ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ

11/09/2018 6:06:07 AM

ਜਲੰਧਰ,   (ਵਰੁਣ)-  ਬੂਟਾ ਪਿੰਡ ’ਚ ਟੈਂਪੂ ਡਰਾਈਵਰ ਦੇ ਘਰ ਦੇ ਬਾਹਰ ਖੜ੍ਹੀ ਹੋਂਡਾ ਸਿਟੀ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਇਕ ਨੌਜਵਾਨ ਹੱਥ ’ਚ ਪੈਟਰੋਲ ਦੀ ਬੋਤਲ ਲਿਜਾਂਦਾ ਹੋਇਆ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ। ਥਾਣਾ ਨੰ. 6 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਤੇ  ਫੁਟੇਜ ਦੇ ਦਿੱਤੀ ਗਈ ਹੈ। 
ਬੂਟਾ ਪਿੰਡ ’ਚ ਰਹਿਣ ਵਾਲੇ ਮਾਰਸ਼ਲ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਉਹ ਖੁਦ ਦਾ ਟੈਂਪੂ ਚਲਾਉਂਦਾ ਹੈ। ਬੁੱਧਵਾਰ ਦੀ ਦੇਰ ਰਾਤ ਘਰ ਦੇ ਬਾਹਰ ਕੁਝ ਰੌਲਾ ਸੁਣਾਈ ਦਿੱਤਾ ਤੇ ਜਦ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੀ ਹੋਂਡਾ ਸਿਟੀ ਕਾਰ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੂਚਨਾ ਦਿੱਤੀ ਗਈ ਪਰ ਜਦੋਂ ਤੱਕ ਲੋਕਾਂ ਨੇ ਅੱਗ ਬੁਝਾਈ, ਉਦੋਂ ਤੱਕ ਕਾਰ ਸੜ ਚੁੱਕੀ ਸੀ। ਪਹਿਲਾਂ ਤਾਂ ਅਸੀਂ ਸਮਝੇ ਕਿ ਆਤਿਸ਼ਬਾਜ਼ੀ ਕਾਰਨ ਅੱਗ ਲੱਗੀ ਹੈ ਪਰ ਘਰ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਅੱਗ  ਕਿਸੇ ਨੇ ਰੰਜਿਸ਼ਨ ਲਾਈ ਹੈ, ਜਦਕਿ ਇਕ ਨੌਜਵਾਨ ਹੱਥ ’ਚ ਪੈਟਰੋਲ ਦੀ ਬੋਤਲ ਲਿਜਾਂਦਾ ਦਿਸਿਆ। ਮਾਮਲੇ ਦੀ ਸੂਚਨਾ ਥਾਣਾ ਨੰ. 6 ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਰਸ਼ਲ ਦਾ ਕਹਿਣਾ ਹੈ ਕਿ ਕਾਫੀ ਸਮੇਂ ਪਹਿਲਾਂ ਉਸ ਦਾ ਝਗੜਾ ਹੋਇਆ ਸੀ ਤੇ ਹੋ ਸਕਦਾ ਹੈ ਕਿ ਅੱਗ ਲਾਉਣ ’ਚ ਉਨ੍ਹਾਂ ’ਚੋਂ ਕਿਸੇ ਦਾ ਹੱਥ ਹੋਵੇ।