ਸ਼ਹਿਰ ਦੀ ਲਾਈਫ ਲਾਈਨ ਬਣ ਸਕਦਾ ਹੈ ਕੰਪਨੀ ਬਾਗ ਦਾ ਪਾਰਕਿੰਗ ਪ੍ਰਾਜੈਕਟ

12/30/2019 12:27:39 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ ਵਾਲੇ ਖੇਤਰ ਕੰਪਨੀ ਬਾਗ 'ਚ 15 ਸਾਲ ਪਹਿਲਾਂ ਬਣਿਆ ਬੀ. ਓ. ਟੀ. ਪਾਰਕਿੰਗ ਪ੍ਰਾਜੈਕਟ ਬੀਤੇ ਦਿਨ ਨਗਰ ਨਿਗਮ ਦੇ ਹਵਾਲੇ ਹੋ ਗਿਆ। ਇਸ ਦੀ ਪਬਲਿਕ ਪਾਰਕਿੰਗ ਲਈ ਟੈਂਡਰ ਲਾ ਦਿੱਤਾ ਗਿਆ ਹੈ, ਜੋ 21 ਜਨਵਰੀ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਟੈਂਡਰ ਦੀ ਰਿਜ਼ਰਵ ਪ੍ਰਾਈਸ 25 ਲੱਖ ਰੁਪਏ ਸਾਲਾਨਾ ਰੱਖੀ ਗਈ ਹੈ ਅਤੇ ਇਹ ਈ-ਟੈਂਡਰਿੰਗ ਦੀ ਪ੍ਰਤੀਕਿਰਿਆ ਨਾਲ ਖੁੱਲ੍ਹੇਗਾ। ਨਗਰ ਨਿਗਮ ਜੇਕਰ ਇਸ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਚਲਾਵੇ ਤਾਂ ਇਹ ਪ੍ਰਾਜੈਕਟ ਸ਼ਹਿਰ ਦੀ ਲਾਈਫ ਲਾਈਨ ਸਿੱਧ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਮਲਟੀਲੈਵਲ ਪਾਰਕਿੰਗ ਵਾਲਾ ਹੈ, ਯਾਨੀ ਕਿ ਇਸ ਦੀ ਉਪਰਲੀ ਮੰਜ਼ਿਲ ਵਰਤੋਂ 'ਚ ਲਿਆਂਦੀ ਜਾ ਸਕਦੀ ਹੈ, ਜੇਕਰ ਨਗਰ ਨਿਗਮ ਇਥੇ ਸਟਰੀਟ ਵੈਂਡਿੰਗ ਜ਼ੋਨ ਬਣਾ ਦੇਵੇ ਅਤੇ ਪਾਰਕਿੰਗ ਦੀ ਉਪਰਲੀ ਮੰਜ਼ਿਲ 'ਤੇ ਸਹੀ ਢੰਗ ਨਾਲ ਰੇਹੜੀਆਂ ਲਾ ਦਿੱਤੀਆਂ ਜਾਣ ਤਾਂ ਪੂਰੇ ਖੇਤਰ ਦੀ ਇਕ ਸਮੱਸਿਆ ਦੂਰ ਹੋ ਸਕਦੀ ਹੈ।

ਕੰਪਨੀ ਬਾਗ ਨਾਲ ਜੋਤੀ ਚੌਕ ਤੱਕ ਦੀਆਂ ਸਾਰੀਆਂ ਰੇਹੜੀਆਂ ਨੂੰ ਇਥੇ ਐਡਜਸਟ ਕੀਤਾ ਜਾ ਸਕਦਾ ਹੈ। ਇਸ ਨਾਲ ਇਸ ਖੇਤਰ ਦੀ ਵੱਡੀ ਸਮੱਸਿਆ ਦੂਰ ਹੋ ਸਕਦੀ ਹੈ ਅਤੇ ਨਿਗਮ ਦੀ ਕਮਾਈ ਵੀ ਹੋ ਸਕਦੀ ਹੈ। ਇਸ ਨਾਲ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ ਅਤੇ ਇਕ ਹੀ ਜਗ੍ਹਾ 'ਤੇ ਉਨ੍ਹਾਂ ਨੂੰ ਸਾਫ ਸੁਥਰੀਆਂ ਚੀਜ਼ਾਂ ਮਿਲਿਆ ਕਰਨਗੀਆਂ। ਇਸ ਪ੍ਰਾਜੈਕਟ 'ਤੇ ਨਿਗਮ ਦਾ ਇਕ ਪੈਸਾ ਵੀ ਖਰਚ ਨਹੀਂ ਹੋਵੇਗਾ ਕਿਉਂਕਿ ਸਭ ਕੁਝ ਪਹਿਲਾਂ ਹੀ ਬਣਿਆ ਹੋਇਆ ਹੈ। ਸਿਰਫ ਪਹਿਲ ਕਰਨ ਦੀ ਜ਼ਰੂਰਤ ਹੈ। ਇਸ ਖੇਤਰ ਨੂੰ ਸਟਰੀਟ ਵੈਂਡਿੰਗ ਪਾਲਸੀ ਤਹਿਤ ਵੀ ਵਿਕਸਿਤ ਕੀਤਾ ਜਾ ਸਕਦਾ ਹੈ, ਜੋ ਹੁਣ ਤੱਕ ਸਫਲ ਨਹੀਂ ਹੋਈ ਹੈ। ਕਾਫੀ ਵੱਡਾ ਖੇਤਰ ਹੋਣ ਕਾਰਣ ਇਥੇ ਕਾਫੀ ਰੇਹੜੀਆਂ ਖੜ੍ਹੀਆਂ ਹੋ ਸਕਦੀਆਂ ਹਨ।

270 ਵਾਹਨਾਂ ਦੀ ਹੈ ਸਮਰੱਥਾ
ਕੰਪਨੀ ਬਾਗ ਬੀ. ਓ. ਟੀ. ਪਾਰਕਿੰਗ ਪ੍ਰਾਜੈਕਟ ਇੰਨਾ ਵੱਡਾ ਹੈ ਕਿ ਇਥੇ ਇਕੱਠੀਆਂ 200 ਕਾਰਾਂ ਅਤੇ 70 ਦੋਪਹੀਆ ਵਾਹਨ ਖੜ੍ਹੇ ਹੋ ਸਕਦੇ ਹਨ। 270 ਵਾਹਨਾਂ ਦੀ ਪਾਰਕਿੰਗ ਇਸ ਸ਼ਹਿਰ 'ਚ ਹੋਰ ਨਹੀਂ ਹੈ। ਇਸ ਪਾਰਕਿੰਗ 'ਚ ਹੁਣ ਤੱਕ ਅਜਿਹੀਆਂ ਗੱਡੀਆਂ ਖੜ੍ਹੀਆਂ ਹੋ ਰਹੀਆਂ ਹਨ, ਜੋ ਸਿਰਫ ਕਿਰਾਇਆ ਅਦਾ ਕਰਦੀਆਂ ਹਨ ਅਤੇ ਦਿਨ ਵੇਲੇ ਵੀ ਇਥੇ ਕਾਫੀ ਵਾਹਨ ਖੜ੍ਹੇ ਹੁੰਦੇ ਹਨ। ਚਰਚਾ ਇਹ ਵੀ ਹੈ ਕਿ ਜਿਹੜੇ ਠੇਕੇਦਾਰ ਨੇ ਹੁਣ ਤੱਕ ਇਹ ਪਾਰਕਿੰਗ ਚਲਾਈ ਹੈ, ਉਹੀ ਹੁਣ ਇਸ ਦੇ ਟੈਂਡਰ ਨੂੰ ਦੋਬਾਰਾ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ।

ਹੁਣ ਇਸ ਦੀ ਛੱਤ 'ਤੇ ਨਹੀਂ ਲੱਗ ਸਕੇਗਾ ਇਸ਼ਤਿਹਾਰ
ਕੰਪਨੀ ਬਾਗ ਪਾਰਕਿੰਗ ਪ੍ਰਾਜੈਕਟ 'ਤੇ ਹੁਣ ਤੱਕ ਪੰਜਾਬ ਦੇ ਸਭ ਤੋਂ ਵੱਡੇ ਇਸ਼ਤਿਹਾਰ ਲਗਦੇ ਰਹੇ ਹਨ, ਜਿਸ ਦਾ ਸਿੱਧਾ ਫਾਇਦਾ ਠੇਕੇਦਾਰ ਨੂੰ ਮਿਲਦਾ ਰਿਹਾ ਪਰ ਨਿਗਮ ਇਥੋਂ ਇਸ਼ਤਿਹਾਰਾਂ ਜ਼ਰੀਏ ਕਮਾਈ ਨਹੀਂ ਕਰ ਸਕੇਗਾ ਕਿਉਂਕਿ ਨਵੇਂ ਇਸ਼ਤਿਹਾਰ ਪਾਲਸੀ 'ਚ ਕਿਸੇ ਵੀ ਛੱਤ 'ਤੇ ਇਸ਼ਤਿਹਾਰ ਲਾਉਣ ਦੀ ਮਨਾਹੀ ਹੈ। ਨਿਗਮ ਨੇ ਠੇਕੇਦਾਰ ਨੂੰ ਤਾਂ ਇਸ਼ਤਿਹਾਰ ਪਾਲਸੀ ਦਾ ਪਾਲਣ ਨਾ ਕਰਨ ਦੀ ਛੋਟ ਦੇ ਰੱਖੀ ਸੀ ਪਰ ਨਿਗਮ ਖੁਦ ਇਸ ਤਰ੍ਹਾਂ ਨਹੀਂ ਕਰ ਸਕੇਗਾ।

shivani attri

This news is Content Editor shivani attri