ਮਹਾਰਾਸ਼ਟਰ ਤੋਂ ਭੁਲੱਥ ਆਏ ਦੋ ਨੌਜਵਾਨਾਂ ''ਚੋਂ ਇਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

05/21/2020 12:04:27 AM

ਭੁਲੱਥ,(ਰਜਿੰਦਰ)- ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਮਹਾਰਾਸ਼ਟਰ ਤੋਂ ਭੁਲੱਥ ਆਏ ਦੋ ਨੌਜਵਾਨਾਂ 'ਚੋਂ ਇਕ 24 ਸਾਲਾਂ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਦੀ ਪੁਸ਼ਟੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਗੱਲਬਾਤ ਕਰਦਿਆਂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਭੁਲੱਥ ਦੇ ਸਬ ਡਵੀਜ਼ਨ ਹਸਪਤਾਲ ਵਿਚ ਆਈਸੋਲੇਟ ਹਨ, ਜਿਨ੍ਹਾਂ ਵਿਚੋਂ ਪਾਜ਼ੇਟਿਵ ਆਏ ਨੌਜਵਾਨ ਦਾ ਇਲਾਜ ਹੁਣ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ਵਿਚ ਹੋਵੇਗਾ। ਦੱਸ ਦੇਈਏ ਕਿ ਹਲਕਾ
ਭੁਲੱਥ ਦੇ ਪਿੰਡ ਮਨਸੂਰਵਾਲ ਬੇਟ ਦੇ ਦੋਵੇਂ ਨੌਜਵਾਨ ਮਹਾਰਾਸ਼ਟਰ ਤੋਂ ਆਏ ਹਨ ਤੇ ਉਥੇ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਇਕ 24 ਸਾਲਾਂ ਨੌਜਵਾਨ ਵਰਲੀ ਮੁੰਬਈ ਦੀ ਸਮੁੰਦਰ ਵਿਚ ਪੁਲ ਬਣਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਸੀ ਤੇ ਉਨ੍ਹਾਂ ਦੇ ਕੈਂਪ ਵਿਚ ਰਹਿੰਦਾ ਸੀ, ਜਦਕਿ ਦੂਜਾ 29 ਸਾਲਾਂ ਨੌਜਵਾਨ ਮਹਾਰਾਸ਼ਟਰ ਦੇ ਰਤਨਾ ਗਿਰੀ ਸ਼ਹਿਰ ਦੀ ਇਕ ਪਾਇਪ ਗੈਸ ਲਾਈਨ ਕੰਪਨੀ ਵਿਚ ਕੰਮ ਕਰਦਾ ਸੀ।

ਇਹ ਦੋਵੇਂ ਵੱਖੋ-ਵੱਖ ਕੰਮ ਕਰਦੇ ਸਨ ਤੇ 14 ਮਈ ਨੂੰ ਮਹਾਰਾਸ਼ਟਰ ਦੇ ਬਾਈਪਾਸ 'ਤੇ ਇਕੱਠੇ ਹੋਏ ਤੇ ਉਸੇ ਦਿਨ ਸ਼ਾਮ ਸਮੇਂ ਪੰਜਾਬ ਲਈ ਤੁਰੇ ਸਨ। ਜੋ ਵੱਖ-ਵੱਖ ਵਾਹਨਾਂ ਰਾਹੀ ਹੁੰਦੇ ਹੋਏ 18 ਮਈ ਨੂੰ ਜਲੰਧਰ ਪੁੱਜੇ ਤੇ ਸ਼ਾਮ ਦੇ ਸਾਢੇ 5 ਵਜੇ ਸਿੱਧੇ ਭੁਲੱਥ ਦੇ ਸਬ ਡਵੀਜ਼ਨ ਹਸਪਤਾਲ ਵਿਚ ਪਹੁੰਚੇ ਸਨ ਤੇ ਇਹ ਦੋਵੇਂ ਘਰ ਨਹੀਂ ਗਏ। ਇਨ੍ਹਾਂ ਦੋਵਾਂ ਨੂੰ ਹਸਪਤਾਲ ਪ੍ਰਸ਼ਾਸਨ ਵਲੋਂ ਇਥੇ ਬਣਾਈ ਆਈਸੋਲੇਸ਼ਨ ਵਾਰਡ ਵਿਚ ਆਈਸੋਲੇਟ ਕਰ ਲਿਆ ਗਿਆ ਸੀ ਤੇ ਅਗਲੇ ਦਿਨ 19 ਮਈ ਨੂੰ ਇਨ੍ਹਾਂ ਦੇ ਸਵੈਬ ਟੈਸਟ ਸੰਬੰਧੀ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ ਇਕ ਦੀ ਕੋਰੋਨਾ ਰਿਪੋਰਟ ਨੈਗੇਟਿਵ ਤੇ ਇਕ ਦੀ ਪਾਜ਼ੇਟਿਵ ਆਈ ਹੈ।

Deepak Kumar

This news is Content Editor Deepak Kumar