ਸਵੇਰੇ ਵਿਦਿਆਰਥੀਆਂ ’ਚ ਹੋਇਆ ਵਿਵਾਦ, ਸ਼ਾਮ ਨੂੰ ਹਮਲਾ

12/16/2018 5:28:12 AM

ਜਲੰਧਰ,  (ਸ਼ੋਰੀ)-  ਵੀਰ ਬਬਰੀਕ ਚੌਕ ਕੋਲ ਸਥਿਤ ਏ. ਪੀ. ਜੀ. ਸਕੂਲ ਦੇ ਵਿਦਿਆਰਥੀ ’ਤੇ  120 ਫੁੱਟੀ ਰੋਡ ਕੋਲ ਉਸ ਦੇ ਹੀ ਸਕੂਲ ਦੇ ਜੂਨੀਅਰ ਵਿਦਿਆਰਥੀਆਂ ਨੇ ਬਾਹਰੀ ਸਾਥੀਆਂ ਨੂੰ ਬੁਲਾ ਕੇ  ਹਮਲਾ ਕਰ ਦਿੱਤਾ। ਹਮਲਾਵਰਾਂ ਨੇ 18 ਸਾਲਾ ਵਿਦਿਆਰਥੀ ਨੂੰ ਲੋਹੇ ਦੇ ਕੰਡੇ ਮਾਰ ਕੇ  ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਪਾਰਸ (18) ਪੁੱਤਰ ਸਤੀਸ਼ ਕੁਮਾਰ ਵਾਸੀ  ਸ਼ੇਰ ਸਿੰਘ ਕਾਲੋਨੀ ਬਸਤੀ ਪੀਰਦਾਦ ਰੋਡ ਨੂੰ ਸਿਵਲ ਹਸਪਤਾਲ ਲਿਅਾਂਦਾ ਗਿਆ, ਜਿਥੇ ਉਸ ਨੇ  ਆਪਣੀ ਐੱਮ. ਐੈੱਲ. ਆਰ. ਵੀ ਕਟਵਾਈ ਹੈ। ਪਾਰਸ ਨੇ ਦੱਸਿਆ ਕਿ ਸਕੂਲ ਵਿਚ ਉਹ 11ਵੀਂ  ਕਲਾਸ ਦਾ ਵਿਦਿਆਰਥੀ ਹੈ ਤੇ ਉਸ ਦੇ ਸਕੂਲ ਵਿਚ 10ਵੀਂ ਵਿਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ  ਨੇ ਸਕੂਲ ਵਿਚ ਹੀ ਉਸ ਦੇ ਦੋਸਤ ਨਾਲ ਵਿਵਾਦ ਕਰਨ ਤੋਂ ਬਾਅਦ ਉਸ ਨੂੰ ਥੱਪੜ ਮਾਰ ਦਿੱਤਾ। 
 ਵਿਰੋਧ ਕਰਨ ’ਤੇ ਉਕਤ ਨੌਜਵਾਨਾਂ ਨੇ ਉਸ ਨੂੰ ਵੀ ਧਮਕੀਆਂ ਦਿੱਤੀਆਂ। 
ਪਾਰਸ ਨੇ ਦੱਸਿਆ  ਕਿ ਉਹ ਸਕੂਲ ਤੋਂ ਛੁੱਟੀ ਤੋਂ ਬਾਅਦ ਜਿਵੇਂ ਹੀ ਘਰ ਜਾਣ ਲੱਗਾ ਤਾਂ ਵਿਵਾਦ ਕਰਨ ਵਾਲੇ  ਦੋਵੇਂ ਨੌਜਵਾਨਾਂ ਨੇ ਆਪਣੇ ਬਾਹਰੀ ਸਾਥੀਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। 
 ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ  ਦੱਸਿਆ।