ਕਾਲਜ ਘਟਨਾ ''ਚ 36 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ

02/05/2019 8:33:29 PM

ਫਗਵਾੜਾ, (ਹਰਜੋਤ)- ਬੀਤੇ ਦਿਨੀਂ ਇੱਥੇ ਇੱਕ ਕਾਲਜ 'ਚ ਦਾਖ਼ਲ ਹੋ ਕੇ ਲੁਟੇਰਿਆਂ ਵੱਲੋਂ ਸਕਿਉਰਟੀ ਗਾਰਡ ਦੀ ਕੁੱਟਮਾਰ ਕਰਕੇ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਜਾਣ ਦੇ ਮਾਮਲੇ 'ਚ ਪੁਲਸ ਦੇ ਪੱਲੇ ਅਜੇ ਕੁੱਝ ਵੀ ਨਹੀਂ ਪਿਆ ਤੇ ਫ਼ਿਲਹਾਲ ਹੁਣ ਤੱਕ 36 ਘੰਟੇ ਦੇ ਬਾਅਦ ਵੀ ਪੁਲਸ ਸਿਰਫ਼ ਸੀ.ਸੀ.ਟੀ.ਵੀ ਕੈਮਰਿਆਂ ਸਮੇਤ ਹੋਰ ਤੱਥਾਂ ਦੇ ਆਧਾਰ 'ਤੇ ਜਾਂਚ ਹੀ ਕਰ ਰਹੀ ਹੈ ਪਰ ਜਾਂਚ ਦੌਰਾਨ ਪੁਲਸ ਦੇ ਸਾਹਮਣੇ ਕੀ ਆਇਆ ਇਹ ਦੱਸਣ ਲਈ ਪੁਲਸ ਕੋਲ ਅਜੇ ਕੁੱਝ ਵੀ ਨਹੀਂ? ਅੱਜ ਜਦੋਂ ਉਕਤ ਮਾਮਲੇ ਦਾ ਫਾਲੋਅਪ ਕਰਦੇ ਹੋਏ ਇਸ ਕੇਸ ਦੇ ਜਾਂਚ ਅਧਿਕਾਰੀ ਦਯਾ ਚੰਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਸ ਦੀ ਜਾਂਚ ਜਾਰੀ ਹੈ ਪਰ ਉਹ ਇਹ ਦੱਸਣ 'ਚ ਅਸਮਰੱਥ ਰਹੇ ਕਿ ਦੋਸ਼ੀਆਂ ਸਬੰਧੀ ਕੋਈ ਸੂਹ ਪੁਲਸ ਦੇ ਹੱਥ ਲੱਗੀ ਹੈ ਜਾਂ ਨਹੀਂ? ਉੱਥੇ ਹੀ ਇਹ ਗੱਲ ਵੀ ਪੁਲਸ ਲਈ ਬੁਝਾਰਤ ਬਣੀ ਹੋਈ ਹੈ ਕਿ ਲੁਟੇਰੇ ਜੀ.ਟੀ.ਰੋਡ 'ਤੇ ਸਥਿਤ ਅਦਾਰਿਆਂ ਨੂੰ ਹੀ ਕਿਉਂ ਨਿਸ਼ਾਨਾ ਬਣਾ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਜੀ.ਟੀ.ਰੋਡ 'ਤੇ ਸ਼ੁੱਕਰਵਾਰ ਦੀ ਰਾਤ ਨੂੰ ਰਾਧੇ ਰਾਧੇ ਰੈਸਟੋਰੈਂਟ 'ਚ ਇੱਕ ਸਕਿਉਰਟੀ ਗਾਰਡ ਦੀ ਵੀ ਲੁਟੇਰਿਆਂ ਨੇ ਬੰਨ੍ਹ ਕੇ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਦੀ ਵੀ ਪੁਲੀਸ ਲਗਾਤਾਰ ਸੀ.ਸੀ.ਟੀ.ਵੀ ਕੈਮਰਿਆਂ ਤੇ ਹੋਰ ਸਾਧਨਾ ਰਾਹੀਂ ਜਾਂਚ ਕਰ ਰਹੀ ਹੈ ਪਰ ਅੱਜ ਇਸ ਸਬੰਧੀ ਐੱਸ.ਐੱਚ.ਓ ਸ਼ਿਵਕੰਵਲ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਸ ਅਜੇ ਤੱਕ ਮਾਮਲੇ ਦੀ ਜਾਂਚ ਹੀ ਕਰ ਰਹੀ ਹੈ ਤੇ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਮਾਮਲੇ 'ਚ ਸਫ਼ਲਤਾ ਹਾਸਲ ਕਰ ਪਾਏਗੀ ਜਾਂ ਫ਼ਿਰ ਪੁਲੀਸ ਦੇ ਹੱਥ ਖਾਲੀ ਹੀ ਰਹਿ ਜਾਣਗੇ ਕਿਉਂ ਕਿ ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਤਾਂ ਪਾਇਆ ਜਾ ਰਿਹਾ ਹੈ।

KamalJeet Singh

This news is Content Editor KamalJeet Singh