ਸੈਂਟਰਲ ਜੇਲ ''ਚ ਬੰਦ ਔਰਤ ਹਵਾਲਾਤੀ ਦੀ ਹਸਪਤਾਲ ''ਚ ਮੌਤ

12/04/2019 1:25:07 AM

ਹੁਸ਼ਿਆਰਪੁਰ,(ਅਮਰਿੰਦਰ) :  ਸੈਂਟਰਲ ਜੇਲ ਹੁਸ਼ਿਆਰਪੁਰ 'ਚ ਬੰਦ 50 ਸਾਲਾ ਵਿਚਾਰ ਅਧੀਨ ਔਰਤ ਹਵਾਲਾਤੀ ਅਰੁਣਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਨਿਵਾਸੀ ਸੁਖਰਾਮ ਕਾਲੋਨੀ ਪਟਿਆਲਾ ਦੀ ਅੱਜ ਇਲਾਜ ਦੌਰਾਨ ਅੰਮ੍ਰਿਤਸਰ ਦੇ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕਾ ਅਰੁਣਪ੍ਰੀਤ ਕੌਰ ਦੇ ਖਿਲਾਫ ਥਾਣਾ ਗੜ੍ਹਸ਼ੰਕਰ 'ਚ 10 ਫਰਵਰੀ 2019 ਨੂੰ ਧਾਰਾ 406 ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਅੱਜ ਕੀਤਾ ਜਾਏਗਾ ਲਾਸ਼ ਦਾ ਪੋਸਟਮਾਟਮ
ਮੰਗਲਵਾਰ ਦੇਰ ਰਾਤ ਸੰਪਰਕ ਕਰਨ 'ਤੇ ਕੇਂਦਰੀ ਜੇਲ ਹੁਸ਼ਿਆਰਪੁਰ ਦੇ ਜੇਲ ਸੁਪਰਡੈਂਟ ਲਲਿਤ ਕੋਹਲੀ ਨੇ ਦੱਸਿਆ ਕਿ ਮ੍ਰਿਤਕਾ ਅਰੁਣਪ੍ਰੀਤ ਕੌਰ ਜੁਡੀਸ਼ੀਅਲ ਰਿਮਾਂਡ 'ਤੇ 25 ਨਵੰਬਰ ਨੂੰ ਜੇਲ 'ਚ ਆਈ ਸੀ। ਅਰੁਣਪ੍ਰੀਤ ਕੌਰ ਹਾਈਪਰਟੈਂਸ਼ਨ ਦੇ ਨਾਲ-ਨਾਲ ਅਨ-ਕੰਟਰੋਲਡ ਸ਼ੂਗਰ ਦੀ ਸਮੱਸਿਆ ਨਾਲ ਪੀੜਤ ਸੀ। 2 ਦਸੰਬਰ ਨੂੰ ਜਦੋਂ ਜੇਲ 'ਚ ਉਸ ਦੀ ਹਾਲਤ ਵਿਗੜਣ ਲੱਗੀ ਤਾਂ ਉਸਨੂੰ ਤੁਰੰਤ ਹੀ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ। ਹਸਪਤਾਲ 'ਚ ਤਬੀਅਤ ਖਰਾਬ ਦੇਖ ਰਾਤ ਦੇ ਸਮੇਂ ਡਾਕਟਰਾਂ ਨੇ ਵਧੀਆ ਇਲਾਜ ਲਈ ਗੌਰਮਿੰਟ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਿਥੇ ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਦੇ ਨਾਲ-ਨਾਲ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕਾ ਦਾ ਬੁੱਧਵਾਰ ਨੂੰ ਮੈਡੀਕਲ ਬੋਰਡ ਦੇ ਨਿਰਦੇਸ਼ 'ਤੇ ਡਾਕਟਰਾਂ ਦੇ ਪੈਨਲ ਦੀ ਦੇਖ-ਰੇਖ 'ਚ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।