, ਧੀਰਜ ਸੇਠ, ਜੀ. ਐੱਮ. ਕੰਵਲਜੀਤ ਸਿੰਘ ਆਦਿ  ਨੂੰ ਸਨਮਾਨਤ ਕੀਤਾ। ਇਸ ਮੌਕੇ ਸੁਪਰਡੈਂਟ ਕੁਮਾਰੀ ਬਬੀਤਾ ਵੀ ਨਾਲ ਸਨ।
ਜਿਮਖਾਨਾ ਕਲੱਬ ’ਚ ਸੋਮਵਾਰ ਤੋਂ ਬਣਨਾ ਸ਼ੁਰੂ ਹੋਵੇਗਾ ‘ਰੂਫ ਟਾਪ ਰੈਸਟੋਰੈਂਟ’

ਜਿਮਖਾਨਾ  ਕਲੱਬ ’ਚ ਵੈਸੇ ਤਾਂ ਪਿਛਲੇ ਕੁਝ ਸਾਲਾਂ ਦੌਰਾਨ ਕਈ ਸਹੂਲਤਾਂ ’ਚ ਵਾਧਾ ਹੋਇਆ ਹੈ।  ਕਲੱਬ ਦੀ ਰਿਸੈਪਸ਼ਨ ਤੇ ਲਾਬੀ ਦੇ ਨਾਲ-ਨਾਲ ਨਵੇਂ ਐਡਮਨਿਸਟ੍ਰੇਟਿਵ ਕੰਪਲੈਕਸ ਦੇ  ਨਿਰਮਾਣ, ਨਵੇਂ ਰੈਸਟ ਹਾਊਸ ਦੇ ਬਣਨ, ਸਵਿਮਿੰਗ ਪੂਲ ਅਤੇ ਕੋਨੇ-ਕੋਨੇ ਦੇ ਸੁੰਦਰੀਕਰਨ  ਤੋਂ ਬਾਅਦ ਹੁਣ ਕਲੱਬ ਦੀ ਮੌਜੂਦਾ ਟੀਮ ਵਲੋਂ ਰੂਫ ਟਾਪ ਰੈਸਟੋਰੈਂਟ ਦੇ ਨਿਰਮਾਣ ਦਾ  ਪ੍ਰਾਜੈਕਟ ਸ਼ੁਰੂ ਕੀਤਾ ਜਾ  ਰਿਹਾ ਹੈ। ਇਹ ਫੈਸਲਾ ਅੱਜ ਕਲੱਬ ਪ੍ਰਧਾਨ ਤੇ ਡਵੀਜ਼ਨਲ  ਕਮਿਸ਼ਨਰ ਬੀ. ਪੁਰਸ਼ਾਰਥਾ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਲਿਆ ਗਿਆ, ਜਿਸ  ਦੌਰਾਨ  ਸੈਕਟਰੀ ਕੁੱਕੀ ਬਹਿਲ, ਰਾਜੂ ਵਿਰਕ, ਅਮਿਤ ਕੁਕਰੇਜਾ ਤੇ ਧੀਰਜ ਸੇਠ ਤੋਂ ਇਲਾਵਾ  ਪ੍ਰੋ. ਝਾਂਜੀ ਤੇ ਸੌਰਭ ਖੁੱਲਰ ਤੇ ਜੀ. ਐੱਮ. ਕੰਵਲਜੀਤ ਸਿੰਘ ਵੀ ਹਾਜ਼ਰ ਸਨ। 
ਰੂਫ  ਟਾਪ ਰੈਸਟੋਰੈਂਟ ਪ੍ਰਾਜੈਕਟ ’ਤੇ ਕਰੀਬ 36 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ ਤੇ  ਕਲੱਬ ਪ੍ਰਧਾਨ ਨੇ ਇਸ ਨੂੰ 70 ਦਿਨਾਂ ’ਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ  ਪ੍ਰਾਜੈਕਟ  ਤਹਿਤ ਕਲੱਬ ਦੀ ਰੈਸਟੋਰੈਂਟ ਵਾਲੀ ਬਿਲਡਿੰਗ ਦੀ ਛੱਤ ’ਤੇ ਆਧੁਨਿਕ ਡਿਜ਼ਾਈਨ  ਦਾ ਰੈਸਟੋਰੈਂਟ ਤੇ ਬਾਰ ਆਦਿ ਬਣਾਇਆ ਜਾਵੇਗਾ। ਇਸ ਰੈਸਟੋਰੈਂਟ ’ਚ ਕਈ ਪਰਿਵਾਰਾਂ ਦੇ  ਬੈਠਣ ਦੀ ਸਹੂਲਤ ਹੋਵੇਗੀ। ਪ੍ਰਾਜੈਕਟ ਦੇ ਡਿਜ਼ਾਈਨ ਨੂੰ ਫਾਈਨਲ ਕੀਤਾ ਜਾ ਚੁੱਕਾ ਹੈ।