ਚਾਈਨਾ ਬਾਜ਼ਾਰ ਦੀ ਦੁਕਾਨ ''ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

01/28/2020 12:20:07 PM

ਫਗਵਾੜਾ (ਹਰਜੋਤ)— ਇਥੋਂ ਦੇ ਹਰਗੋਬਿੰਦ ਨਗਰ ਖੇਤਰ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਵਿੱਜ ਪੈਲੇਸ 'ਚ ਲੱਗੇ ਚਾਈਨਾ ਬਾਜ਼ਾਰ ਦੀ ਲੱਗੀ ਹੋਈ ਸੇਲ ਦੀ ਦੁਕਾਨ 'ਚ ਅਚਾਨਕ ਸ਼ਾਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਭਾਸ਼ ਕਵਾਤਰਾ ਨੇ ਦੱਸਿਆ ਕਿ ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਉਹ ਬਿਲਡਿੰਗ ਦੇ ਬਾਹਰ ਬੈਠੇ ਸਨ ਤਾਂ ਅਚਾਨਕ ਪਿੱਛੇ ਲੱਗੇ ਮੀਟਰਾਂ ਤੋਂ ਅੱਗ ਸ਼ੁਰੂ ਹੋ ਕੇ ਅੱਗੇ ਆਈ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਅੱਗ ਕਾਫੀ ਫੈਲ ਚੁੱਕੀ ਸੀ ਅਤੇ ਕਾਫੀ ਨੁਕਸਾਨ ਹੋ ਚੁੱਕਾ ਸੀ। ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ।

ਦੁਕਾਨ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਟ ਜਾਪਦਾ ਹੈ ਅਤੇ ਦੁਕਾਨ 'ਚ ਉਸ ਦਾ ਕੱਪੜੇ, ਹੈਂਡਲੂਮ ਤੇ ਰੈਡੀਮੇਟ ਦਾ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ. ਐੱਸ. ਪੀ. ਸੁਰਿੰਦਰ ਚਾਂਦ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਵੀ ਮੌਕੇ 'ਤੇ ਪੁੱਜੇ ਅਤੇ ਕੁਝ ਸਮੇਂ ਲਈ ਆਵਾਜਾਈ ਬੰਦ ਕਰ ਕੇ ਅੱਗ ਨੂੰ ਬੁਝਵਾਇਆ।

shivani attri

This news is Content Editor shivani attri