ਬਿਲਡਿੰਗ ਠੇਕੇਦਾਰ ਦੇ ਦਫਤਰ ਦਾ ਤਾਲਾ ਤੋੜ ਕੇ ਕੀਤਾ ਸੀਮਿੰਟ ਤੇ ਹੋਰ ਕੀਮਤੀ ਚੋਰੀ

06/09/2019 1:23:15 PM

ਕਪੂਰਥਲਾ ( ਭੂਸ਼ਣ)— ਇਕ ਬਿਲਡਿੰਗ ਠੇਕੇਦਾਰ ਦੇ ਦਫਤਰ ਦਾ ਤਾਲਾ ਤੋੜ ਕੇ 5 ਮੁਲਜ਼ਮਾਂ ਵੱਲੋਂ 41 ਬੋਰੀ ਸੀਮਿੰਟ, ਪਾਈਪਾਂ, ਚੌਗਾਠਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਮੁਲਜ਼ਮਾਂ ਨੇ ਚੋਰੀ ਕੀਤਾ ਸਾਰਾ ਸੀਮਿੰਟ ਅਤੇ ਪਾਈਪਾਂ ਇਕ ਹੋਰ ਵਿਅਕਤੀ ਨੂੰ ਸਸਤੇ ਰੇਟ 'ਤੇ ਵੇਚ ਦਿੱਤਾ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਚੋਰੀ ਕਰਨ ਵਾਲੇ ਅਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਕੁਲ 6 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ 4 ਮੁਲਜ਼ਮਾਂ ਨੂੰ ਚੋਰੀ ਕੀਤੇ ਗਏ 13 ਬੋਰੀ ਸੀਮਿੰਟ ਅਤੇ ਹੋਰ ਸਾਮਾਨ ਦੇ ਨਾਲ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ 2 ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
ਜਾਣਕਾਰੀ ਅਨੁਸਾਰ ਦੀਪਕ ਪਰਾਸ਼ਰ ਪੁੱਤਰ ਬ੍ਰਜ ਮੋਹਨ ਪਰਾਸ਼ਰ ਵਾਸੀ ਬੈਂਕ ਕਾਲੋਨੀ ਮਿਠਾਪੁਰ ਚੌਕ ਜਲੰਧਰ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਈ. ਟੀ. ਸੀ. ਕੰਪਨੀ ਝਲਠਿਕਰੀਵਾਲ 'ਚ ਬਿਲਡਿੰਗ ਬਣਾਉਣ ਦੀ ਠੇਕੇਦਾਰੀ ਕਰਦਾ ਹੈ, ਉਸ ਨੇ ਝੱਲਠੀਕਰੀਵਾਲ ਦੇ ਨਜ਼ਦੀਕ ਜੇਲ ਮਾਰਗ ਤੇ ਪਲਾਟ ਖਰੀਦਿਆ ਹੈ ਜਿਥੇ ਉਹ ਆਪਣਾ ਨਿੱਜੀ ਦਫ਼ਤਰ ਬਣਾ ਰਿਹਾ ਹੈ। ਜਿਸ 'ਚ ਲੇਬਰ ਦੇ ਲੋਕ ਦਿਨ ਦੇ ਸਮੇਂ ਕੰਮ ਕਰ ਕੇ ਰਾਤ ਨੂੰ ਤਾਲੇ ਲਗਾ ਕੇ ਚਲੇ ਜਾਂਦੇ ਹਨ। ਇਸ ਦੌਰਾਨ ਬੀਤੇ ਦਿਨੀਂ ਕੁਝ ਅਣਪਛਾਤੇ ਮੁਲਜ਼ਮਾਂ ਨੇ ਉਸ ਦੇ ਦਫਤਰ ਦਾ ਤਾਲਾ ਤੋੜ ਕੇ 10 ਬੋਰੇ ਸੀਮਿੰਟ, 5 ਸੌਕਟ, 5 ਬੈਂਡ ਚੋਰੀ ਕਰ ਲਏ ਸਨ। ਜਿਸ ਦੇ ਸਬੰਧ 'ਚ ਉਸ ਨੂੰ ਪਤਾ ਚਲਾ ਕਿ ਇਹ ਸਾਰਾ ਸਾਮਾਨ ਬੌਬੀ, ਮੋਟਾ, ਲਖਵਿੰਦਰ ਸਿੰਘ ਲਖੂ, ਕੋਨੂ ਅਤੇ ਰਾਣਾ ਨੇ ਚੋਰੀ ਕੀਤਾ ਹੈ ਜਦੋਂ ਇਨ੍ਹਾਂ ਸਾਰੇ ਮੁਲਜ਼ਮਾਂ ਤੋਂ ਚੋਰੀ ਕੀਤੇ ਗਏ ਸਾਮਾਨ ਸਬੰਧੀ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਚੋਰੀ ਕਰਨ ਦੀ ਵਾਰਦਾਤ ਨੂੰ ਮੰਨਦੇ ਹੋਏ ਸਾਰਾ ਸਾਮਾਨ ਵਾਪਸ ਕਰਨ ਦੀ ਗੱਲ ਕਹੀ ਪਰ ਇਸ ਦੇ ਬਾਵਜੂਦ ਵੀ ਮੁਲਜ਼ਮਾਂ ਨੇ ਉਸ ਦਾ ਸਾਮਾਨ ਵਾਪਸ ਨਹੀਂ ਕੀਤਾ ਫਿਰ ਇਸ ਦੌਰਾਨ 5-6 ਜੂਨ ਦੀ ਅੱਧੀ ਰਾਤ ਨੂੰ ਉਕਤ ਮੁਲਜ਼ਮਾਂ ਨੇ ਉਸ ਦੇ ਪਲਾਟ ਤੋਂ 41 ਬੋਰੇ ਸੀਮਿੰਟ, 4 ਪਾਈਪ, 20 ਫੁੱਟ ਫੀਨੋਲਕਸ, ਇਕ ਚੌਗਾਠ ਦਰਵਾਜ਼ਾ, ਇਕ ਚੌਗਾਠ ਖਿੜਕੀ, 4 ਕੁਰਸੀਆਂ ਅਤੇ ਇਕ ਟੇਬਲ ਚੋਰੀ ਕਰ ਲਏ ਅਤੇ ਇਹ ਸਾਰਾ ਸਾਮਾਨ ਬੌਬੀ ਪੁੱਤਰ ਸੁਖਦੇਵ ਸਿੰਘ, ਮੋਟਾ ਪੁੱਤਰ ਬਲਦੇਵ ਸਿੰਘ, ਲਖਵਿੰਦਰ ਸਿੰਘ ਉਰਫ ਲਖੂ ਪੁੱਤਰ ਕਰਮ ਸਿੰਘ, ਕੋਨੂ ਪੁੱਤਰ ਗੁਰਦੀਪ ਸਿੰਘ, ਰਾਣਾ ਪੁੱਤਰ ਜੋਗਿੰਦਰ ਸਿੰਘ ਅਤੇ ਦਲੇਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਝੱਲਠੀਕਰੀਵਾਲ ਨੂੰ ਸਸਤੇ ਰੇਟ 'ਤੇ ਵੇਚ ਦਿੱਤਾ । ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਸਾਰੇ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਦੋਂ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਜੀਵਨ ਸਿੰਘ ਦੀ ਅਗਵਾਈ 'ਚ ਛਾਪਾਮਾਰੀ ਦੌਰਾਨ ਬੌਬੀ, ਮੋਟਾ, ਲਖਵਿੰਦਰ ਸਿੰਘ ਲਖੂ ਅਤੇ ਦਲੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਲਜ਼ਮਾਂ ਤੋਂ 13 ਬੋਰੀ ਸੀਮਿੰਟ ਅਤੇ 4 ਪਾਈਪ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਜਦਕਿ 2 ਹੋਰ ਮੁਲਜ਼ਮਾਂ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ।

shivani attri

This news is Content Editor shivani attri