ਪ੍ਰਾਪਰਟੀ ਮਾਮਲੇ ’´ਚ ਧਮਕੀਆਂ ਤੋਂ ਦੁਖੀ ਕਾਰੋਬਾਰੀ ਵਲੋਂ ਖੁਦਕੁਸ਼ੀ

08/10/2020 2:42:05 AM

ਲਾਂਬੜਾ,(ਵਰਿੰਦਰ)- ਨੇੜਲੇ ਪਿੰਡ ਭਗਵਾਨਪੁਰ ਵਿਖੇ ਇਕ ਕਾਰੋਬਾਰੀ ਨੇ ਪ੍ਰਾਪਰਟੀ ਦੇ ਮਾਮਲੇ ਵਿਚ ਉਸ ਨੂੰ ਤੰਗ-ਪ੍ਰੇਸ਼ਾਨ ਕਰਨ, ਉਧਾਰ ਦਿੱਤੇ ਪੈਸੇ ਨਾ ਮੋੜਨ ਅਤੇ ਧਮਕੀਆਂ ਤੋਂ ਦੁਖੀ ਹੋ ਕੇ ਅੱਜ ਸਵੇਰ ਆਪਣੇ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਇਸ ਮਾਮਲੇ ਵਿਚ ਪੁਲਸ ਵੱਲੋਂ 8 ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ |

ਇਸ ਸਬੰਧੀ ਥਾਣਾ ਮੁਖੀ ਰਮਨਜੀਤ ਸਿੰਘ ਅਤੇ ਤਫਤੀਸ਼ੀ ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਮ੍ਰਿਤਕ ਦੀ ਪਛਾਣ ਮਨੀਸ਼ ਗੁਪਤਾ (50) ਪੁੱਤਰ ਤਿਲਕ ਰਾਜ ਵਾਸੀ ਪਿੰਡ ਭਗਵਾਨਪੁਰ ਵਜੋਂ ਹੋਈ ਹੈ, ਜੋ ਪਿੰਡ ਵਿਖੇ ਹੀ ਹਾਰਡਵੇਅਰ ਦੀ ਦੁਕਾਨ ਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ | ਮ੍ਰਿਤਕ ਦੀ ਪਤਨੀ ਮੀਨੂੰ ਗੁਪਤਾ ਅੱਜ ਸਵੇਰ ਕਰੀਬ 6 ਵਜੇ ਉੱਠੀ ਤਾਂ ਮਨੀਸ਼ ਗੁਪਤਾ ਆਪਣੇ ਬਿਸਤਰੇ ´’ਤੇ ਨਹੀਂ ਸੀ | ਉਸ ਨੂੰ ਲੱਭਦੀ ਹੋਈ ਜਦ ਉਹ ਘਰ ਦੇ ਗਰਾਊਂਡ ਫਲੌਰ ´’ਤੇ ਲੋਹੇ ਦੇ ਗੋਦਾਮ ਵਿਚ ਗਈ ਤਾਂ ਉਥੇ ਮਨੀਸ਼ ਗੁਪਤਾ ਨੇ ਲੋਹੇ ਦੀ ਸੰਗਲੀ ਨਾਲ ਫਾਹਾ ਲਾਇਆ ਹੋਇਆ ਸੀ | ਮੀਨੂੰ ਗੁਪਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਨੇ ਗੁਰਮੇਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਦੀਆਂ ਵਾਲੀ ਪਾਸੋਂ ਇਕ ਪਲਾਟ ਦਾ ਸੌਦਾ ਕੀਤਾ ਹੋਇਆ ਸੀ | ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਜ਼ਮੀਨ ´’ਤੇ ਬੈਂਕ ਲੋਨ ਹੈ | ਇਸ ਦੇ ਬਾਵਜੂਦ ਗੁਰਮੇਲ ਸਿੰਘ ਉਸ ਦੇ ਪਤੀ ’´ਤੇ ਰਜਿਸਟਰੀ ਕਰਵਾਉਣ ਲਈ ਨਾਜਾਇਜ਼ ਦਬਾਅ ਪਾ ਰਿਹਾ ਸੀ, ਜਿਸ ਕਾਰਨ ਉਸ ਦਾ ਪਤੀ ਕਾਫੀ ਪ੍ਰੇਸ਼ਾਨ ਸੀ |

ਮੀਨੂੰ ਗੁਪਤਾ ਨੇ ਅੱਗੇ ਦੱਸਿਆ ਕਿ ਹਿੰਮਤ ਰਾਏ ਵਾਸੀ ਬਸਤੀ ਬਾਵਾ ਖੇਲ ਜਲੰਧਰ ਦੇ ਨਾਂ ਪਿੰਡ ਫੂਲਪੁਰ ਵਿਚ ਇਕ ਪਲਾਟ ਸੀ | ਉਸ ਨੇ ਰਾਜ ਕੁਮਾਰ ਸਾਬਕਾ ਪਟਵਾਰੀ, ਮੱਖਣ ਤੇ ਗੁਰਨਾਮ (ਸਾਰੇ ਵਾਸੀ ਫੂਲਪੁਰ) ਤੇ ਸੋਨੂੰ ਵਾਸੀ ਧਰਮਪੁਰਾ ਅਵਾਦੀ ਨਾਲ ਹਮ ਸਲਾਹ ਹੋ ਕੇ ਉਸ ਦੇ ਪਤੀ ਕੋਲੋਂ ਪੈਸੇ ਲੈ ਕੇ ਉਕਤ ਪਲਾਟ ਦੀ ਰਜਿਸਟਰੀ ਕਰਵਾ ਦਿੱਤੀ ਪਰ ਉਕਤ ਲੋਕਾਂ ਨੇ ਨਾ ਤਾਂ ਜ਼ਮੀਨ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਜ਼ਮੀਨ ਅੱਗੇ ਵੇਚਣ ਦਿੱਤੀ | ਉਲਟਾ ਉਨ੍ਹਾਂ ਨੂੰ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ | ਇਸੇ ਤਰ੍ਹਾਂ ਹੀ ਦਵਿੰਦਰ ਤਾਜਪੁਰ ਤੇ ਨਿੰਦਰ ਫੂਲਪੁਰ ਨੇ ਉਸ ਦੇ ਪਤੀ ਪਾਸੋਂ ਪੈਸੇ ਉਧਾਰ ਲਏ ਸਨ । ਉਹ ਵੀ ਪੈਸੇ ਮੋੜਨ ਦੀ ਜਗ੍ਹਾ ਉਸ ਦੇ ਪਤੀ ਨੂੰ ਧਮਕੀਆਂ ਦੇ ਰਹੇ ਸਨ। ਇਨ੍ਹਾਂ ਸਭ ਮਾਮਲਿਆਂ ਕਾਰਨ ਮਨੀਸ਼ ਗੁਪਤਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ | ਖ਼ੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਪੁਲਸ ਵੱਲੋਂ ਉਕਤ 8 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਸੀ ।

Bharat Thapa

This news is Content Editor Bharat Thapa