ਵਿਆਹ ਸਮਾਗਮ ''ਚ ਆਏ ਗ੍ਰੀਨ ਮਾਡਲ ਟਾਊਨ ਦੇ ਪ੍ਰਾਪਰਟੀ ਕਾਰੋਬਾਰੀ ਦੀ ਲੁੱਟੀ ਨਵੀਂ ਕ੍ਰੇਟਾ ਕਾਰ

01/27/2020 4:00:48 PM

ਜਲੰਧਰ (ਮਹੇਸ਼)— 3 ਲੁਟੇਰਿਆਂ ਨੇ ਲੁਧਿਆਣਾ ਰਾਸ਼ਟਰੀ ਰਾਜ ਮਾਰਗ 'ਤੇ ਪਰਾਗਪੁਰ ਨੇੜੇ ਬਾਠ ਕੈਸਲ ਨਾਮਕ ਇਕ ਵੱਡੇ ਮੈਰਿਜ ਰਿਜ਼ੋਰਟ 'ਚ ਸ਼ਨੀਵਾਰ ਰਾਤ 10 ਵਜੇ ਤੋਂ ਬਾਅਦ ਗ੍ਰੀਨ ਮਾਡਲ ਟਾਊਨ ਜਲੰਧਰ ਦੇ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਕਮਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੀ 2019 ਮਾਡਲ ਦੀ ਨਵੀਂ ਕ੍ਰੇਟਾ ਕਾਰ ਲੁੱਟ ਲਈ।

ਮਿਲੀ ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਬਾਠ ਕੈਸਲ 'ਚ ਆਏ ਸੀ। ਬਾਹਰ ਪਾਰਕਿੰਗ 'ਚ ਗੱਡੀਆਂ ਲਗਾਉਣ ਲਈ ਤਾਇਨਾਤ ਬਾਠ ਕੈਸਲ ਦੇ ਮੁਲਾਜ਼ਮ ਨਵਦੀਪ ਕੁਮਾਰ ਪੁੱਤਰ ਸੋਮ ਪਾਲ ਨਿਵਾਸੀ ਪਿੰਡ ਕੋਟ ਕਲਾਂ ਨੂੰ ਕਾਰ ਦੀਆਂ ਚਾਬੀਆਂ ਦੇ ਕੇ ਉਹ ਅੰਦਰ ਚਲੇ ਗਏ। ਬਾਹਰ ਕਾਰ ਲੁੱਟੇ ਜਾਣ ਨੂੰ ਲੈ ਕੇ ਮਚੇ ਹੋਏ ਹੜਕੰਪ ਦੀ ਸੂਚਨਾ ਮਿਲਦੇ ਹੀ ਉਹ ਬਾਹਰ ਆ ਗਏ। ਉਥੇ ਦੇਖਿਆ ਕਿ ਉਨ੍ਹਾਂ ਦੀ ਕਾਰ ਗਾਇਬ ਸੀ ਅਤੇ ਨਾ ਹੀ ਨਵਦੀਪ ਕੁਮਾਰ ਉਥੇ ਸੀ। ਕੁਝ ਸਮੇਂ ਬਾਅਦ ਜਿਵੇਂ ਹੀ ਨਵਦੀਪ ਉਥੇ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਉਹ ਜਦੋਂ ਕਾਰ ਪਾਰਕਿੰਗ 'ਚ ਲਗਾਉਣ ਲਈ ਗਿਆ ਤਾਂ 3 ਲੁਟੇਰੇ ਉਥੇ ਆਏ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਕ੍ਰੇਟਾ ਕਾਰ ਦੀਆਂ ਚਾਬੀਆਂ ਖੋਹ ਲਈਆਂ ਅਤੇ ਉਸ ਨੂੰ ਵੀ ਜਬਰਨ ਕਾਰ 'ਚ ਬਿਠਾ ਲਿਆ। ਉਹ ਤੇਜ਼ ਰਫਤਾਰ ਕਾਰ ਲੈ ਕੇ ਉਥੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਹ ਵੀ ਉਨ੍ਹਾਂ ਦੀ ਕਾਰ 'ਚ ਹੀ ਸੀ, ਚਹੇੜੂ ਪੁਲ ਤੋਂ ਪਹਿਲਾਂ ਹੀ ਰਾਇਲ ਕਿੰਗ ਰਿਜ਼ੋਰਟ ਕੋਲ ਜਾ ਕੇ ਉਨ੍ਹਾਂ ਨੇ ਉਸ ਨੂੰ ਕਾਰ ਤੋਂ ਹੇਠਾਂ ਧੱਕਾ ਦੇ ਦਿੱਤਾ। ਮੌਕੇ 'ਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਸਮੇਤ ਕਈ ਉੱਚ ਅਧਿਕਾਰੀ ਅਤੇ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਵੀ ਪਹੁੰਚ ਗਏ ਅਤੇ ਵੱਖ- ਵੱਖ ਪਹਿਲੂਆਂ ਨਾਲ ਜਾਂਚ ਸ਼ੁਰੂ ਕੀਤੀ। ਏ. ਸੀ. ਪੀ. ਛੇਤਰਾ ਨੇ ਦੱਸਿਆ ਕਿ ਪੁਲਸ ਨੇ ਕਮਲਜੀਤ ਸਿੰਘ ਵਾਸੀ ਗ੍ਰੀਨ ਮਾਡਲ ਟਾਊਨ ਦੇ ਬਿਆਨਾਂ 'ਤੇ ਥਾਣਾ ਰਾਮਾ ਮੰਡੀ 'ਚ 379-ਬੀ ਦੇ ਤਹਿਤ ਕੇਸ ਨੰ. 21 ਦਰਜ ਕਰ ਲਿਆ ਹੈ।

ਡੀ. ਸੀ. ਅਤੇ ਪੁਲਸ ਕਮਿਸ਼ਨਰ ਵੀ ਪਹੁੰਚੇ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਰਾਤ 11 ਵਜੇ ਤੋਂ ਬਾਅਦ ਬਾਠ ਕੈਸਲ 'ਚ ਪਹੁੰਚ ਗਏ ਜੋ ਕਿ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਆਏ ਸਨ ਪਰ ਉਥੇ ਪਹੁੰਚ ਕੇ ਉਨ੍ਹਾਂ ਨੂੰ ਕ੍ਰੇਟਾ ਕਾਰ ਲੁੱਟੇ ਜਾਣ ਬਾਰੇ ਪਤਾ ਲੱਗਾ। ਉਨ੍ਹਾਂ ਦੇ ਆਉਣ ਤੋਂ ਕਰੀਬ ਇਕ ਘੰਟਾ ਪਹਿਲਾਂ ਲੁਟੇਰੇ ਕਾਰ ਲੈ ਕੇ ਫਰਾਰ ਹੋ ਚੁੱਕੇ ਸਨ। ਪਾਰਕਿੰਗ 'ਚ ਡਿਊਟੀ ਕਰਨ ਵਾਲੇ ਨਵਦੀਪ ਨੇ ਸੀ. ਪੀ. ਅਤੇ ਡੀ. ਸੀ. ਨੂੰ ਵੀ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪਹਿਲਾਂ ਚਰਚਾ ਇਹ ਸੀ ਕਿ ਜਦੋਂ ਵਾਰਦਾਤ ਹੋਈ ਤਾਂ ਡੀ. ਸੀ. ਅਤੇ ਸੀ. ਪੀ. ਵਿਆਹ ਸਮਾਗਮ 'ਚ ਹੀ ਮੌਜੂਦ ਸੀ ਜਦਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਵਾਰਦਾਤ ਦੇ ਕਾਫ਼ੀ ਦੇਰ ਬਾਅਦ ਮੌਕੇ 'ਤੇ ਆਏ ਸਨ।

ਪੈਟਰੋਲ ਪੰਪ ਤੋਂ 1100 ਰੁਪਏ ਦਾ ਪੁਆਇਆ ਸੀ ਤੇਲ 
ਲੁਟੇਰਿਆਂ ਨੇ ਬਾਠ ਕੈਸਲ ਤੋਂ ਫਰਾਰ ਹੋਣ ਤੋਂ ਬਾਅਦ ਕੁਝ ਹੀ ਦੂਰੀ 'ਤੇ ਆਉਂਦੇ ਇਕ ਪੈਟਰੋਲ ਪੰਪ ਤੋਂ 1100 ਰੁਪਏ ਦਾ ਤੇਲ ਵੀ ਪੁਆਇਆ ਸੀ। ਉਥੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਉਸ 'ਚ ਲੁੱਟੀ ਹੋਈ ਕ੍ਰੇਟਾ ਕਾਰ ਅਤੇ ਉਸ 'ਚ ਬੈਠੇ ਹੋਏ ਲੁਟੇਰੇ ਕੈਦ ਹੋ ਗਹੇ ਹਨ। ਪੰਪ 'ਤੇ ਉਹ ਪੈਸੇ ਦੇਣ ਤੋਂ ਬਾਅਦ ਉਥੋਂ ਤੇਜ਼ ਰਫਤਾਰ ਕਾਰ ਲੈ ਕੇ ਲੁਧਿਆਣਾ ਵੱਲ ਫਰਾਰ ਹੋ ਗਏ। ਪੁਲਸ ਨੇ ਫੁਟੇਜ ਆਪਣੇ ਕੱਬਜੇ 'ਚ ਲੈ ਕੇ ਵਾਰਦਾਤ ਨੂੰ ਟ੍ਰੇਸ ਕਰਨ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਵਾਰਦਾਤ ਨੂੰ ਬਹੁਤ ਜਲਦੀ ਹੀ ਟਰੇਸ ਕਰ ਲਏ ਜਾਣ ਦਾ ਦਾਅਵਾ ਕੀਤਾ ਹੈ। ਬਾਠ ਕੈਸੇਲ ਦੇ ਬਾਹਰ ਦੀ ਵਾਰਦਾਤ ਨੂੰ ਲੈ ਕੇ ਅਜੇ ਕੋਈ ਵੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਹੱਥ ਨਹੀਂ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਉਥੇ ਆਲੇ ਦੁਆਲੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਹੈ।

ਪਹਿਲਾਂ ਤੋਂ ਕੀਤੀ ਜਾ ਰਹੀ ਸੀ ਰੇਕੀ 
ਬਾਠ ਕੈਸੇਲ ਬਾਹਰ ਹੋਈ ਲੁੱਟ ਦੀ ਵਾਰਦਾਤ ਨੂੰ ਲੈ ਕੇ ਪਤਾ ਲੱਗਾ ਹੈ ਕਿ ਕਾਰ ਲੁੱਟਣ ਵਾਲੇ ਲੁਟੇਰੇ ਉਥੇ ਪਹਿਲਾਂ ਤੋਂ ਹੀ ਰੇਕੀ ਕਰ ਰਹੇ ਸੀ ਅਤੇ ਸਮਾਂ ਮਿਲਦੇ ਹੀ ਉਨ੍ਹਾਂ ਨੇ ਆਪਣੀ ਬਣਾਈ ਹੋਈ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਲੁਟੇਰੇ ਨਕਾਬਪੋਸ਼ ਦੱਸੇ ਜਾ ਰਹੇ ਹਨ। ਪੁਲਸ ਦਾ ਮੰਨਣਾ ਹੈ ਕਿ ਉਹ ਜੀ. ਟੀ. ਰੋਡ ਵੱਲ ਜਾਣ ਦੀ ਬਜਾਏ ਪਿੰਡਾਂ ਵੱਲ ਭੱਜੇ ਹਨ।

ਹਾਈ ਅਲਰਟ ਦੀ ਵੀ ਨਹੀਂ ਕੀਤੀ ਪ੍ਰਵਾਹ
ਗਣਤੰਤਰ ਦਿਵਸ ਨੂੰ ਲੈ ਕੇ ਸ਼ਹਿਰ 'ਚ ਕੀਤੇ ਹੋਏ ਹਾਈ ਅਲਰਟ ਦੀ ਵੀ ਲੁਟੇਰਿਆਂ ਨੇ ਪ੍ਰਵਾਹ ਨਹੀਂ ਕੀਤੀ ਅਤੇ ਬਿਨਾਂ ਡਰੇ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋ ਫਰਾਰ ਹੋ ਗਏ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਚੋਰ ਲੁਟੇਰਿਆਂ ਦੇ ਮਨ 'ਚ ਕਮਿਸ਼ਨਰੇਟ ਪੁਲਸ ਦਾ ਕੋਈ ਡਰ ਨਹੀਂ ਹੈ। ਹਾਲਾਂਕਿ ਪਿਛਲੇ ਦੋ-ਤਿੰਨ ਦਿਨ ਤੋਂ ਨਾਕਿਆਂ 'ਤੇ ਵੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

shivani attri

This news is Content Editor shivani attri