ਹਿੰਦੂਜਾ ਗਰੁੱਪ ਚੁੱਕੇਗਾ ਪੰਜਾਬ ਦੇ ਖੇਤਾਂ 'ਚੋਂ ਪਰਾਲੀ, ਕੈਪਟਨ ਨੂੰ ਦੱਸੇ ਇਹ ਸੁਝਾਅ

12/05/2019 3:27:27 PM

ਜਲੰਧਰ/(ਧਵਨ,ਅਸ਼ਵਨੀ)— ਹਿੰਦੂਜਾ ਗਰੁੱਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਹਿੰਦੂਜਾ ਗਰੁੱਪ ਨੇ ਬੀਤੇ ਪੰਜਾਬ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਪੇਸ਼ ਕਰਦੇ ਹੋਏ ਕਿਹਾ ਹੈ ਕਿ ਖੇਤਾਂ 'ਚ ਪਈ ਧਾਨ ਦੀ ਰਹਿੰਦ-ਖੂੰਹਦ ਦਾ ਇਥੋਨਾਲ ਦੀ ਪਲਾਂਟਾਂ 'ਚ ਵਰਤੋਂ ਕੀਤੀ ਜਾ ਸਕਦੀ ਹੈ। ਹਿੰਦੂਜਾ ਦੇ ਨਾਲ ਆਏ ਵਫਦ ਨੇ ਸੂਬੇ 'ਚ ਖੇਤੀ, ਟਰਾਂਸਪੋਰਟ, ਬੈਂਕਿੰਗ, ਸਿਹਤ ਸੰਭਾਲ ਅਤੇ ਆਟੋ ਮੋਬਾਇਲ ਸੈਕਟਰਾਂ 'ਚ ਪੂੰਜੀ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾਈ ਹੈ।

ਹਿੰਦੂਜਾ ਗਰੁੱਪ ਦੇ ਚੇਅਰਮੈਨ ਨੇ ਪਰਾਲੀ ਸਾੜਨ ਦੀ ਸਮੱਸਿਆ ਦਾ ਟਰਾਂਸਪੋਰਟ ਤੇ ਤਕਨੀਕੀ ਹੱਲ ਪੇਸ਼ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬਾ ਸਰਕਾਰ ਨੂੰ ਰਾਹਤ ਮਿਲੇਗੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਗਰੁੱਪ ਦੇ ਟਿੱਪਰ ਸਮੇਂ 'ਤੇ ਖੇਤਾਂ ਤੋਂ ਪਰਾਲੀ ਨੂੰ ਚੁੱਕਣ 'ਚ ਸੂਬਾ ਸਰਕਾਰ ਨੂੰ ਸਹਿਯੋਗ ਦੇ ਸਕਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਕਿਹਾ ਕਿ ਉਹ ਗਰੁੱਪ ਦੇ ਪ੍ਰਸਤਾਵ ਦੀ ਸਮੀਖਿਆ ਕਰਨ। ਪ੍ਰਕਾਸ਼ ਹਿੰਦੂਜਾ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਬੈਂਕਿੰਗ ਖੇਤਰ 'ਚ ਨਿਵੇਸ਼ ਕਰਨ ਵਿਚ ਦਿਲਚਸਪੀ ਰੱਖਦਾ ਹੈ ਤਾਂ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਕਰਜ਼ਾ ਦੇ ਕੇ ਆਤਮ ਨਿਰਭਰ ਬਣਾਇਆ ਜਾ ਸਕੇ। 
ਪ੍ਰਸਤਾਵ ਦੇ ਅਨੁਸਾਰ ਹਿੰਦੂਜਾ ਗਰੁੱਪ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਮਿਲ ਕੇ ਲੋਕਪ੍ਰਿਯ ਪ੍ਰੋਗਰਾਮ ਯਾਰੀ ਐਂਟਰਪ੍ਰਾਈਜਿਜ਼ 'ਚ ਸਹਿਯੋਗ ਕਰਨ ਅਤੇ ਕੁਸ਼ਲ ਡਰਾਈਵਰਾਂ ਨੂੰ ਬੱਸਾਂ ਚਲਾਉਣ ਲਈ ਸਸਤਾ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ। ਇਸ ਦੇ ਤਹਿਤ ਬੱਸਾਂ ਦੇ ਪਰਮਿਟ ਕੈਪਟਨ ਸਰਕਾਰ ਵੱਲੋਂ ਦਿੱਤੇ ਜਾਣਗੇ। ਹਿੰਦੂਜਾ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਸੂਬਾ ਸਰਕਾਰ ਅਤੇ ਇਸਰਾਈਲੀ ਕੰਪਨੀਆਂ ਨਾਲ ਸਾਂਝੇਦਾਰੀ ਕਰਕੇ ਸੂਬੇ 'ਚ ਫਲ ਉਤਪਾਦਨ ਦੀ ਗੁਣਵੱਤਾ ਨੂੰ ਵਧਾਉਣਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦਾ ਵਿਦੇਸ਼ਾਂ 'ਚ ਨਿਰਯਾਤ ਹੋ ਸਕੇ। 

ਉਨ੍ਹਾਂ ਪੰਜਾਬ ਸਰਕਾਰ ਨਾਲ ਮਿਲ ਕੇ ਸੂਬੇ ਵਿਚ ਅਸ਼ੋਕ ਲੇਲੈਂਡ ਗਰੁੱਪ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਸਿਰਜਨ ਲਈ ਡਰਾਈਵਿੰਗ ਸਕੂਲ ਵੀ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ 'ਤੇ ਰੋਕ ਲਾਉਣ ਲਈ ਬੀ. ਐੱਸ.-6 ਨਾਰਮ ਵਾਲੇ ਪੁਰਾਣੇ ਵਾਹਨਾਂ ਨੂੰ 1 ਅਪ੍ਰੈਲ ਤੋਂ ਹਟਾ ਲਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਕਪੂਰਥਲਾ ਜ਼ਿਲੇ 'ਚ ਆਟੋ ਪਾਰਕ ਸਥਾਪਤ ਕਰਨ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਕਰਜ਼ਾ ਦੇਣ ਦੀ ਗਰੁੱਪ ਦੀ ਪੇਸ਼ਕਸ਼ ਸ਼ਲਾਘਾਯੋਗ ਹੈ। ਬੈਠਕ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਪ੍ਰਧਾਨ ਸਕੱਤਰ ਤੇਜਵੀਰ ਸਿੰਘ ਅਤੇ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਵੀ ਮੌਜੂਦ ਸੀ।

shivani attri

This news is Content Editor shivani attri