ਵਪਾਰੀ ਤੋਂ ਕਾਰ ਖੋਹਣ ਦੇ ਮਾਮਲੇ 'ਚ ਪੁਲਸ ਦੇ ਹੱਥ ਅਜੇ ਵੀ ਖਾਲੀ

02/04/2020 1:39:51 PM

ਫਗਵਾੜਾ (ਹਰਜੋਤ)— ਬੀਤੀ ਰਾਤ ਥਾਣਾ ਸਿਟੀ ਦੇ ਨੇੜਿਓਂ ਗਾਂਧੀ ਚੌਕ 'ਚ ਇਕ ਕੱਪੜਾ ਵਪਾਰੀ ਦੀ ਕਾਰ ਖੋਹ ਕੇ ਲੈ ਜਾਣ ਦੇ ਮਾਮਲੇ 'ਚ ਕਰੀਬ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਪੁਲਸ ਦੇ ਹੱਥ ਖਾਲੀ ਹਨ। ਫਿਲਹਾਲ ਪੁਲਸ ਵੱਲੋਂ ਜਾਂਚ ਪੜਤਾਲ ਦਾ ਦੌਰ ਜਾਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਲੁਟੇਰਿਆਂ ਨੂੰ ਕਾਬੂ ਕਰਨ 'ਚ ਕਿੰਨਾ ਕੁ ਸਫਲ ਹੁੰਦੀ ਹੈ।
ਇਸ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਨੇ ਧਾਰਾ 392 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫਿਲਹਾਲ ਕਾਫੀ ਉੱਚ ਪੱਧਰ 'ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ।

ਇਸੇ ਦੌਰਾਨ ਬੀਤੇ ਦਿਨ ਜ਼ਿਲੇ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਫਗਵਾੜਾ ਵਿਖੇ ਪੁੱਜੇ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ 'ਚ ਪੂਰੀ ਚੌਕਸੀ ਵਰਤਣ ਅਤੇ ਮੁਹੱਲਾ ਪੱਧਰਾ 'ਤੇ ਚੌਕੀਦਾਰ ਨੂੰ ਵੀ ਇਸ ਸਬੰਧੀ ਚੌਕਸ ਕੀਤਾ ਜਾਵੇ ਤਾਂ ਜੋ ਸ਼ੱਕੀ ਵਿਅਕਤੀਆਂ ਦੀ ਪੁਲਸ ਤਕ ਸੂਚਨਾ ਪੁੱਜ ਸਕੇ। ਇਸ ਮੌਕੇ ਉਨ੍ਹਾਂ ਖੁਦ ਬਾਜ਼ਾਰਾਂ 'ਚ ਜਾ ਕੇ ਬਾਜ਼ਾਰ ਦਾ ਦੌਰਾ ਕੀਤਾ ਅਤੇ ਬਾਜ਼ਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਉਨ੍ਹਾਂ ਰਾਤ ਸਮੇਂ ਯੋਜਨਾਬੰਦ ਤਰੀਕੇ ਨਾਲ ਨਾਕਾਬੰਦੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਐੱਸ. ਪੀ. ਮਨਵਿੰਦਰ ਸਿੰਘ, ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ, ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ, ਐੱਸ. ਐੱਚ. ਓ. ਸਤਨਾਮਪੁਰਾ ਵਿਜੈਕੁੰਵਰ ਸਮੇਤ ਪੁਲਸ ਅਧਿਕਾਰੀ ਸ਼ਾਮਲ ਸਨ।

ਕੀ ਹੈ ਮਾਮਲਾ
ਬੀਤੀ ਰਾਤ ਇਥੋਂ ਦੇ ਥਾਣਾ ਸਿਟੀ ਨਜ਼ਦੀਕ ਪੈਂਦੇ ਇਕ ਰਤਨ ਸਿਲਕ ਸਟੋਰ ਦੇ ਮਾਲਕ ਸੂਰਜ ਗਾਂਬਾ ਦੀ ਚਾਰ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ 'ਤੇ ਕਾਰ ਲੈ ਕੇ ਫਰਾਰ ਹੋ ਗਏ ਸਨ, ਜਿਸ ਕਾਰਣ ਦੇਰ ਰਾਤ ਸ਼ਹਿਰ 'ਚ ਮਾਹੌਲ ਕਾਫੀ ਦਹਿਸ਼ਤ ਵਾਲਾ ਬਣ ਗਿਆ ਸੀ। ਲੁਟੇਰੇ ਉਸ ਸਮੇਂ ਘਟਨਾ ਨੂੰ ਅੰਜਾਮ ਦੇ ਕੇ ਗਏ ਸਨ ਜਦੋਂ ਉਹ ਅੰਮ੍ਰਿਤਸਰ ਤੋਂ ਆਪਣੀ ਦੁਕਾਨ ਦਾ ਕੱਪੜਾ ਲੈ ਕੇ ਵਾਪਸ ਆਇਆ ਸੀ ਅਤੇ ਪਿਸਤੌਲ ਦੀ ਨੋਕ 'ਤੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਚਾਬੀ ਲੈ ਕੇ ਕਾਰ ਖੋਹ ਲਈ ਅਤੇ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਵਿਧਾਇਕ ਧਾਲੀਵਾਲ ਨੇ ਵੀ ਕੀਤੀ ਪੁਲਸ ਅਧਿਕਾਰੀਆਂ ਅਤੇ ਪੀੜਤ ਨਾਲ ਮੀਟਿੰਗ
ਇਸੇ ਦੌਰਾਨ ਸ਼ਹਿਰ 'ਚ ਚੋਰੀ ਅਤੇ ਲੁੱਟ ਦੀਆਂ ਵੱਧਦੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਬੀਤੇ ਦਿਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨਾਲ ਮੀਟਿੰਗ ਕੀਤੀ। ਵਿਧਾਇਕ ਧਾਲੀਵਾਲ ਨੇ ਜਿਥੇ ਪੁਲਸ ਪ੍ਰਸ਼ਾਸਨ ਨੂੰ ਫਗਵਾੜਾ ਸਬ ਡਿਵੀਜ਼ਨ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਇਸ ਉਪਰੰਤ ਉਨ੍ਹਾਂ ਕਾਰ ਲੁੱਟ ਦਾ ਸ਼ਿਕਾਰ ਹੋਏ ਸੂਰਜ ਗਾਬਾ ਮਾਲਿਕ ਰਤਨ ਸਿਲਕ ਸਟੋਰ ਨਾਲ ਮੁਲਾਕਾਤ ਕਰਕੇ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਸਬ ਡਿਵੀਜ਼ਨ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਫਗਵਾੜਾ ਦੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਸਹਿਣ ਨਹੀਂ ਹੋਵੇਗਾ।

ਗਾਂਧੀ ਚੌਕ 'ਚ ਵਾਪਰੀ ਘਟਨਾ ਦੀ ਵਪਾਰੀਆਂ ਨੇ ਕੀਤੀ ਨਿੰਦਾ
ਇਸੇ ਦੌਰਾਨ ਗਾਂਧੀ ਚੌਕ ਦੇ ਪ੍ਰਧਾਨ ਤਰਲੋਚਨ ਸਿੰਘ ਦੀ ਅਗਵਾਈ 'ਚ ਵਪਾਰੀਆਂ ਨੇ ਪੀੜਤ ਸੂਰਜ ਗਾਂਬਾ ਦੀ ਦੁਕਾਨ 'ਤੇ ਪੁੱਜ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਦੁਕਾਨਦਾਰਾਂ ਨੇ ਪੁਲਸ ਨੂੰ ਅਪੀਲ ਕੀਤੀ ਕਿ ਅਕਸਰ ਹੀ ਵਪਾਰੀਆਂ ਪਾਸ ਸਵੇਰੇ ਆਉਣ ਤੇ ਸ਼ਾਮ ਨੂੰ ਜਾਣ ਸਮੇਂ ਕਾਗਜ਼ਾਤ ਤੇ ਪੈਸੇ ਹੁੰਦੇ ਹਨ ਜੇਕਰ ਅਜਿਹੀਆਂ ਘਟਨਾਵਾਂ ਹੀ ਵਾਪਰਦੀਆਂ ਰਹਿਣਗੀਆਂ ਤਾਂ ਵਪਾਰੀ ਵਰਗ ਖਤਰੇ 'ਚ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਮੰਗ ਕੀਤੀ ਕਿ ਸ਼ਹਿਰ 'ਚ ਨਿੱਤ ਵਾਪਰ ਰਹੀਆਂ ਵਾਰਦਾਤਾਂ 'ਤੇ ਪੁਲਸ ਕਾਬੂ ਕਰੇ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਤੇ ਐੱਸ. ਪੀ. ਮਨਵਿੰਦਰ ਸਿੰਘ ਨੇ ਵੀ ਭਰੋਸਾ ਦਿੱਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

3 ਜਨਵਰੀ ਤੋਂ 2 ਫਰਵਰੀ ਤਕ ਪਿਸਤੌਲ ਦੀ ਨੋਕ 'ਤੇ ਹੋਈਆਂ ਵਾਰਦਾਤਾਂ ਦਾ ਵੇਰਵਾ
3 ਜਨਵਰੀ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦਾ ਕਾਰੋਬਾਰ ਕਰਦੇ ਬੰਗਾਲੀ ਕਾਰੀਗਾਰਾਂ ਦੀ ਕੱਨਪੱਟੀ 'ਤੇ ਪਿਸਤੌਲ ਰੱਖ ਕੇ ਅੱਧਾ ਕਿਲੋ ਸੋਨਾ ਲੈ ਕੇ ਫਰਾਰ ਹੋ ਗਏ ਸਨ।
12 ਜਨਵਰੀ ਨੂੰ ਖੋਥੜਾ ਰੋਡ 'ਤੇ ਮੈਡੀਕਲ ਸਟੋਰ 'ਤੇ ਪਿਸਤੌਲ ਦੀ ਨੋਕ 'ਤੇ 12 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ।
30 ਜਨਵਰੀ ਨੂੰ ਪਾਂਸ਼ਟਾ ਵਿਖੇ ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਕੇ ਸੋਨਾ, ਚਾਂਦੀ ਤੇ ਨਕਦੀ ਲੁੱਟ ਕੇ ਲੈ ਗਏ। ਫਾਇਰਿੰਗ ਦੌਰਾਨ ਦੁਕਾਨ ਮਾਲਕ ਤੇ ਕਰਿੰਦੇ ਨੂੰ ਵੀ ਜ਼ਖਮੀ ਕਰ ਦਿੱਤਾ ਸੀ ਪਰ ਇਸ ਮਾਮਲੇ 'ਚ ਵੀ ਫਿਲਹਾਲ ਕੁਝ ਪ੍ਰਾਪਤ ਨਹੀਂ ਹੋਇਆ।
2 ਫਰਵਰੀ ਦੀ ਰਾਤ ਨੂੰ ਹੁਣ ਮੁੜ ਲੁਟੇਰਿਆਂ ਨੇ ਥਾਣਾ ਸਿਟੀ ਦੇ ਨਜ਼ਦੀਕ ਤੋਂ ਆਈ-20 ਕਾਰ ਨੂੰ ਪਿਸਤੌਲ ਦੀ ਨੋਕ 'ਤੇ ਖੋਹ ਲਿਆ।

shivani attri

This news is Content Editor shivani attri