ਬਰਲਟਨ ਪਾਰਕ ''ਚ ਦੁਕਾਨਾਂ ਲੈਣ ਲਈ ਭਟਕ ਰਹੇ ਪਟਾਕਾ ਵਿਕ੍ਰੇਤਾ

09/28/2019 11:09:09 AM

ਜਲੰਧਰ (ਖੁਰਾਣਾ)— ਦੀਵਾਲੀ ਇਕ ਅਜਿਹਾ ਪ੍ਰਮੁੱਖ ਤਿਉਹਾਰ ਹੈ ਜਿਸ ਨੂੰ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਧੂਮਧਾਮ ਨਾਲ ਮਨਾਉਂਦੇ ਹਨ। ਦੀਵਾਲੀ ਤੋਂ ਪਹਿਲਾਂ ਹੀ ਪਟਾਕਿਆਂ ਦੀ ਵਿੱਕਰੀ ਸ਼ੁਰੂ ਹੋ ਜਾਂਦੀ ਹੈ। ਜਲੰਧਰ ਦੀ ਗੱਲ ਕਰੀਏ ਤਾਂ ਜਦੋਂ ਤੋਂ ਪ੍ਰਸ਼ਾਸਨ ਨੇ ਅੰਦਰੂਨੀ ਬਾਜ਼ਾਰਾਂ 'ਚ ਪਟਾਕੇ ਵੇਚਣ 'ਤੇ ਪਾਬੰਦੀ ਲਾਈ ਹੈ ਤਦ ਤੋਂ ਬਰਲਟਨ ਪਾਰਕ ਦੇ ਖੁੱਲ੍ਹੇ ਮੈਦਾਨ 'ਚ ਪਟਾਕੇ ਵੇਚੇ ਜਾਂਦੇ ਹਨ, ਜਿਸ ਲਈ ਦੁਕਾਨਾਂ ਦੁਸਹਿਰੇ ਤੱਕ ਤਿਆਰ ਹੋ ਜਾਂਦੀਆਂ ਹਨ।

ਇਸ ਵਾਰ ਬਰਲਟਨ ਪਾਰਕ 'ਚ ਦੁਕਾਨਾਂ ਬਣਾਉਣ ਲਈ ਪਟਾਕਾ ਵਿਕ੍ਰੇਤਾਵਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਾਕਾ ਵਿਕ੍ਰੇਤਾਵਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਬੀਤੇ ਦਿਨ ਦੁਕਾਨਾਂ ਬਣਾਉਣ ਲਈ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵ ਲਾਕੜਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਵੀ ਮੁਲਾਕਾਤ ਕੀਤੀ।
ਪਟਾਕਾ ਵਿਕ੍ਰੇਤਾਵਾਂ ਨੇ ਦੱਸਿਆ ਕਿ ਪਹਿਲਾਂ ਨਗਰ ਨਿਗਮ ਬਰਲਟਨ ਪਾਰਕ 'ਚ ਦੁਕਾਨਾਂ ਬਣਾਉਣ ਲਈ ਪ੍ਰਮਿਸ਼ਨ ਦਿੰਦਾ ਸੀ ਤੇ ਉਸ ਤੋਂ ਬਾਅਦ ਪੁਲਸ ਪ੍ਰਮਿਸ਼ਨ ਦੀ ਵਾਰੀ ਆਉਂਦੀ ਸੀ ਪਰ ਇਸ ਵਾਰ ਨਿਗਮ ਨਵੀਆਂ ਗਾਈਡਲਾਈਨਜ਼ ਦਾ ਹਵਾਲਾ ਦੇ ਕੇ ਪੁਲਸ ਕਮਿਸ਼ਨਰ ਆਫਿਸ ਤੋਂ ਪ੍ਰਮਿਸ਼ਨ ਲੈਣ ਦੀ ਗੱਲ ਕਰ ਰਿਹਾ ਹੈ। ਇਸ ਸਿਲਸਿਲੇ 'ਚ ਪ੍ਰਧਾਨ ਰਾਕੇਸ਼ ਬਾਹਰੀ, ਵਿਕਾਸ ਭੰਡਾਰੀ, ਰਾਕੇਸ਼ ਗੁਪਤਾ, ਰਿੰਕੂ ਬਾਹਰੀ, ਰਾਜੂ ਢੱਲ ਤੇ ਟੋਨਾ ਆਦਿ ਨੇ ਜਿੱਥੇ ਮੇਅਰ ਨਾਲ ਮੁਲਾਕਾਤ ਕੀਤੀ ਉਥੇ ਰਵੀ ਮਹਾਜਨ, ਸੰਜੀਵ ਬਾਹਰੀ, ਨਾਢੂ ਅਤੇ ਜੈਨ ਆਦਿ ਨੇ ਵੀ ਮੇਅਰ ਨਾਲ ਮੁਲਾਕਾਤ ਕਰਕੇ ਨਿਗਮ ਕੋਲੋਂ ਪ੍ਰਮਿਸ਼ਨ ਮੰਗੀ।

ਪਟਾਕਾ ਵ੍ਰਿਕੇਤਾਵਾਂ ਦਾ ਕਹਿਣਾ ਸੀ ਕਿ ਪ੍ਰਮਿਸ਼ਨ ਨਾ ਮਿਲਣ ਕਾਰਣ ਦੁਕਾਨਾਂ ਬਣਾਉਣ 'ਚ ਦੇਰ ਹੋਵੇਗੀ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋਵੇਗਾ, ਇਸ ਲਈ ਪ੍ਰਸ਼ਾਸਨ ਸਹਿਯੋਗ ਕਰੇ। ਦੁਕਾਨਾਂ ਬਣ ਜਾਣ ਤੋਂ ਬਾਅਦ ਪੁਲਸ ਕੋਲੋਂ ਵੱਖਰੀ ਪ੍ਰਮਿਸ਼ਨ ਲਈ ਜਾਵੇਗੀ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੋਂ ਬਾਅਦ ਹੀ ਕਾਰੋਬਾਰ ਸ਼ੁਰੂ ਕੀਤਾ ਜਾਵੇਗਾ।

shivani attri

This news is Content Editor shivani attri