ਅਣਪਛਾਤੇ ਵਾਹਨ ਨਾਲ ਟਕਰਾ ਕੇ ਜ਼ਖ਼ਮੀ ਹੋਏ ਬਲਦ ਦੀ ਤੜਫ-ਤੜਫ ਕੇ ਮੌਤ

10/18/2018 2:03:49 AM

ਹਰਿਆਣਾ,   (ਰੱਤੀ)-  ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਪਸ਼ੂਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਰਹਿੰਦੇ ਹਨ ਪਰ  ਹਕੀਕਤ ਇਹ ਹੈ  ਕਿ  ਜੇਕਰ ਕਿਸੇ ਲਾਚਾਰ ਪਸ਼ੂ ਨੂੰ ਇਨਸਾਨ ਤੇ ਸਬੰਧਤ ਵਿਭਾਗ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਵੱਲ ਧਿਆਨ ਦੇਣ ਦੀ ਬਜਾਏ  ਅਣਡਿੱਠ ਕਰ ਕੇ ਮਰਨ ਲਈ ਉਸੇ ਹਾਲ ’ਚ ਛੱਡ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਉਦਾਹਰਣ ਉਸ ਸਮੇਂ ਸਾਹਮਣੇ ਆਈ ਜਦੋਂ ਦੁਰਘਟਨਾ ਦਾ ਸ਼ਿਕਾਰ ਜ਼ਖ਼ਮੀ ਇਕ ਬਲਦ ਵਿਭਾਗ ਅਤੇ ਲੋਕਾਂ ਦੀ ਅਣਦੇਖੀ ਕਾਰਨ ਤੜਫ-ਤਡ਼ਫ ਕੇ ਮਰ ਗਿਆ। ਕਸਬਾ ਹਰਿਆਣਾ ਦੇ  ਪਿੰਡ ਸ਼ੇਰਪੁਰ ਨਜ਼ਦੀਕ ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਸਥਿਤ ਸ਼ੇਰਪੁਰ ਪੁਲ ’ਤੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਕੇ ਜ਼ਖ਼ਮੀ ਹੋਇਆ ਇਕ ਬਲਦ ਕਾਫ਼ੀ ਸਮਾਂ ਪੁਲ ’ਤੇ ਹੀ ਪਿਆ ਰਿਹਾ। ਸਬੰਧਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਨੇ ਉਸ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਹ ਤੜਫ-ਤੜਫ ਕੇ ਮਰ  ਗਿਆ। ਮਰਨ ਤੋਂ ਬਾਅਦ ਵੀ ਸਬੰਧਤ ਵਿਭਾਗ ਕਰਮਚਾਰੀਆਂ ਨੇ ਉਸ ਨੂੰ ਉੱਥੋਂ ਚੁੱਕ ਕੇ ਦਫਨਾਉਣਾ ਜ਼ਰੂਰੀ ਨਹੀਂ ਸਮਝਿਆ।
ਕਸਬਾ ਹਰਿਆਣਾ ਤੋਂ ਰੋਜ਼ਾਨਾ ਹੁਸ਼ਿਆਰਪੁਰ ਆਉਣ-ਜਾਣ ਵਾਲੇ ਕਰੀਬ ਇਕ ਦਰਜਨ ਲੋਕਾਂ ਨੇ ਜਦੋਂ ਉਕਤ ਸਮੱਸਿਆ ਬਾਰੇ ‘ਜਗ ਬਾਣੀ’ ਨੂੰ ਸੂਚਿਤ ਕੀਤਾ ਤਾਂ  ਪ੍ਰਤੀਨਿਧੀ ਨੇ ਪੀ. ਡਬਲਯੂ. ਡੀ. ਦੇ ਜੇ. ਈ. ਪ੍ਰਵੀਨ ਨਾਲ ਫੋਨ ’ਤੇ ਸੰਪਰਕ ਕੀਤਾ,  ਜਿਨ੍ਹਾਂ  ਦੱਸਿਆ ਕਿ ਉਕਤ ਹੁਸ਼ਿਆਰਪੁਰ-ਦਸੂਹਾ ਰੋਡ ਦੀ ਦੇਖ-ਰੇਖ ਟੋਲ ਕੰਪਨੀ ਕਰ ਰਹੀ ਹੈ। ਜਦੋਂ ਉਕਤ ਟੋਲ ਕੰਪਨੀ ਦੇ ਰੋਡ ਇੰਚਾਰਜ ਰਮਨ ਨਾਲ ਸਮੱਸਿਆ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਹੁਣ ਉਹ ਤੁਰੰਤ ਬਲਦ ਨੂੰ ਉੱਥੋਂ ਚੁਕਵਾ ਕੇ ਦਫ਼ਨਾਉਣ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾ ਦੇਣਗੇ। ਸੂਤਰਾਂ ਅਨੁਸਾਰ ਕੁਝ ਹੀ ਸਮੇਂ ’ਚ ਕੰਪਨੀ ਦੇ ਕਰਮਚਾਰੀ ਨੇ ਜੇ. ਸੀ. ਬੀ. ਮਸ਼ੀਨ ਮੰਗਵਾ ਕੇ ਬਲਦ ਨੂੰ ਉਥੋਂ ਚੁਕਵਾਇਆ ਅਤੇ ਚੋਅ ’ਚ ਟੋਇਆ  ਪੁੱਟ  ਕੇ  ਉਸ ਨੂੰ ਦਫ਼ਨਾ ਦਿੱਤਾ।