ਹੁਸ਼ਿਆਰਪੁਰ 'ਚ ਮਾਈਨਿੰਗ ਤੇ ਜਿਆਲੋਜੀ ਵਿਭਾਗ ਵਲੋਂ ਚੈਕ ਪੋਸਟ ਤੇ ਕਮ-ਕੰਡੇ ਸਥਾਪਤ

01/16/2020 9:03:41 PM

ਗਡ਼੍ਹਸ਼ੰਕਰ, (ਸ਼ੋਰੀ)- ਪੰਜਾਬ ਵਿਚ ਜਲਦ ਹੀ ਰੇਤ ਅਤੇ ਬਜਰੀ ਲੋਕਾਂ ਨੂੰ ਹੋਰ ਮਹਿੰਗੀ ਮਿਲਣ ਦੇ ਅਾਸਾਰ ਬਣਦੇ ਨਜ਼ਰ ਆਉਣ ਲੱਗ ਪਏ ਹਨ । ਇਹ ਸ਼ੱਕ ਇਸ ਲਈ ਬਣ ਗਿਆ ਹੈ ਕਿਉਂਕਿ ਜ਼ਿਲਾ ਹੁਸ਼ਿਆਰਪੁਰ ਵਿਚ ਮਾਈਨਿੰਗ ਅਤੇ ਜ਼ਿਆਲੋਜੀ ਵਿਭਾਗ ਨੇ ਹਿਮਾਚਲ ਪ੍ਰਦੇਸ਼ ਤੋਂ ਆਣ ਵਾਲੇ ਰਾਹਾਂ ’ਤੇ ਆਪਣੀਆਂ ਚੈੱਕ ਪੋਸਟਾਂ ਸਥਾਪਿਤ ਕਰ ਲਈਆਂ ਹਨ ਅਤੇ ਇਨ੍ਹਾਂ ਪੋਸਟਾਂ ਦੇ ਨਾਲ ਹੀ ਭਾਰ ਤੋਲਣ ਲਈ ਕੰਡੇ ਵੀ ਬਣਾ ਦਿੱਤੇ ਹਨ । ਹੁਣ ਵੱਡਾ ਸਵਾਲ ਉੱਠਦਾ ਹੈ ਕੀ ਇਹ ਸਭ ਵਿਭਾਗ ਆਪਣੀ ਸਖ਼ਤ ਨਜ਼ਰ ਬਣਾਈ ਰੱਖਣ ਦੇ ਲਈ ਕਰ ਰਿਹਾ ਹੈ ਜਾਂ ਫਿਰ ਇਹ ਸਭ ਸਿਰਫ਼ ਹਿਮਾਚਲ ਤੋਂ ਆਉਣ ਵਾਲੇ ਰੇਤ ਬਜਰੀ ਨੂੰ ਬੰਦ ਕਰਨ ਦੀ ਪਲੈਨਿੰਗ ਦਾ ਇਕ ਹਿੱਸਾ ਹੈ ।

ਗੱਲ ਨਿਯਮਾਂ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਆਪਣੀਆਂ ਰੇਤ ਅਤੇ ਬਜਰੀ ਦੀਆਂ ਖੱਡਾਂ ਨੂੰ ਪੂਰੀ ਤਰ੍ਹਾਂ ਠੇਕੇ ’ਤੇ ਦੇ ਰੱਖਿਆ ਹੈ ਅਤੇ ਹਿਮਾਚਲ ਪ੍ਰਦੇਸ਼ ਤੋਂ ਜੋ ਵੀ ਵਾਹਨ ਰੇਤ ਬਜਰੀ ਲੈ ਕੇ ਆ ਰਹੇ ਹਨ ਉਨ੍ਹਾਂ ਦੇ ਕੋਲ ਜੀ. ਐੱਸ. ਟੀ. ਦਾ ਬਿੱਲ ਹੁੰਦਾ ਹੈ ਇਸ ਲਈ ਇਸ ਵਪਾਰ ਨਾਲ ਜੁੜੇ ਲੋਕਾਂ ਦੀ ਸਮਝ ਵਿਚ ਇਹ ਨਹੀਂ ਆ ਰਿਹਾ ਕਿ ਵਿਭਾਗ ਇਹ ਚੈੱਕ ਪੋਸਟਾਂ ਅਤੇ ਕੰਡੇ ਲਗਾ ਕੇ ਆਖ਼ਿਰ ਸਾਬਿਤ ਕੀ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਵੱਡੀ ਗੱਲ ਇਹ ਹੈ ਕਿ ਵਿਭਾਗ ਨੇ ਹੁਣ ਤੱਕ ਪੰਜਾਬ ਇਲਾਕੇ ਵਿਚ ਚਲ ਰਹੀ ਮਾਈਨਿੰਗ ਦੇ ਆਸ-ਪਾਸ ਅਜਿਹੇ ਨਾਕੇ ਨਹੀਂ ਲਾਏ ਹਨ , ਇਸ ਨਾਲ ਇਹ ਸ਼ੱਕ ਹੋਰ ਵੀ ਡੂੰਘਾ ਹੋ ਜਾਂਦਾ ਹੈ ਕਿ ਇਹ ਸਭ ਹਿਮਾਚਲ ਤੋਂ ਆਉਣੇ ਵਾਲੇ ਰੇਤ-ਬਜਰੀ ਵਾਲੇ ਵਾਹਨਾਂ ਨੂੰ ਬੰਦ ਕਰਨ ਵਾਲਾ ਹੀ ਕਦਮ ਸਾਬਿਤ ਹੋਵੇਗਾ।

ਹਾਲਾਂਕਿ ਹੁਣ ਤੱਕ ਪੰਜਾਬ ਸਰਕਾਰ ਦੇ ਸਬੰਧਤ ਮੰਤਰੀ ਅਤੇ ਵਿਭਾਗ ਨਾਲ ਜੁੜੇ ਵੱਡੇ ਅਧਿਕਾਰੀਆਂ ਦਾ ਇਸ ਸਬੰਧੀ ਕੋਈ ਬਿਆਨ ਮੀਡੀਆ ਵਿਚ ਨਹੀਂ ਆਇਆ। ਸਰਕਾਰ ਵੱਲੋਂ ਕੋਈ ਸਪੱਸ਼ਟ ਬਿਆਨ ਨਾ ਦੇਣ ਦੇ ਕਾਰਨ ਪੰਜਾਬ ਦੇ ਹਜ਼ਾਰਾਂ ਟਿੱਪਰ ਅਤੇ ਟਰੈਕਟਰ ਟਰਾਲੀ ਆਪ੍ਰੇਟਰਾਂ ਵਿਚ ਇਹ ਭਰਮ ਫੈਲ ਗਿਆ ਹੈ ਕੀ ਹੁਣ ਇਨ੍ਹਾਂ ਚੈੱਕ ਪੋਸਟਾਂ ’ਤੇ ਉਨ੍ਹਾਂ ਦੀ ਲੁੱਟ ਹੋਵੇਗੀ, ਕਈ ਲੋਕ ਕੰਮ ਛੱਡ ਕੇ ਬੇਰੋਜ਼ਗਾਰ ਹੋ ਸਕਦੇ ਹਨ ਅਤੇ ਪੰਜਾਬ ਵਿਚ ਰੇਤ ਬਜਰੀ ਦਾ ਭਾਅ ਸੱਤਵੇਂ ਆਸਮਾਨ ਤੱਕ ਜਾ ਸਕਦਾ ਹੈ।

               ਰਹੀ ਗੱਲ ਵਿਭਾਗ ਦੀ ਤਾਂ ਇਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਪਵੇਗਾ ਕੀ ਕੰਡੇ ਸਿਰਫ਼ ਓਵਰਲੋਡ ਚੈੱਕ ਕਰਨ ਲਈ ਲਗਾਏ ਜਾ ਰਹੇ ਹਨ, ਜੇਕਰ ਹਾਂ ਤਾਂ ਪੰਜਾਬ ਦੀਆਂ ਖੱਡਾਂ ਜਿਨ੍ਹਾਂ ਵਿਚ ਨਵਾਂਸ਼ਹਿਰ ਅਤੇ ਰੋਪਡ਼ ਦੀਆਂ ਕਾਫ਼ੀ ਖੱਡਾਂ ਸ਼ਾਮਿਲ ਹਨ ਵਿਚੋਂ ਜੋ ਓਵਰਲੋਡ ਰੇਤ ਬਜਰੀ ਵਾਲੇ ਵਾਹਨ ਚੱਲ ਰਹੇ ਹਨ ਉਨ੍ਹਾਂ ’ਤੇ ਵਿਭਾਗ ਕੀ ਕਾਰਵਾਈ ਕਰੇਗਾ ਅਤੇ ਇਥੇ ਕੰਡੇ ਕਿਉਂ ਨਹੀਂ ਲਗਾਏ ਗਏ ।

ਕੀ ਕਹਿਣਾ ਹੈ ਮਾਈਨਿੰਗ ਨਾਲ ਜੁਡ਼ੇ ਕਾਰੋਬਾਰੀਆਂ ਦਾ

ਮਾਈਨਿੰਗ ਵਿਭਾਗ ਦੇ ਇਸ ਕਦਮ ਨਾਲ ਭਰਮ ਅਤੇ ਭੁਲੇਖੇ ਦੀ ਸਥਿਤੀ ਵਿਚੋਂ ਲੰਘ ਰਹੇ ਇਸ ਕਾਰੋਬਾਰ ਨਾਲ ਜੁਡ਼ੇ ਲੋਕਾਂ ਦੀ ਮੰਨੋ ਤਾਂ ਇਨ੍ਹਾਂ ਚੈੱਕ ਪੋਸਟਾਂ ਰਾਹੀਂ ਪਹਿਲਾਂ ਹਿਮਾਚਲ ਤੋਂ ਆਉਣ ਵਾਲੀ ਰੇਤ ਬਜਰੀ ਬੰਦ ਕਰਵਾਈ ਜਾਵੇਗੀ ਫਿਰ ਪੰਜਾਬ ਦੀ ਰੇਤ ਬਜਰੀ ਮਨਮਰਜ਼ੀ ਦੇ ਰੇਟਾਂ ’ਤੇ ਵੇਚੀ ਜਾਵੇਗੀ। ਇਸ ਨਾਲ ਟ੍ਰਾਂਸਪੋਰਟਰ ਬੇਰੋਜ਼ਗਾਰ ਹੋ ਜਾਣਗੇ ਅਤੇ ਨਾਲ ਹੀ ਆਮ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਬਸ ਸੁਪਨਾ ਹੀ ਬਣ ਕੇ ਰਹਿ ਜਾਵੇਗਾ, ਕਿਉਂਕਿ ਰੇਤ ਬਜਰੀ ਦੇ ਰੇਟ ਵਧਣ ਤੇ ਉਪਰੋਂ ਇੱਟਾਂ ਦੇ ਭਾਅ ਵੀ ਮਾਡਰਨ ਬਣ ਰਹੇ ਭੱਠਿਆਂ ਦੇ ਕਾਰਣ ਆਉਣ ਵਾਲੇ ਸਮੇਂ ਵਿਚ 50 ਫੀਸਦੀ ਤੱਕ ਵੱਧਣ ਦੇ ਅਾਸਾਰ ਬਣ ਚੁੱਕੇ ਹਨ। ਜ਼ਰੂਰਤ ਹੈ ਖ਼ਦ ਮੁੱਖ ਮੰਤਰੀ ਇਸ ਮਾਮਲੇ ਦੀ ਪਡ਼ਤਾਲ ਕਰਨ ਅਤੇ ਲੋਕ ਹਿੱਤ ’ਚ ਫੈਸਲਾ ਲੈਣ।

Bharat Thapa

This news is Content Editor Bharat Thapa