ਨਾਬਾਲਗਾ ਨੂੰ ਅਗਵਾ ਕਰਨ ’ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

03/30/2021 3:11:24 PM

ਭੋਗਪੁਰ (ਰਾਜੇਸ਼ ਸੂਰੀ) : ਥਾਣਾ ਭੋਗਪੁਰ ਅਧੀਨ ਪੈਂਦੇ ਇਕ ਪਿੰਡ ’ਚ ਪ੍ਰਭਾਤਫੇਰੀ ਤੋਂ ਵਾਪਸ ਆ ਰਹੀ ਨਾਬਾਲਗ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ’ਚ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਭੋਗਪੁਰ ਪੁਲਸ ਨੂੰ 8 ਫਰਵਰੀ ਨੂੰ ਦਿੱਤੇ ਬਿਆਨਾਂ ’ਚ ਸੀਮਾ (ਕਾਲਪਨਿਕ ਨਾਂ) ਦੀ ਮਾਂ ਨੇ ਦੱਸਿਆ ਸੀ ਕਿ ਉਸ ਦੀ ਪੁੱਤਰੀ ਆਪਣੇ ਪਿਤਾ ਨਾਲ ਪਿੰਡ ’ਚ ਇਕ ਧਾਰਮਿਕ ਸਮਾਗਮ ਦੇ ਸਬੰਧ ’ਚ ਕੱਢੀ ਜਾ ਰਹੀ ਪ੍ਰਭਾਤਫੇਰੀ ’ਚ ਗਈ ਸੀ।

ਕੁਝ ਸਮੇਂ ਬਾਅਦ ਉਸ ਦੇ ਪਿਤਾ ਨੇ ਉਸ ਲੜਕੀ ਨੂੰ ਇਕੱਲੇ ਹੀ ਘਰ ਭੇਜ ਦਿੱਤਾ ਪਰ ਲੜਕੀ ਘਰ ਨਾ ਪੁੱਜੀ ਤਾਂ ਉਨ੍ਹਾਂ ਉਸ ਦੀ ਭਾਲ ਕੀਤੀ। ਲੜਕੀ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਸੀਮਾ ਨੂੰ ਵਿਸ਼ਾਲ ਉਰਫ ਬਾਬਾ ਨਾਂ ਦਾ ਨੌਜਵਾਨ ਜ਼ਬਰਦਸਤੀ ਆਪਣੇ ਘਰ ਲੈ ਗਿਆ ਹੈ। ਲੜਕੀ ਦੇ ਮਾਤਾ-ਪਿਤਾ ਵਿਸ਼ਾਲ ਦੇ ਘਰ ਗਏ ਅਤੇ ਲੜਕੀ ਨੂੰ ਆਪਣੇ ਨਾਲ ਲੈ ਆਏ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਵਿਸ਼ਾਲ ਪਹਿਲਾਂ ਵੀ ਲੜਕੀ ਨਾਲ ਛੇੜਖਾਨੀ ਕਰਦਾ ਸੀ।

ਇਸ ਸਬੰਧ ’ਚ ਕਈ ਦਿਨ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮੇ ਦੀ ਗੱਲ ਚਲਦੀ ਰਹੀ ਪਰ ਰਾਜ਼ੀਨਾਮਾ ਨਾ ਹੋਇਆ। ਭੋਗਪੁਰ ਪੁਲਸ ਵੱਲੋਂ ਲੜਕੀ ਦੀ ਮਾਤਾ ਦੇ ਬਿਆਨਾਂ ਅਨੁਸਾਰ ਵਿਸ਼ਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਭੋਗਪੁਰ ਮੁਖੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਮਹਿਲਾ ਪੁਲਸ ਅਫਸਰ ਨਵਦੀਪ ਕੌਰ ਵੱਲੋਂ ਇਸ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਵਿਸ਼ਾਲ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Anuradha

This news is Content Editor Anuradha