ਨਵਾਂ ਸਾਮਾਨ ਖਰੀਦਣ ਲਈ ਕਰੋੜਾਂ ਤੇ ਪੁਰਾਣਾ ਠੀਕ ਕਰਵਾਉਣ ਲਈ ਪੈਸੇ ਹੀ ਨਹੀਂ

09/23/2019 1:04:29 PM

ਜਲੰਧਰ (ਰੱਤਾ)— ਕਿਸੇ ਨਾ ਕਿਸੇ ਮੁੱਦੇ ਕਾਰਨ ਚਰਚਾ 'ਚ ਰਹਿਣ ਵਾਲੇ ਸਿਵਲ ਸਰਜਨ ਦੇ ਅਧਿਕਾਰੀਆਂ ਅਤੇ ਬਾਬੂਆਂ ਦੀ ਢਿੱਲੀ ਅਤੇ ਘਟੀਆ ਕਾਰਜ ਪ੍ਰਣਾਲੀ ਦੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਹਨ ਪਰ ਇਸ ਵਾਰ ਜੋ ਗੱਲ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੀ ਹੈ। ਇਸ ਦਫਤਰ 'ਚ ਹਰ ਸਾਲ ਨਵਾਂ ਸਾਮਾਨ ਖਰੀਦਣ ਲਈ ਤਾਂ ਅਧਿਕਾਰੀ ਸਰਕਾਰ ਤੋਂ ਕਰੋੜਾਂ ਰੁਪਏ ਦੀ ਡਿਮਾਂਡ ਕਰ ਲੈਂਦੇ ਹਨ ਅਤੇ ਉਹ ਪੈਸਾ ਆ ਵੀ ਜਾਂਦਾ ਹੈ, ਜਦਕਿ ਪੁਰਾਣੀਆਂ ਚੀਜ਼ਾਂ ਨੂੰ ਠੀਕ ਕਰਵਾਉਣ ਲਈ ਪੈਸੇ ਨਾ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ, ਜਿਸ ਨਾਲ ਪੁਰਾਣੀ ਚੀਜ਼ ਕੰਡਮ ਹੋ ਜਾਂਦੀ ਹੈ ਅਤੇ ਬਾਅਦ 'ਚ ਉਹੀ ਚੀਜ਼ ਨਵੀਂ ਮੰਗਵਾਈ ਜਾਂਦੀ ਹੈ। ਇਸ ਦੇ ਪਿੱਛੇ ਕੀ ਕਾਰਣ ਹੋਵੇਗਾ ਇਹ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ।

ਕਾਫੀ ਸਮੇਂ ਤੋਂ ਖਰਾਬ ਪਈ ਹੈ ਫੋਟੋਸਟੇਟ ਦੀ ਮਸ਼ੀਨ
ਇਸ ਦਫਤਰ 'ਚ ਇਕ ਹੀ ਫੋਟੋਸਟੇਟ ਦੀ ਮਸ਼ੀਨ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਖਰਾਬ ਪਈ ਹੈ ਅਤੇ ਉਸ ਨੂੰ ਠੀਕ ਕਰਵਾਉਣ ਲਈ ਸ਼ਾਇਦ ਵਿਭਾਗ ਕੋਲ ਪੈਸੇ ਨਹੀਂ ਹਨ। ਫੋਟੋਸਟੇਟ ਮਸ਼ੀਨ ਖਰਾਬ ਹੋਣ ਕਾਰਣ ਸਕੈਨਰ ਤੋਂ ਜ਼ਰੂਰੀ ਕਾਗਜ਼ਾਤ ਸਕੈਨ ਕਰ ਕੇ ਪ੍ਰਿੰਟ ਕੱਢ ਲਿਆ ਜਾਂਦਾ ਹੈ ਜਾਂ ਫਿਰ ਬਾਬੂ ਲੋਕ ਦਫਤਰ 'ਚ ਕੰਮ ਕਰਵਾਉਣ ਆਏ ਲੋਕਾਂ ਦੀਆਂ ਸੇਵਾਵਾਂ ਲੈਂਦੇ ਹਨ।

ਕਲਰਕ ਫੋਨ ਕਰਕੇ ਲੋਕਾਂ ਨੂੰ ਕਹਿੰਦੇ ਹਨ ਕਿ ਚਿੱਠੀ ਲੈ ਆਓ
ਦਫਤਰ ਵੱਲੋਂ ਕਿਸੇ ਨੂੰ ਕੋਈ ਨੋਟਿਸ ਕੱਢਣਾ ਹੋਵੇ ਜਾਂ ਫਿਰ ਕਿਸੇ ਇਨਕੁਆਰੀ ਸਬੰਧੀ ਕਿਸੇ ਵਿਅਕਤੀ ਨੂੰ ਚਿੱਠੀ ਜ਼ਰੀਏ ਸੂਚਨਾ ਦੇਣੀ ਹੋਵੇ ਤਾਂ ਇਸ ਦਫਤਰ 'ਚ ਡਿਸਪੈਚ 'ਤੇ ਬੈਠੇ ਕਲਰਕ ਸਾਹਿਬ ਸਬੰਧਤ ਵਿਅਕਤੀ ਨੂੰ ਫੋਨ ਕਰਕੇ ਕਹਿੰਦੇ ਹਨ ਕਿ ਆਪਣੀ ਚਿੱਠੀ ਲੈ ਆਓ ਕਿਉਂਕਿ ਸ਼ਾਇਦ ਉਨ੍ਹਾਂ ਕੋਲ ਡਾਕ ਟਿਕਟ ਨਹੀਂ ਹੁੰਦੀ।

ਕੰਧਾਂ ਹਨ ਪਰ ਉਸ 'ਤੇ ਛੱਤ ਪਾਉਣ ਲਈ ਪੈਸੇ ਨਹੀਂ
ਇਸ ਦਫਤਰ 'ਚ ਪੁਰਾਣਾ ਰਿਕਾਰਡ ਸਾਂਭਣ ਲਈ ਕਿਸੇ ਅਧਿਕਾਰੀ ਨੇ ਕੁਝ ਸਾਲ ਪਹਿਲਾਂ ਦਫਤਰ 'ਚ ਹੀ ਇਕ ਜਗ੍ਹਾ 'ਤੇ 4 ਕੰਧਾਂ ਤਾਂ ਬਣਵਾ ਦਿੱਤੀਆਂ ਪਰ ਉਸ ਤੋਂ ਬਾਅਦ ਸ਼ਾਇਦ ਛੱਤ ਪਾਉਣ ਲਈ ਪੈਸੇ ਨਹੀਂ ਬਚੇ ਅਤੇ ਉਹ ਕੰਧਾਂ ਅੱਜ ਵੀ ਛੱਤ ਦੀ ਉਡੀਕ ਕਰ ਰਹੀਆਂ ਹਨ।

ਖੜ੍ਹੀਆਂ-ਖੜ੍ਹੀਆਂ ਕੰਡਮ ਹੋ ਜਾਂਦੀਆਂ ਹਨ ਗੱਡੀਆਂ
ਇਸ ਦਫਤਰ ਦੀ ਢਿੱਲੀ ਕਾਰਜ ਪ੍ਰਣਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ ਅਤੇ ਉਹ ਖੜ੍ਹੀ-ਖੜ੍ਹੀ ਕੰਡਮ ਹੋ ਜਾਂਦੀ ਹੈ ਅਤੇ ਕੰਡਮ ਗੱਡੀਆਂ ਨੂੰ ਜੇਕਰ ਸਮੇਂ 'ਤੇ ਵੇਚਿਆਂ ਜਾਵੇ ਤਾਂ ਚੰਗੇ ਪੈਸੇ ਮਿਲ ਸਕਦੇ ਹਨ ਪਰ ਗੱਡੀਆਂ ਉਸ ਸਮੇਂ ਤਕ ਨਹੀਂ ਵੇਚੀਆਂ ਜਾਂਦੀਆਂ ਜਦੋਂ ਤਕ ਉਹ ਕਬਾੜ ਨਹੀਂ ਬਣ ਜਾਂਦੀਆਂ।

ਦਫਤਰ ਦੇ ਵਿਹੜੇ 'ਚ ਲੱਗੇ ਰਹਿੰਦੇ ਹਨ ਕੂੜੇ ਦੇ ਢੇਰ

ਉਝ ਤਾਂ ਦਫਤਰ ਦੇ ਅਧਿਕਾਰੀ ਸਮੇਂ-ਸਮੇਂ 'ਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਜਦਕਿ ਅਸਲ 'ਚ ਦਫਤਰ ਦੇ ਅਧਿਕਾਰੀ ਆਪਣੇ ਵਿਹੜੇ 'ਚ ਦੇਖਦੇ ਹੀ ਨਹੀਂ ਹਨ। ਇਸ ਸਮੇਂ ਦਫਤਰ ਦੇ ਵਿਹੜੇ 'ਚ ਕੂੜੇ ਦੇ ਢੇਰ ਦਾ ਇੰਨਾ ਵੱਡਾ ਢੇਰ ਲੱਗਾ ਹੈ ਕਿ ਉਥੇ ਆਉਣ ਵਾਲੇ ਸਮੇਂ 'ਚ ਕਦੇ ਵੀ ਬੀਮਾਰੀਆਂ ਫੈਲ ਸਕਦੀਆਂ ਹਨ।

shivani attri

This news is Content Editor shivani attri