ਰਾਏਪੁਰ-ਰਸੂਲਪੁਰ ਦੇ ਬਾਹਰ ਕਿਸਾਨ ’ਤੇ ਗੋਲੀਆਂ ਚਲਾ ਕੇ ਤੇਜ਼ਧਾਰ ਹਥਿਆਰ ਮਾਰਨ ਵਾਲੇ ਕਾਲਾ ਤੇ ਉਸ ਦੇ ਸਾਥੀਆਂ ਨੇ ਕੀਤਾ ਸਰੰਡਰ

11/26/2022 3:26:42 PM

ਜਲੰਧਰ (ਸੁਨੀਲ)–ਪਿੰਡ ਰਾਏਪੁਰ-ਰਸੂਲਪੁਰ ਦੇ ਅੱਡੇ ਨੇੜੇ ਪ੍ਰਿਥਵੀ ਖਾਦ ਸਟੋਰ ਦੇ ਬਾਹਰ ਬੈਠੇ ਕਿਸਾਨ ਪ੍ਰਿਥਵੀ ਅਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਭੱਜੇ ਕਾਂਗਰਸੀ ਆਗੂ ਦਲਜੀਤ ਸਿੰਘ ਕਾਲਾ, ਪਿਆਰਦੀਪ ਸਿੰਘ ਪਾਰੀ ਅਤੇ ਮਿੰਦੂ ਨੇ ਪੁਲਸ ਦੇ ਦਬਾਅ ਕਾਰਨ ਥਾਣੇ ਜਾ ਕੇ ਸਰੰਡਰ ਕਰ ਦਿੱਤਾ। ਪੁਲਸ ਨੇ ਦੇਰ ਸ਼ਾਮ ਉਕਤ ਤਿੰਨਾਂ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਸੀ, ਜਿਨ੍ਹਾਂ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲਸ ਨੇ ਮੁਲਜ਼ਮਾਂ ਕੋਲੋਂ ਹਮਲੇ ਦੌਰਾਨ ਵਰਤੀ ਸਕੌਡਾ ਗੱਡੀ ਵੀ ਬਰਾਮਦ ਕਰ ਲਈ ਹੈ, ਜਦੋਂ ਕਿ ਜਿਹੜੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਉਹ ਹਥਿਆਰ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰਨੇ ਬਾਕੀ ਹਨ।

ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਲਜੀਤ ਸਿੰਘ ਕਾਲਾ, ਪਿਆਰਦੀਪ ਸਿੰਘ ਪਾਰੀ ਅਤੇ ਮਿੰਦੂ ਦੇ ਪਰਿਵਾਰਕ ਮੈਂਬਰਾਂ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਮੁਲਜ਼ਮ ਜ਼ਿਆਦਾ ਦੇਰ ਤੱਕ ਅੰਡਰਗਰਾਊਂਡ ਨਹੀਂ ਰਹਿ ਸਕੇ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵਿਚ ਸਨ, ਜਿਸ ਕਾਰਨ ਉਨ੍ਹਾਂ ਸ਼ੁੱਕਰਵਾਰ ਦੁਪਹਿਰੇ ਥਾਣੇ ਵਿਚ ਆ ਕੇ ਸਰੰਡਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਗਈ ਹੈ। ਇਸ ਕੇਸ ਵਿਚ ਕੁਝ ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਸੀ, ਜਿਨ੍ਹਾਂ ਨੇ ਪ੍ਰਿਥਵੀ ਸਿੰਘ ਅਤੇ ਮਨਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਪੁਲਸ ਹੁਣ ਉਨ੍ਹਾਂ ਬਾਰੇ ਵੀ ਪਤਾ ਲਾ ਰਹੀ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ


ਪੁਲਸ ਦਾ ਕਹਿਣਾ ਹੈ ਕਿ ਜਲਦ ਅਣਪਛਾਤੇ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਹਾਲਾਂਕਿ ਕਾਲਾ ਕੋਲ ਲਾਇਸੈਂਸੀ ਰਿਵਾਲਵਰ ਨਹੀਂ ਹੈ। ਪੁਲਸ ਦੀ ਪੁੱਛਗਿੱਛ ਵਿਚ ਹੀ ਹਥਿਆਰਾਂ ਬਾਰੇ ਪਤਾ ਲੱਗ ਸਕੇਗਾ ਕਿ ਉਕਤ ਹਥਿਆਰ ਨਾਜਾਇਜ਼ ਸਨ ਜਾਂ ਫਿਰ ਹਮਲੇ ਲਈ ਕਿਸੇ ਜਾਣਕਾਰ ਦੇ ਲਾਇਸੈਂਸੀ ਰਿਵਾਲਵਰ ਦੀ ਵਰਤੋਂ ਕੀਤੀ। ਪੁਲਸ ਹਮਲੇ ਦੌਰਾਨ ਵਰਤੇ 2 ਹਥਿਆਰ ਵੀ ਬਰਾਮਦ ਕਰ ਸਕਦੀ ਹੈ। ਦੂਜੇ ਪਾਸੇ ਹਮਲੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਪ੍ਰਿਥਵੀ ਸਿੰਘ ਦੀ ਹਾਲਤ ਵਿਚ ਸੁਧਾਰ ਹੈ। ਉਸ ਦੇ ਸਿਰ ’ਤੇ ਤੇਜ਼ਧਾਰ ਹਥਿਾਰ ਨਾਲ ਹਮਲਾ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ 18 ਨਵੰਬਰ ਨੂੰ ਜਦੋਂ ਪ੍ਰਿਥਵੀ ਸਿੰਘ ਆਪਣੇ ਜਾਣਕਾਰ ਮਨਦੀਪ ਸਿੰਘ ਨਾਲ ਆਪਣੇ ਪ੍ਰਿਥਵੀ ਖਾਦ ਸਟੋਰ ਦੇ ਬਾਹਰ ਬੈਠ ਕੇ ਹਿਸਾਬ ਕਰ ਰਿਹਾ ਸੀ ਤਾਂ ਸਕੌਡਾ ਗੱਡੀ ਵਿਚ ਆਏ ਦਲਜੀਤ ਸਿੰਘ ਕਾਲਾ ਨੇ ਉਨ੍ਹਾਂ ’ਤੇ ਸਿੱਧੇ ਫਾਇਰ ਕੀਤੇ ਸਨ, ਜਦੋਂ ਕਿ ਕੁਝ ਫਾਇਰ ਉਸ ਦੇ ਸਾਥੀ ਨੇ ਵੀ ਕੀਤੇ ਸਨ। ਹਾਲਾਂਕਿ ਫਾਇਰਿੰਗ ਦੌਰਾਨ ਕਿਸੇ ਨੂੰ ਗੋਲੀ ਨਹੀਂ ਲੱਗੀ। ਗੱਡੀ ਵਿਚੋਂ ਉਤਰੇ ਹਮਲਾਵਰਾਂ ਦੇ ਅਣਪਛਾਤੇ ਸਾਥੀਆਂ ਨੇ ਦੋਵਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਥਾਣਾ ਮਕਸੂਦਾਂ ਵਿਚ ਮਨਦੀਪ ਸਿੰਘ ਦੇ ਬਿਆਨਾਂ ’ਤੇ ਦਲਜੀਤ ਸਿੰਘ ਕਾਲਾ, ਪਿਆਰਦੀਪ ਸਿੰਘ ਪਾਰੀ, ਮਿੰਦੂ ਅਤੇ ਅਣਪਛਾਤੇ ਲੋਕਾਂ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਮੇਰੀ ਬੇਇੱਜ਼ਤੀ ਕਰਨ ਲਈ ਵੀਡੀਓ ਵਿਦੇਸ਼ ਤੱਕ ਕੀਤੀ ਸੀ ਵਾਇਰਲ : ਕਾਲਾ
ਦਲਜੀਤ ਸਿੰਘ ਕਾਲਾ ਨੇ ਪੁਲਸ ਨੂੰ ਪੁੱਛਗਿੱਛ ਵਿਚ ਦੱਸਿਆ ਕਿ ਪ੍ਰਿਥਵੀ ਸਿੰਘ ਅਤੇ ਮਨਦੀਪ ਸਿੰਘ ਉਸ ਦਾ ਨੁਕਸਾਨ ਕਰਨਾ ਚਾਹੁੰਦੇ ਸਨ। ਜਦੋਂ ਪ੍ਰਿਥਵੀ ਸਿੰਘ ਹੈਰੋਇਨ ਨਾਲ ਫੜਿਆ ਗਿਆ ਸੀ ਤਾਂ ਉਸਨੂੰ ਸ਼ੱਕ ਸੀ ਕਿ ਉਸਨੇ ਉਸਦੀ ਮੁਖਬਰੀ ਕੀਤੀ ਸੀ, ਜੋ ਕਿ ਗਲਤ ਸੀ। ਮਨਦੀਪ ਸਿੰਘ ਹੀ ਪ੍ਰਿਥਵੀ ਨੂੰ ਉਸ ਵਿਰੁੱਧ ਭੜਕਾਉਂਦਾ ਸੀ। ਇਸੇ ਕਾਰਨ ਪ੍ਰਿਥਵੀ ਸਿੰਘ ਨੇ ਉਸ ਦੀ ਇਕ ਵੀਡੀਓ ਵਿਦੇਸ਼ ਤੱਕ ਵਾਇਰਲ ਕਰ ਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਲਾ ਨੂੰ ਵੀ ਸ਼ੱਕ ਸੀ ਕਿ ਮਨਦੀਪ ਿਸੰਘ ਅਤੇ ਪ੍ਰਿਥਵੀ ਸਿੰਘ ਉਸਦਾ ਕਿਸੇ ਕੋਲੋਂ ਹਮਲਾ ਕਰਵਾ ਕੇ ਨੁਕਸਾਨ ਕਰਨ ਚਾਹੁੰਦੇ ਹਨ। ਪੁਲਸ ਨੂੰ ਪੁੱਛਗਿੱਛ ਵਿਚ ਕਾਲਾ ਨੇ ਕਿਹਾ ਕਿ 18 ਨਵੰਬਰ ਨੂੰ ਉਹ ਮਨਦੀਪ ਸਿੰਘ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਪ੍ਰਿਥਵੀ ਸਿੰਘ ਝਗੜੇ ਵਿਚ ਆ ਗਿਆ, ਜਿਸ ਕਾਰਨ ਉਸ ਦੇ ਸਾਥੀਆਂ ਨੇ ਵੀ ਉਸ ’ਤੇ ਵੀ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri