ਮਾਮਲਾ ਬਸਤੀ ਦਾਨਿਸ਼ਮੰਦਾਂ ’ਚ ਗੋਲੀਆਂ ਚਲਾਉਣ ਦਾ, ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ

05/23/2022 4:24:46 PM

ਜਲੰਧਰ (ਸ਼ੋਰੀ)-ਬੀਤੀ ਦੇਰ ਰਾਤ ਬਸਤੀ ਦਾਨਿਸ਼ਮੰਦਾਂ ਦੇ ਨਿਊ ਸ਼ਿਵਾਜੀ ਨਗਰ ਦੀ ਗਲੀ ਨੰਬਰ 7 ’ਚ ਕਾਂਗਰਸੀ ਆਗੂ ਦੀਪਕ ਪੁੱਤਰ ਵਿਜੇ ਕੁਮਾਰ ਨਾਲ ਝਗੜਾ ਕਰਨ ਤੋਂ ਬਾਅਦ ਗੋਲੀਆਂ ਚੱਲਣ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਥਾਣਾ ਨੰਬਰ 5 ਦੀ ਪੁਲਸ ਨੇ ਪੀੜਤ ਦੀਪਕ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਨੇ ਇਸ ਕੇਸ ’ਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਨਾਮਜ਼ਦ ਕੀਤਾ ਹੈ। ਥਾਣਾ ਨੰਬਰ 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਟੈਕਨੀਕਲ ਸੈੱਲ ਦੀ ਮਦਦ ਨਾਲ ਚੈੱਕ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੀਪਕ ਦਾ ਦੋਸ਼ ਸੀ ਕਿ ਉਹ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦਾ ਸਮਰਥਕ ਹੈ ਅਤੇ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ ਰਾਜਨ ਅੰਗੁਰਾਲ ਇਸ ਗੱਲ ਨੂੰ ਲੈ ਕੇ ਉਸ ਨਾਲ ਰੰਜਿਸ਼ ਰੱਖਣ ਲੱਗਾ ਅਤੇ ਉਸ ਦੀ ਸ਼ਹਿ ’ਤੇ ਹੀ ਇਲਾਕੇ ਦੇ ਕੁਝ ਨੌਜਵਾਨਾਂ ਨੇ ਉਸ ਨੂੰ ਲਲਕਾਰੇ ਮਾਰਦੇ ਹੋਏ ਗੋਲੀਆਂ ਤਕ ਚਲਾ ਕੇ ਦਹਿਸ਼ਤ ਫੈਲਾਈ ਹੈ। ਉਥੇ ਹੀ ਰਾਜਨ ਅੰਗੁਰਾਲ ਨੇ ਇਸ ਗੱਲ ਨੂੰ ਝੂਠ ਕਰਾਰ ਦਿੰਦਿਆਂ ਸਿਆਸੀ ਸਟੰਟ ਦੱਸਿਆ ਤਾਂ ਕਿ ਉਨ੍ਹਾਂ ਦੇ ਭਰਾ ਦਾ ਅਕਸ ਖਰਾਬ ਹੋਵੇ। ਪੀੜਤ ਦੀਪਕ ਨੇ ਦੋਸ਼ ਲਾਇਆ ਕਿ ਪੁਲਸ ਨੇ ਉਸ ਨੂੰ ਇਨਸਾਫ ਨਹੀਂ ਦਿਵਾਇਆ। ਉਸ ਨੇ ਪੁਲਸ ਨੂੰ ਗੋਲੀਆਂ ਚਲਾਉਣ ਵਾਲੇ 2 ਲੋਕਾਂ ਦੇ ਨਾਂ ਦੱਸੇ ਪਰ ਪੁਲਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕੇਸ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਹੈ।

ਪੁਲਸ ’ਤੇ ਸਿਆਸੀ ਦਬਾਅ ਹੈ, ਜੋ ਪੂਰੀ ਬਸਤੀ ਦਾਨਿਸ਼ਮੰਦਾਂ ਜਾਣਦੀ ਹੈ। ਉਹ ਇਸ ਗੱਲ ਨੂੰ ਸਹਿਣ ਨਹੀਂ ਕਰੇਗਾ ਅਤੇ ਆਪਣੇ ਸਾਥੀਆਂ ਸਮੇਤ ਸੋਮਵਾਰ ਨੂੰ ਪੁਲਸ ਕਮਿਸ਼ਨਰ ਦਫਤਰ ਵਿਚ ਨਿਆਂ ਲੈਣ ਲਈ ਧਰਨਾ ਲਾਵੇਗਾ। ਉਥੇ ਹੀ ਐੱਸ. ਅੈੱਚ. ਓ. ਸੁਖਬੀਰ ਸਿੰਘ ਨੇ ਕਿਹਾ ਿਕ ਪੁਲਸ ਨੇ ਬਿਨਾਂ ਕਿਸੇ ਦਬਾਅ ਦੇ ਕੰਮ ਕੀਤਾ ਹੈ। ਉਨ੍ਹਾਂ ਦੇ ਸੀਨੀਅਰ ਅਧਿਕਾਰੀ ਵੀ ਘਟਨਾ ਸਥਾਨ ’ਤੇ ਜਾਂਚ ਲਈ ਗਏ ਸਨ।

Manoj

This news is Content Editor Manoj