ਰਾਮਾ ਮੰਡੀ ਇਲਾਕੇ ’ਚ ਨਿਗਮ ਦੀ ਵੱਡੀ ਕਾਰਵਾਈ, ਨਾਜਾਇਜ਼ ਕਾਲੋਨੀ ਨੂੰ ਤੋੜਿਆ, ਕਈ ਕਮਰਸ਼ੀਅਲ ਉਸਾਰੀਆਂ ਡੇਗੀਆਂ

04/01/2023 1:03:37 PM

ਜਲੰਧਰ (ਖੁਰਾਣਾ)– ਚੋਣਾਵੀ ਕੋਡ ਆਫ਼ ਕੰਡਕਟ ਲੱਗਣ ਤੋਂ ਬਾਅਦ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਬੀਤੇ ਦਿਨ ਰਾਮਾ ਮੰਡੀ ਇਲਾਕੇ ਵਿਚ ਵੱਡੀ ਕਾਰਵਾਈ ਕਰਕੇ ਜਿੱਥੇ ਇਕ ਨਾਜਾਇਜ਼ ਢੰਗ ਨਾਲ ਕੱਟੀ ਜਾ ਰਹੀ ਕਾਲੋਨੀ ਨੂੰ ਤੋੜ ਦਿੱਤਾ, ਉਥੇ ਹੀ ਇਕ ਹੋਰ ਕਾਲੋਨੀ ਵਿਚ ਕਈ ਕਮਰਸ਼ੀਅਲ ਉਸਾਰੀਆਂ ਵੀ ਡੇਗੀਆਂ। ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਨਿਰਦੇਸ਼ਾਂ ’ਤੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਅਤੇ ਉਨ੍ਹਾਂ ਦੀ ਟੀਮ ਨੇ ਇਹ ਕਾਰਵਾਈ ਕੀਤੀ, ਜਿਸ ਤਹਿਤ ਸਵੇਰੇ 7 ਵਜੇ ਹੀ ਇੰਪੀਰੀਅਲ ਮੈਨਰ ਦੇ ਸਾਹਮਣੇ ਗਲੀ ਵਿਚ ਨਾਜਾਇਜ਼ ਢੰਗ ਨਾਲ ਕੱਟੀ ਜਾ ਰਹੀ ਕਾਲੋਨੀ ’ਤੇ ਧਾਵਾ ਬੋਲ ਦਿੱਤਾ ਗਿਆ।

ਉਥੇ ਡਿੱਚ ਮਸ਼ੀਨ ਨਾਲ ਕਾਲੋਨੀ ਦੀਆਂ ਸੜਕਾਂ ਅਤੇ ਸੀਵਰ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਨਾਜਾਇਜ਼ ਕਾਲੋਨੀ ਲਗਭਗ 5 ਏਕੜ ਰਕਬੇ ਵਿਚ ਕੱਟੀ ਜਾ ਰਹੀ ਸੀ, ਜਿਸ ਦਾ ਰਿਹਾਇਸ਼ੀ ਸੀ. ਐੱਲ. ਯੂ. ਹੀ ਲਗਭਗ ਇਕ ਕਰੋੜ ਰੁਪਏ ਬਣਦਾ ਹੈ। ਇਸ ਤਰ੍ਹਾਂ ਨਿਗਮ ਦੇ ਖਜ਼ਾਨੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਕਾਲੋਨੀ ਨੂੰ ਢਹਿ-ਢੇਰੀ ਕਰਨ ਤੋਂ ਬਾਅਦ ਨਿਗਮ ਦੀ ਟੀਮ ਢਿੱਲਵਾਂ ਰੋਡ ’ਤੇ ਸਥਿਤ ਅਮਰ ਪੈਲੇਸ ਦੇ ਨੇੜੇ ਪੁੱਜੀ, ਜਿੱਥੇ ਕਈ ਸਾਲ ਪਹਿਲਾਂ ਇਕ ਕਾਲੋਨੀ ਕੱਟੀ ਗਈ ਸੀ। ਉਥੇ ਕੁਝ ਕਮਰਸ਼ੀਅਲ ਉਸਾਰੀਆਂ ਚੱਲ ਰਹੀਆਂ ਸਨ, ਜਿਨ੍ਹਾਂ ਵਿਚੋਂ 2 ਨੂੰ ਨਿਗਮ ਦੀ ਟੀਮ ਨੇ ਡਿੱਚ ਮਸ਼ੀਨਾਂ ਦੀ ਸਹਾਇਤਾ ਨਾਲ ਤੋੜ ਦਿੱਤਾ। ਵਿਰੋਧ ਕਰ ਰਹੇ ਲੋਕਾਂ ਦੇ ਕਹਿਣ ’ਤੇ ਇਕ ਹੋਰ ਉਸਾਰੀ ’ਤੇ ਵੀ ਡਿੱਚ ਚਲਾਈ ਗਈ।

ਇਹ ਵੀ ਪੜ੍ਹੋ : ਜਲੰਧਰ ਦੇ ਦੋਮੋਰੀਆ ਪੁਲ ਨੇੜਿਓਂ ਖੰਭੇ ਨਾਲ ਲਟਕਦੀ ਮਿਲੀ ਵਿਅਕਤੀ ਦੀ ਅਰਧ ਨਗਨ ਲਾਸ਼

ਕਮਰਸ਼ੀਅਲ ਉਸਾਰੀਆਂ ਵਿਚ ਰਹਿ ਰਹੇ ਸਨ ਅਫਰੀਕੀ ਦੇਸ਼ਾਂ ਤੋਂ ਆਏ ਨੀਗਰੋ
ਨਗਰ ਨਿਗਮ ਦੀ ਟੀਮ ਜਦੋਂ ਅਮਰ ਪੈਲੇਸ ਦੇ ਨੇੜੇ ਕੱਟੀ ਨਾਜਾਇਜ਼ ਕਾਲੋਨੀ ’ਤੇ ਕਾਰਵਾਈ ਕਰ ਰਹੀ ਸੀ ਤਾਂ ਅਚਾਨਕ ਕੁਝ ਕਮਰਸ਼ੀਅਲ ਉਸਾਰੀਆਂ ਵਿਚੋਂ ਅਫਰੀਕੀ ਦੇਸ਼ਾਂ ਨਾਲ ਸਬੰਧਤ ਨੀਗਰੋ ਆਦਿ ਬਾਹਰ ਨਿਕਲੇ, ਜਿਸ ਕਾਰਨ ਨਿਗਮ ਟੀਮ ਉਥੇ ਕਾਰਵਾਈ ਨਹੀਂ ਕਰ ਸਕੀ। ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਇਨ੍ਹਾਂ ਉਸਾਰੀਆਂ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਬਿਲਡਿੰਗਾਂ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ’ਤੇ ਵੀ ਕਾਰਵਾਈ ਕੀਤੀ ਜਾ ਸਕੇ। ਖ਼ਾਸ ਗੱਲ ਇਹ ਰਹੀ ਕਿ ਇਸ ਕਾਲੋਨੀ ਵਿਚ ਹੋਈਆਂ ਵਧੇਰੇ ਉਸਾਰੀਆਂ ਨੂੰ ਸਾਬਕਾ ਏ. ਟੀ. ਪੀ. ਰਵੀ ਪੰਕਜ ਸ਼ਰਮਾ ਨੇ ਨੋਟਿਸ ਜਾਰੀ ਕੀਤੇ ਹੋਏ ਸਨ। ਜ਼ਿਕਰਯੋਗ ਹੈ ਕਿ ਰਵੀ ਪੰਕਜ ਸ਼ਰਮਾ ਅੱਜਕਲ ਵਿਜੀਲੈਂਸ ਦੇ ਸ਼ਿਕੰਜੇ ਵਿਚ ਹਨ।

‘ਆਪ’ ਆਗੂ ਬਿੱਟੂ ਨੇ ਕੀਤਾ ਵਿਰੋਧ, ਕਮਿਸ਼ਨਰ ਨੇ ਸੀ. ਪੀ. ਨੂੰ ਕੀਤਾ ਫੋਨ
ਨਗਰ ਨਿਗਮ ਦੀ ਟੀਮ ਜਦੋਂ ਅਮਰ ਪੈਲੇਸ ਦੇ ਨੇੜੇ ਕੱਟੀ ਕਾਲੋਨੀ ’ਤੇ ਕਾਰਵਾਈ ਕਰ ਰਹੀ ਸੀ ਤਾਂ ਅਚਾਨਕ ਇਕ ਉਸਾਰੀ ਨੂੰ ਡੇਗੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਅਕਾਲੀ ਆਗੂ ਬਲਬੀਰ ਬਿੱਟੂ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਆਪਣੇ ਸਾਥੀਆਂ ਨਾਲ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨਾਲ ਕਾਫ਼ੀ ਬਹਿਸ ਕੀਤੀ। ਇਸ ਮੌਕੇ ਸੁਖਦੇਵ ਵਸ਼ਿਸ਼ਟ ਨਾਲ ਹੱਥੋਪਾਈ ਹੋਣ ਤੱਕ ਦੀ ਨੌਬਤ ਆ ਗਈ, ਜਿਸ ਕਾਰਨ ਨਿਗਮ ਟੀਮ ਨੇ ਬੜੀ ਮੁਸ਼ਕਲ ਨਾਲ ਮੌਕਾ ਸੰਭਾਲਿਆ। ਵਿਰੋਧ ਕਰ ਰਹੀ ਧਿਰ ਦਾ ਕਹਿਣਾ ਸੀ ਕਿ ਹੁਣ ਚੱਲ ਰਹੀਆਂ ਉਸਾਰੀਆਂ ’ਤੇ ਕਾਰਵਾਈ ਕਰਨ ਦੀ ਬਜਾਏ ਕਾਲੋਨੀ ਨੂੰ ਕੱਟਣ ਹੀ ਨਹੀਂ ਦਿੱਤਾ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ

ਵਿਰੋਧ ਵਧਦਾ ਵੇਖ ਜਦੋਂ ਸਾਬਕਾ ਕੌਂਸਲਰ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਿਗਮ ਦੀਆਂ ਡਿੱਚ ਮਸ਼ੀਨਾਂ ਨੂੰ ਰੋਕ ਲਿਆ ਅਤੇ ਵਾਪਸ ਨਾ ਜਾਣ ਦੇਣ ਵਰਗੀਆਂ ਗੱਲਾਂ ਕੀਤੀਆਂ ਤਾਂ ਨਿਗਮ ਟੀਮ ਨੇ ਕਮਿਸ਼ਨਰ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ। ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਤੁਰੰਤ ਪੁਲਸ ਕਮਿਸ਼ਨਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜਲੰਧਰ ਪੁਲਸ ਦੇ ਇਕ ਏ. ਸੀ. ਪੀ. ਨੇ ਸਾਬਕਾ ਕੌਂਸਲਰ ਬਲਬੀਰ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਮਝਾਇਆ। ਫਿਰ ਜਾ ਕੇ ਵਿਰੋਧ ਸ਼ਾਂਤ ਹੋਇਆ।

ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri