ਕਾਲਾ ਬੱਕਰਾ ਨੇੜੇ ਲੱਗੀ ਅੱਗ, 60 ਖੇਤਾਂ ਦੀ ਪਰਾਲੀ ਤੇ 3 ਕਨਾਲ ਕਮਾਦ ਸੜ ਕੇ ਸੁਆਹ

11/03/2020 8:01:34 PM

ਭੋਗਪੁਰ,(ਸੂਰੀ)- ਥਾਣਾ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਨੇੜੇ ਇਕ ਗੁੱਜਰਾਂ ਦੇ ਡੇਰੇ ਨੇੜੇ ਇਕੱਠੀ ਕੀਤੀ ਪਰਾਲੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 60 ਖੇਤਾਂ ਦੀ ਪਰਾਲੀ ਅਤੇ ਤਿੰਨ ਕਨਾਲ ਦੇ ਕਰੀਬ ਕਮਾਦ ਸੜ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਸ਼ਫੀ ਮੁਹੰਮਦ ਪੁੱਤਰ ਸਾਬਰ ਨਾਮੀ ਗੁੱਜਰ ਦਾ ਪਿੰਡ ਕਾਲਾ ਬੱਕਰਾ ਨੇੜੇ ਡੇਰਾ ਹੈ। ਇਸ ਗੁੱਜਰ ਪਰਿਵਾਰ ਵੱਲੋਂ 60 ਖੇਤਾਂ ਦੀ ਪਰਾਲੀ ਇਕੱਠੀ ਕੀਤੀ ਗਈ ਸੀ।
ਅੱਜ ਸ਼ਾਮ ਇਸ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆਂ-ਦੇਖਦਿਆਂ ਅੱਗ ਦੀਆਂ ਵੱਡੀਆਂ ਲਪਟਾਂ ਇਸ ਪਰਾਲੀ ਦੇ ਢੇਰਾਂ ਵਿਚੋਂ ਨਿਕਲਣ ਲੱਗੀਆਂ। ਅੱਗ ਲੱਗਣ ਦਾ ਰੋਲਾ ਪੈਣ ਕਾਰਨ ਭਾਰੀ ਗਿਣਤੀ ਵਿਚ ਲੋਕ ਇਸ ਡੇਰੇ ਨੇੜੇ ਇਕੱਠੇ ਹੋਣ ਲੱਗੇ। ਲੋਕਾਂ ਵੱਲੋਂ ਅੱਗ ਦੀ ਇਸ ਘਟਨਾ ਸਬੰਧੀ ਥਾਣਾ ਭੋਗਪੁਰ ਅਤੇ ਫਾਇਰ ਬ੍ਰਿਗੇਡ ਦਫਤਰ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੋਗਪੁਰ ਮੁਖੀ ਮਨਜੀਤ ਸਿੰਘ ਘਟਨਾ ਸਥਾਨ 'ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ 'ਤੇ ਪੁੱਜੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਮੁਸ਼ਕਿਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀ ਲੱਗ ਸਕਿਆ ਹੈ। ਇਸ ਅੱਗ ਕਾਰਨ ਡੇਰੇ ਨੇੜਲੇ ਕਮਾਦ ਨੂੰ ਵੀ ਕੁਝ ਨੁਕਸਾਨ ਪੁੱਜਾ ਹੈ, ਇਹ ਕਮਾਦ ਦਾ ਖੇਤ ਮਲਕੀਤ ਸਿੰਘ ਲਾਲੀ ਪੁੱਤਰ ਪੰਦਨ ਸਿੰਘ ਵਾਸੀ ਨਿਜਾਮਦੀਨਪੁਰ ਦਾ ਸੀ। ਅੱਗ ਕਾਰਨ ਤਿੰਨ ਕਨਾਲ ਦੇ ਕਰੀਬ ਕਮਾਦ ਵੀ ਸੜ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Deepak Kumar

This news is Content Editor Deepak Kumar