ਸਾਵਧਾਨ ! ਕਿਤੇ ਚਾਈਨਾ ਡੋਰ ਕੱਟ ਨਾ ਦੇਵੇ ‘ਜ਼ਿੰਦਗੀ ਦੀ ਡੋਰ’

12/12/2022 12:48:33 PM

ਕਪੂਰਥਲਾ (ਮਹਾਜਨ)-ਪਤੰਗਬਾਜ਼ੀ ਦੇ ਸ਼ੌਕੀਨਾਂ ’ਚ ਪਤੰਗਬਾਜ਼ੀ ਲਈ ਬੇਹੱਦ ਉਤਸ਼ਾਹ ਪਾਇਆ ਜਾਂਦਾ ਹੈ ਪਰ ਆਪਣੇ ਆਪ ਨੂੰ ਬਿਹਤਰ ਪਤੰਗਬਾਜ਼ ਹਾਸਲ ਕਰਨ ਦੀ ਜ਼ਿਦ ’ਚ ਇਹ ਪਤੰਗਬਾਜ਼ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵਰਤ ਕੇ ਦੂਜਿਆਂ ਦੀ ਜਾਨ ਖ਼ਤਰੇ ’ਚ ਪਾ ਰਹੇ ਹਨ।
ਦੂਸਰਿਆਂ ਦੀ ਪਤੰਗ ਕੱਟਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਉਕਤ ਚਾਈਨਾ ਡੋਰ ਕਿਸੇ ਦੀ ‘ਜ਼ਿੰਦਗੀ ਦੀ ਡੋਰ’ ਕੱਟ ਸਕਦੀ ਹੈ। ਇਸ ਗੰਭੀਰ ਪਹਿਲੂ ’ਤੇ ਧਿਆਨ ਦੇਣਾ ਜਰੂਰੀ ਨਹੀਂ ਸਮਝਿਆ ਜਾ ਰਿਹਾ। ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਕਤ ਖ਼ਤਰਨਾਕ ਡੋਰ ’ਤੇ ਪਾਬੰਦੀ ਲਗਾਉਣ ਲਈ ਭਰਪੂਰ ਯਤਨ ਕਰ ਰਿਹਾ ਹੈ ਅਤੇ ਇਸ ਯਤਨ ਨੂੰ ਪੂਰਨ ਤੌਰ ’ਤੇ ਕਾਮਯਾਬ ਬਣਾਉਣ ਲਈ ਹਰ ਨਾਗਰਿਕ ਨੂੰ ਡੋਰ ਦੇ ਬਾਈਕਾਟ ’ਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਉਕਤ ਡੋਰ ਕਿਸੇ ਵੀ ਪ੍ਰਕਾਰ ਦੇ ਹਾਦਸੇ ਦਾ ਸਬਬ ਨਾ ਬਣ ਸਕੇ।

ਨੌਜਵਾਨ ਸਮਝਣ ਨੈਤਿਕ ਜ਼ਿੰਮੇਵਾਰੀ

ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਰੁਝਾਨ ਨੂੰ ਦੇਖਦੇ ਹੋਏ ਹੀ ਵੱਖ-ਵੱਖ ਵਿਕ੍ਰੇਤਾਵਾਂ ਵੱਲੋਂ ਉਕਤ ਖਰਤਨਾਕ ਡੋਰ ਦੀ ਵਿਕਰੀ ਕੀਤੀ ਜਾ ਰਹੀ ਹੈ। ਬੇਸ਼ੱਕ ਕਈ ਵਾਰ ਪ੍ਰਸ਼ਾਸਨ ਵੱਲੋਂ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਸਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਪੂਰਨ ਤੌਰ ’ਤੇ ਬੰਦ ਨਹੀਂ ਹੋ ਸਕੀ। ਜੇਕਰ ਖਰੀਦਦਾਰ ਹੀ ਕਦਮ ਪਿੱਛੇ ਖਿੱਚ ਲੈਣ ਤਾਂ ਵਿਕਰੇਤਾ ਵੀ ਉਕਤ ਡੋਰ ਵੇਚਣ ਤੋਂ ਗੁਰੇਜ ਕਰਨਗੇ। ਇਸ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਨੌਜਵਾਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਕਤ ਡੋਰ ਦਾ ਮੁਕੰਮਲ ਬਾਈਕਾਟ ਕਰਟਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਜਲੰਧਰ ’ਚ ਸ਼ੁਰੂ ਹੋਇਆ ਐਕਸਪ੍ਰੈੱਸ-ਵੇਅ ਦਾ ਕੰਮ, 4 ਘੰਟੇ 'ਚ ਤੈਅ ਹੋ ਸਕੇਗਾ ਦਿੱਲੀ ਤੋਂ ਜੰਮੂ-ਕਟੜਾ ਦਾ ਸਫ਼ਰ

ਮਾਪੇ ਬੱਚਿਆਂ ਨੂੰ ਸਮਝਾਉਣ

ਦੂਜੇ ਪਾਸੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਖ਼ਤਰਨਾਕ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਡੋਰ ਨਾ ਸਿਰਫ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਬਲਕਿ ਦੂਸਰਿਆਂ ਲਈ ਵੀ ਖਤਰਾ ਬਣ ਸਕਦੀ ਹੈ। ਇਸ ਤੋਂ ਇਲਾਵਾ ਮਾਪੇ ਬੱਚਿਆਂ ਨੂੰ ਪਤੰਗ ਲੁੱਟਣ ਤੋਂ ਰੋਕਣ ਕਿਉਂਕਿ ਚਾਈਨਾ ਡੋਰ ਵਾਲੀ ਪਤੰਗ ਉਨ੍ਹਾਂ ਨੂੰ ਜ਼ਖਮੀ ਕਰ ਸਕਦੀ ਹੈ।

ਹਰ ਸਾਲ ਵਾਪਰਦੇ ਹਨ ਕਈ ਹਾਦਸੇ

ਚਾਈਨਾ ਡੋਰ ਦੇ ਕਾਰਨ ਹਰ ਸਾਲ ਕਈ ਹਾਦਸੇ ਵਾਪਰਦੇ ਹਨ। ਵਾਹਨ ਚਾਲਕਾਂ ਦੇ ਲਈ ਤਾਂ ਚਾਈਨਾ ਡੋਰ ਮੌਤ ਦਾ ਫੰਦਾ ਹੀ ਸਾਬਿਤ ਹੋਈ ਹੈ। ਕਈ ਮਾਮਲਿਆਂ ’ਚ ਦੋ-ਪਹੀਆਂ ਵਾਹਨ ਚਾਲਕ ਗਲੇ ’ਚ ਡੋਰ ਲਿਪਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਚੁਕੇ ਹਨ। ਅਜਿਹਾ ਹੀ ਇਕ ਮਾਮਲਾ ਸੁਲਤਾਨਪੁਰ ਲੋਧੀ ’ਚ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਵਿਅਕਤੀ ਅਤੇ ਉਸ ਦੀ ਦੋਹਤੀ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਗਏ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :  ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ

ਚਾਈਨਾ ਡੋਰ ਦੇ ਖ਼ਤਰਨਾਕ ਨਤੀਜੇ

-ਪਲਾਸਟਿਕ ਦੁਆਰਾ ਬਣਾਈ ਚਾਈਨਾ ਡੋਰ ਟੁੱਟਦੀ ਨਹੀਂ, ਜਿਸ ਕਾਰਨ ਪਤੰਗ ਉਡਾਉਣ ਦੇ ਸਮੇਂ ਹੱਥ ਬੁਰੀ ਤਰ੍ਹਾਂ ਛਿੱਲੇ ਜਾਂਦੇ ਹਨ।
-ਚਾਈਨ ਡੋਰ ਦੀ ਲਪੇਟ ’ਚ ਆ ਕੇ ਰਾਹਗੀਰ ਤੇ ਦੋਪਹੀਆ ਵਾਹਨ ਚਾਲਕ ਜ਼ਖਮੀ ਹੋ ਜਾਂਦੇ ਹਨ ਤੇ ਕਈ ਮਾਮਲਿਆਂ ’ਚ ਮੌਤ ਵੀ ਹੋ ਜਾਂਦੀ ਹੈ।
-ਬਿਜਲੀ ਦੀਆਂ ਤਾਰਾਂ ’ਚ ਫਸੀ ਲਾਈਨਾ ਡੋਰ ਪਲਾਸਟਿਕ ਰੇਸ਼ੇ ਕਾਰਨ ਖਿੱਚੇ ਜਾਣ ’ਤੇ ਰਗਡ਼ ਪੈਦਾ ਕਰ ਸਕਦੀ ਹੈ, ਜਿਸ ਕਾਰਨ ਕਰੰਟ ਵੀ ਲੱਗ ਸਕਦਾ ਹੈ।
-ਉਕਤ ਡੋਰ ਨਾਲ ਪਤੰਗ ਉਡਾਉਣ ’ਤੇ ਮਾਸੂਮ ਪੰਛੀ ਇਸ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਜਾਂਦੇ ਹਨ।

ਪਾਬੰਦੀ ਦੇ ਬਾਵਜੂਦ ਦੁਕਾਨਦਾਰ ਅੰਦਰਖਾਤੇ ਵੇਚ ਰਹੇ ਚਾਈਨਾ ਡੋਰ

ਇਕ ਪਾਸੇ ਜਿੱਥੇ ਪ੍ਰਸ਼ਾਸਨ ਵੱਲੋਂ ਖਤਰਨਾਕ ਚਾਈਨਾ ਡੋਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਜਾਗਰੂਕਤਾ ਫੈਲਾਉਣ ਤੇ ਚੇਤਾਵਨੀਆਂ ਦੇਣ ਦੇ ਬਾਅਦ ਵੀ ਕੁੱਝ ਦੁਕਾਨਦਾਰ ਚਾਈਨਾਂ ਡੋਰ ਦੀ ਵਿਕਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਸ਼ਹਿਰ ਦੇ ਕੁੱਝ ਹਿੱਸਿਆਂ ’ਚ ਦੁਕਾਨਦਾਰਾਂ ਵੱਲੋਂ ਬੇਖੌਫ ਹੋ ਕੇ ਚਾਈਨਾ ਡੋਰ ਦੀ ਬਲੈਕ ’ਚ ਵਿਕਰੀ ਕਰ ਰਹੇ ਹਨ, ਜੋ ਲੋਕਾਂ ਦੀ ਸੁਰੱਖਿਆ ਨੂੰ ਪਾਸੇ ਰੱਖ ਕੇ ਸਿਰਫ਼ ਆਪਣੀ ਮੋਟੀ ਕਮਾਈ ਕਰਨ ਤੱਕ ਹੀ ਸੀਮਤ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਨਾਲ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੀ ਗਾਰੰਟੀ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri