ਸੰਤੁਲਨ ਵਿਗਡ਼ਨ ਕਾਰਣ ਦਰੱਖਤ ਨਾਲ ਟਕਰਾਈ ਕਾਰ ; 1 ਦੀ ਮੌਤ

06/25/2019 2:49:49 AM

ਕਪੂਰਥਲਾ, (ਮਹਾਜਨ)- ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਮਾਛੀਵਾਲ ਤੇ ਕਾਹਲਵਾਂ ਦੇ ਵਿਚਕਾਰ ਬੇਕਾਬੂ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਣ ਹੋਈ ਘਟਨਾ ’ਚ ਕਾਰ ਸਵਾਰ 4 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਦੁਰਘਟਨਾ ਐਤਵਾਰ ਦੀ ਦੇਰ ਰਾਤ ਹੋਈ। ਜ਼ਖਮੀਆਂ ਨੂੰ ਰਾਹਗੀਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭਰਤੀ ਕਰਵਾਇਆ। ਘਟਨਾ ਦੌਰਾਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ, ਇਕ ਨੌਜਵਾਨ ਦੀ ਲੱਤ ਟੁੱਟ ਗਈ, ਜਦਕਿ ਦੋ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਆਈਆਂ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੁਭਮ (22) ਪੁੱਤਰ ਰਮੇਸ਼ ਕੁਮਾਰ ਨਿਵਾਸੀ ਪਿੰਡ ਚੂਹਡ਼ਵਾਲ ਕਪੂਰਥਲਾ ਦੇ ਰੂਪ ’ਚ ਹੋਈ। ਜ਼ਖਮੀ ਦੀ ਪਛਾਣ ਰਾਹੁਲ ਪੁੱਤਰ ਹਰਦੇਵ ਸਿੰਘ ਨਿਵਾਸੀ ਪਿੰਡ ਪਾਹਡ਼ਾ, ਕਰਤਾਰਪੁਰ ਜਲੰਧਰ ਦੇ ਰੂਪ ’ਚ ਹੋਈ ਹੈ। ਮਾਮੂਲੀ ਰੂਪ ਨਾਲ ਦੋ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿੱਤੇ ਜਾਣ ’ਤੇ ਉਸਦਾ ਨਾਂ ਨਹੀਂ ਪਤਾ ਲੱਗ ਸਕਿਅਾ। ਥਾਣਾ ਸਦਰ ਦੇ ਪੁਲਸ ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਰਾਹੀਂ ਸੋਮਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਕਪੂਰਥਲਾ ਨਿਵਾਸੀ ਨੌਜਵਾਨ ਦੀ ਦੁਰਘਟਨਾ ’ਚ ਮੌਤ ਹੋ ਗਈ ਹੈ ਤੇ ਇਕ ਨੌਜਵਾਨ ਦੀ ਲੱਤ ਟੁੱਟ ਗਈ ਹੈ ਜੋ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ’ਚ ਇਲਾਜ ਅਧੀਨ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।

ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਪੁੱਤਰ ਜਗਤ ਰਾਮ ਨਿਵਾਸੀ ਪਿੰਡ ਚੂਹਡ਼ਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤੇ ਉਸਦਾ ਦੋਸਤ ਨਕੋਦਰ ਸਥਿਤ ਧਾਰਮਕ ਸਥਾਨ ’ਚ ਐਤਵਾਰ ਨੂੰ ਮੱਥਾ ਟੇਕਣ ਗਏ ਸਨ। ਕਪੂਰਥਲਾ-ਨਕੋਦਰ ਮਾਰਗ ਸਡ਼ਕ ’ਚ ਵਾਇਆ ਸਿੱਧਵਾਂ ਦੋਨਾ ਆਉਂਦੇ ਹੋਏ ਪਿੰਡ ਮਾਛੀਪਾਲ ਤੇ ਕਾਹਲਵਾਂ ਰਾਹੀਂ ਅਚਾਨਕ ਕਾਰ ਦਾ ਸੰਤੁਲਨ ਵਿਗਡ਼ਨ ਕਾਰਨ ਦਰੱਖਤ ਨਾਲ ਟੱਕਰਾ ਗਈ, ਜਿਸ ’ਚ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਦੁਰਘਟਨਾ ਦੇ ਸਮੇਂ ਉਸਦਾ ਬੇਟਾ ਕਾਰ ਚਲਾ ਰਿਹਾ ਸੀ, ਜਦਕਿ ਉਸਦਾ ਸਾਥੀ ਜ਼ਖਮੀ ਹੋ ਗਿਆ। ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ਼ੁਭਮ ਦੇ ਪਿਤਾ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਤੇ ਦੁਰਘਟਨਾ ਦੇ ਕਾਰਣਾਂ ਦੀ ਜਾਂਚ ਕੀਤੀ ਜਾਵੇਗੀ।

Bharat Thapa

This news is Content Editor Bharat Thapa