ਕੈਂਟ ਵਿਧਾਨ ਸਭਾ ਹਲਕੇ ਦੀ ਹੌਟ ਸੀਟ ਨੂੰ ਲੈ ਕੇ ਬਦਲੇ ਸਮੀਕਰਨ, ਸੰਗਠਨ ਅਮਰੀ ਤੇ ਮੱਕੜ ਦੇ ਹੱਕ ’ਚ ਅੜੇ

01/23/2022 4:04:17 PM

ਜਲੰਧਰ (ਗੁਲਸ਼ਨ)–ਭਾਰਤੀ ਜਨਤਾ ਪਾਰਟੀ ਲਈ ਜਲੰਧਰ ਕੈਂਟ ਵਿਧਾਨ ਸਭਾ ਸੀਟ ਹੌਟ ਬਣਦੀ ਜਾ ਰਹੀ ਹੈ। ਇਸ ਸੀਟ ’ਤੇ ਕਈ ਸੰਭਾਵਿਤ ਉਮੀਦਵਾਰ ਜ਼ਬਰਦਸਤ ਲਾਬਿੰਗ ਕਰ ਰਹੇ ਹਨ ਪਰ ਜੋ ਤਾਜ਼ਾ ਸਮੀਕਰਨ ਸਾਹਮਣੇ ਆ ਰਹੇ ਹਨ, ਉਸ ਤੋਂ ਪਤਾ ਲੱਗਾ ਹੈ ਕਿ ਭਾਜਪਾ ਸੰਗਠਨ ਦਾ ਇਕ ਵੱਡਾ ਖੇਮਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੂੰ ਉਮੀਦਵਾਰ ਬਣਾਉਣ ਦੇ ਹੱਕ ’ਚ ਹੈ। ਸਿਰਫ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੀ ਸਰਬਜੀਤ ਸਿੰਘ ਮੱਕੜ ਦੇ ਨਾਂ ’ਤੇ ਅੜੇ ਹੋਏ ਹਨ ਕਿਉਂਕਿ ਉਨ੍ਹਾਂ ਹੀ ਮੱਕੜ ਨੂੰ ਭਾਜਪਾ ’ਚ ਸ਼ਾਮਲ ਕੀਤਾ ਸੀ ਪਰ ਭਾਜਪਾ ਦੇ ਵਧੇਰੇ ਵਰਕਰ ਮੱਕੜ ਦੇ ਪੱਖ ’ਚ ਨਹੀਂ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਸੰਯੁਕਤ) ਵੀ ਇਸ ਹੌਟ ਸੀਟ ਦੀ ਡਿਮਾਂਡ ਕਰ ਰਿਹਾ ਹੈ ਤਾਂ ਕਿ ਉਹ ਆਪਣਾ ਉਮੀਦਵਾਰ ਉਤਾਰ ਸਕੇ। ਵਰਣਨਯੋਗ ਹੈ ਕਿ ਜਲੰਧਰ ਸ਼ਹਿਰ ਦੀਆਂ 3 ਸੀਟਾਂ ’ਤੇ ਭਾਜਪਾ ਨੇ ਹਿੰਦੂ ਚਿਹਰੇ ਚੋਣ ਮੈਦਾਨ ’ਚ ਉਤਾਰੇ ਹਨ।

ਭਾਜਪਾ ਇਸ ਸੀਟ ’ਤੇ ਸਿੱਖ ਚਿਹਰਾ ਉਤਾਰਨਾ ਚਾਹੁੰਦੀ ਹੈ, ਇਸ ਲਈ ਹੁਣ ਅਮਰੀ ਤੇ ਮੱਕੜ ਦੇ ਨਾਂ ’ਤੇ ਪੇਚ ਫਸ ਗਿਆ ਹੈ। ਦੂਜੇ ਪਾਸੇ ਭਾਜਪਾ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਸਿੱਖ ਵਰਕਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਨ੍ਹਾਂ ਵਿਰੋਧੀ ਧਿਰ ’ਚ ਰਹਿੰਦੇ ਹੋਏ ਵੀ ਪਾਰਟੀ ਦੇ ਵਜੂਦ ਨੂੰ ਕਾਇਮ ਰੱਖਿਆ ਹੈ। ਹਾਲਾਂਕਿ ਅਮਿਤ ਤਨੇਜਾ ਅਤੇ ਦੀਵਾਨ ਅਮਿਤ ਅਰੋੜਾ ਵੀ ਦਾਅਵੇਦਾਰਾਂ ’ਚ ਸ਼ਾਮਲ ਹਨ। ਇਸ ਸੀਟ ਨੂੰ ਲੈ ਕੇ ਭਾਜਪਾ ਹਾਈਕਮਾਨ ਅਜੇ ਸ਼ਸ਼ੋਪੰਜ ’ਚ ਹੈ। ਫਿਲਹਾਲ ਇਸ ਸੀਟ ਦੇ ਦਾਅਵੇਦਾਰਾਂ ’ਚ ਕਾਫੀ ਹਲਚਲ ਮਚੀ ਹੋਈ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ 1-2 ਦਿਨਾਂ ’ਚ ਇਸ ਸੀਟ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
 
ਭਾਜਪਾ ’ਚ ਜਲੰਧਰ ਦਿਹਾਤੀ ਦੀਆਂ 4 ਸੀਟਾਂ ਨੂੰ ਲੈ ਕੇ ਵੀ ਮੰਥਨ ਜਾਰੀ
ਜਲੰਧਰ ਕੈਂਟ ਦੀ ਹੌਟ ਸੀਟ ਤੋਂ ਇਲਾਵਾ ਦਿਹਾਤੀ ਇਲਾਕੇ ਦੀਆਂ 4 ਸੀਟਾਂ ’ਤੇ ਵੀ ਅਜੇ ਭਾਜਪਾ ’ਚ ਮੰਥਨ ਜਾਰੀ ਹੈ। ਕਰਤਾਰਪੁਰ, ਆਦਮਪੁਰ, ਨਕੋਦਰ ਤੇ ਸ਼ਾਹਕੋਟ ਸੀਟਾਂ ਨੂੰ ਲੈ ਕੇ ਵੀ ਅਜੇ ਭਾਜਪਾ ਸ਼ਸ਼ੋਪੰਜ ’ਚ ਹੈ। ਸੂਤਰਾਂ ਮੁਤਾਬਕ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਇਸ ਲਈ ਹੋਲਡ ਕੀਤਾ ਹੋਇਆ ਹੈ ਤਾਂ ਕਿ ਦੂਜੀਆਂ ਪਾਰਟੀਆਂ ਤੋਂ ਆਏ ਕੱਦਾਵਰ ਆਗੂਆਂ ਨੂੰ ਵੀ ਐਡਜਸਟ ਕੀਤਾ ਜਾ ਸਕੇ। ਜੇਕਰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ. ਪੀ. ਭਾਜਪਾ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਦਮਪੁਰ ਤੋਂ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਉਥੇ ਦਲਿਤ ਵੋਟ ਜ਼ਿਆਦਾ ਹੈ।

Manoj

This news is Content Editor Manoj