ਕਮਿਸ਼ਨਰੇਟ ਪੁਲਸ ਵੱਲੋਂ ਸਨੈਚਰਾਂ ਖ਼ਿਲਾਫ਼ ਮੁਹਿੰਮ ਜਾਰੀ, ਦੋ ਨੂੰ ਪੰਜ ਮੋਟਰਸਾਈਕਲਾਂ ਅਤੇ ਇੱਕ ਮੋਬਾਈਲ ਸਣੇ ਕੀਤਾ ਗ੍ਰਿਫ਼ਤਾਰ

02/04/2024 3:57:12 PM

ਜਲੰਧਰ (ਵਰੁਣ)- ਸਨੈਚਰਾਂ ਖਿਲਾਫ ਜਾਰੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਸ ਨੇ ਦੋ ਨਾਮੀ ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 5 ਮੋਟਰਸਾਈਕਲ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਦੇ ਲਾਡੋਵਾਲੀ ਰੋਡ ਇਲਾਕੇ 'ਤੇ ਸਨੈਚਰਸ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਇੱਕ ਲੁਟੇਰੇ ਦੀ ਪਛਾਣ ਲਲਿਤ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਨੀਲੋਵਾਲ, ਬਿਲਗਾ ਜਲੰਧਰ ਵਜੋਂ ਹੋਈ ਹੈ, ਨੂੰ ਲਾਡੋਵਾਲੀ ਰੋਡ ਤੋਂ ਕਾਬੂ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਉਸ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਬਰਾਮਦ ਕੀਤਾ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲਲਿਤ ਤੋਂ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਸਨੇ ਆਪਣੇ ਸਾਥੀਆਂ ਉਦੈ ਵਾਲੀਆ ਪੁੱਤਰ ਮੰਗਤ ਰਾਮ ਵਾਸੀ ਪਿੰਡ ਬਿਲਗਾ ਜਲੰਧਰ ਅਤੇ ਅਜੈ ਪੁੱਤਰ ਸ਼ਿੰਦਰਪਾਲ ਵਾਸੀ ਮੁਹੱਲਾ ਕਾਲੋਨੀਆਂ ਪਿੰਡ ਬਿਲਗਾ ਜਲੰਧਰ ਨਾਲ ਮਿਲ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਪਾਰਟੀਆਂ ਨੇ ਛਾਪੇਮਾਰੀ ਕਰਕੇ ਉਦੈ ਨੂੰ 3 ਫਰਵਰੀ 2024 ਨੂੰ ਪਿੰਡ ਬਿਲਗਾ ਜਲੰਧਰ ਤੋਂ ਕਾਬੂ ਕਰ ਲਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਘਰੋਂ ਚੋਰੀ ਦੇ ਚਾਰ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੰਜ ਚੋਰੀਸ਼ੁਦਾ ਮੋਟਰਸਾਈਕਲ ਅਤੇ ਇੱਕ ਚੋਰੀ ਹੋਇਆ ਮੋਬਾਈਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਵੀ ਅਪਰਾਧਿਕ ਇਤਿਹਾਸ ਨਹੀਂ ਸੀ ਅਤੇ ਐੱਫਆਈਆਰ ਨੰਬਰ 17 ਮਿਤੀ 02-02-2024 ਅਧੀਨ 379ਬੀ,379,411 ਆਈਪੀਸੀ ਥਾਣਾ ਨਿਊ ਬਾਰਾਦਰੀ ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਬਾਕੀ ਰਹਿੰਦੇ ਅਪਰਾਧੀਆਂ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।

Aarti dhillon

This news is Content Editor Aarti dhillon