ਬੀਬੀ ਜਗੀਰ ਕੌਰ ਦੀ ਬਗਾਵਤ ਦਾ ਲਾਹਾ ਲੈ ਸਕਦੀ ਹੈ ਭਾਜਪਾ, ਇਸ ਲੋਕ ਸਭਾ ਸੀਟ ਤੋਂ ਮਿਲ ਸਕਦੈ ਮੌਕਾ

11/10/2022 3:41:00 PM

ਜਲੰਧਰ (ਅਨਿਲ ਪਾਹਵਾ) : ਬੀਬੀ ਜਗੀਰ ਕੌਰ ਅਕਾਲੀ ਦਲ ’ਚੋਂ ਬਾਹਰ ਆ ਚੁੱਕੀ ਹੈ ਅਤੇ ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਮੈਦਾਨ ਵਿਚ ਉਤਰ ਕੇ ਉਨ੍ਹਾਂ ਸਿੱਧੇ ਤੌਰ ’ਤੇ ਸੁਖਬੀਰ ਬਾਦਲ ਖ਼ਿਲਾਫ਼ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਮਿਲੀਆਂ। ਬੇਸ਼ੱਕ ਬੀਬੀ ਹਾਰ ਗਈ ਪਰ ਜੋ ਹੱਕ ’ਚ 42 ਵੋਟਾਂ ਮਿਲੀਆਂ, ਉਹ ਅਕਾਲੀ ਦਲ ਦੇ ਅੰਦਰ ਦੀ ਕਹਾਣੀ ਤੋਂ ਲੈ ਕੇ ਪਾਰਟੀ ਦੀ ਨੀਂਹ ਤਕ ਦੀ ਕਹਾਣੀ ਬਿਆਨ ਕਰ ਗਈਆਂ। ਬੀਬੀ ਹੁਣ ਅੱਗੇ ਕੀ ਕਰੇਗੀ, ਇਹ ਵੱਡਾ ਸਵਾਲ ਹੈ। ਕਾਂਗਰਸ ’ਚ ਉਹ ਜਾ ਨਹੀਂ ਸਕਦੀ ਪਰ ਭਾਜਪਾ ’ਚ ਜਾਣ ਦਾ ਇਕ ਰਸਤਾ ਅਜੇ ਵੀ ਉਨ੍ਹਾਂ ਕੋਲ ਖੁੱਲ੍ਹਾ ਹੈ। ਵੱਡੀ ਗੱਲ ਇਹ ਹੈ ਕਿ ਭਾਜਪਾ ਨੂੰ ਵੀ ਅਜੇ ਤਕ ਪੰਥਕ ਵੋਟ ਬੈਂਕ ’ਚ ਸੰਨ੍ਹ ਲਾਉਣ ਵਾਲਾ ਕੋਈ ਚਿਹਰਾ ਨਹੀਂ ਮਿਲਿਆ ਸੀ ਪਰ ਬੀਬੀ ਜਗੀਰ ਕੌਰ ਦੇ ਰੂਪ ’ਚ ਪਾਰਟੀ ਦੀ ਭਾਲ ਪੂਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਖਡੂਰ ਸਾਹਿਬ ਤੋਂ ਬਣ ਸਕਦੀ ਹੈ ਭਾਜਪਾ ਦਾ ਚਿਹਰਾ!

ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ’ਚ ਬੀਬੀ ਜਗੀਰ ਕੌਰ ਖਡੂਰ ਸਾਹਿਬ ਤੋਂ ਭਾਜਪਾ ਦੀ ਉਮੀਦਵਾਰ ਬਣ ਸਕਦੀ ਹੈ। ਉਹ ਇਸ ਸੀਟ ’ਤੇ ਪਹਿਲਾਂ ਵੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੀ ਹੈ ਅਤੇ ਲਗਭਗ 30 ਫ਼ੀਸਦੀ ਵੋਟਾਂ ਹਾਸਲ ਕਰਨ ’ਚ ਸਫ਼ਲ ਰਹੀ ਸੀ। ਇਸ ਸੀਟ ’ਤੇ ਜਸਬੀਰ ਸਿੰਘ ਗਿੱਲ ਨੇ ਕਾਂਗਰਸ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਨੂੰ ਲਗਭਗ 43 ਫ਼ੀਸਦੀ ਵੋਟਾਂ ਮਿਲੀਆਂ ਸਨ। ਇਹ ਹਲਕਾ ਬੀਬੀ ਲਈ ਨਵਾਂ ਨਹੀਂ। ਉਹ ਇਸ ਇਲਾਕੇ ਦੀ ਗਲੀ-ਗਲੀ ਘੁੰਮੀ ਹੈ। ਉਹ ਇਹ ਗੱਲ ਕਹਿ ਚੁੱਕੀ ਹੈ ਕਿ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਇਕ-ਦੂਜੇ ਨਾਲ ਖਿੱਚੋਤਾਣ ਕਾਰਨ ਉਹ ਚੋਣ ਹਾਰੀ ਸੀ। ਜੇ ਭਾਜਪਾ ਉਨ੍ਹਾਂ ਨੂੰ ਮੈਦਾਨ ’ਚ ਉਤਾਰਦੀ ਹੈ ਤਾਂ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ।

ਇਹ ਵੀ ਪੜ੍ਹੋ :   ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਮਗਰੋਂ ਵੀ ਅਕਾਲੀ ਦਲ ਲਈ ਚੁਣੌਤੀ ਭਰਪੂਰ ਹੋਵੇਗਾ 'ਭਵਿੱਖ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal